ਭਾਰਤਮਾਲਾ ਪਰਿਯੋਜਨਾ 'ਚ 13 ਸੜਕੀ ਪ੍ਰਾਜੈਕਟ ਸ਼ਾਮਲ ਹੋਣ : ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 7 ਸੜਕੀ ਪ੍ਰਾਜੈਕਟਾਂ ਨੂੰ ਕੌਮੀ ਰਾਜ ਮਾਰਗ ਐਲਾਨਣ ਤੋਂ ਇਲਾਵਾ ਸੂਬੇ ਭਰੇ ਦੇ 13 ਸੜਕੀ ਪ੍ਰੋਜੈਕਟਾਂ ਨੂੰ ...
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 7 ਸੜਕੀ ਪ੍ਰਾਜੈਕਟਾਂ ਨੂੰ ਕੌਮੀ ਰਾਜ ਮਾਰਗ ਐਲਾਨਣ ਤੋਂ ਇਲਾਵਾ ਸੂਬੇ ਭਰੇ ਦੇ 13 ਸੜਕੀ ਪ੍ਰੋਜੈਕਟਾਂ ਨੂੰ ਭਾਰਤਮਾਲਾ ਪਰਿਯੋਜਨਾ ਵਿਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਸੜਕੀ ਟਰਾਂਸਪੋਰਟ, ਹਾਈਵੇਜ਼ ਅਤੇ ਸ਼ਿਪਿੰਗ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਇਕ ਪੱਤਰ ਲਿਖ ਕੇ ਇਸ ਸਬੰਧੀ ਉਨ੍ਹਾਂ ਦੇ ਦਖ਼ਲ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਨੂੰ ਵਧੀਆ ਸੜਕੀ ਸੰਪਰਕ ਉਪਲਬੱਧ ਹੋਣ ਤੋਂ ਇਲਾਵਾ ਉਨ੍ਹਾਂ ਨੂੰ ਬਿਨਾਂ ਕਿਸੇ ਅੜਚਨ ਦੇ ਆਉਣ-ਜਾਉਣ ਦੀ ਸੁਵਿਧਾ ਮਿਲ ਸਕੇ। ਇਹ 13 ਸੜਕੀ ਪ੍ਰੋਜੈਕਟ 436.48 ਕਿਲੋਮੀਟਰ ਲੰਮੇ ਅਤੇ 1737.20 ਕਰੋੜ ਰੁਪਏ ਦੀ ਲਾਗਤ ਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਲਿਖੇ ਆਪਣੇ ਪੱਤਰ ਵਿਚ ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਦਾ ਸੰਪਰਕ 800 ਕਰੋੜ ਰੁਪਏ ਦੀ ਲਾਗਤ ਨਾਲ ਆਰਥਿਕ ਗਲਿਆਰੇ ਨਾਲ ਜੋੜਨ ਦਾ ਵੀ ਮੁੱਦਾ ਉਠਾਇਆ।
ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਬਾਈਪਾਸ ਨੇੜੇਓ ਸ਼ੁਰੂ ਹੁੰਦੇ ਜੰਕਸ਼ਨ ਵਿਚ ਵੀ ਸੁਧਾਰ ਲਿਆਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਵਾਸਤੇ 25 ਕਰੋੜ ਰੁਪਏ ਦੀ ਲਾਗਤ ਨਾਲ ਇਕ ਫਲਾਈਓਵਰ ਦੇ ਨਿਰਮਾਣ ਦੀ ਮੰਗ ਕੀਤੀ ਹੈ, ਤਾਂ ਜੋ ਆਵਾਜਾਈ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ 60 ਕਰੋੜ ਦੀ ਲਾਗਤ ਨਾਲ ਐਨ ਐਚ-64 ਕੌਮੀ ਮਾਰਗ ਦੇ ਸੈਕਸ਼ਨ ਨੂੰ ਵੀ ਮਜ਼ਬੂਤ ਬਣਾਉਣ ਦੀ ਵੀ ਮੰਗ ਉਠਾਈ ਹੈ। ਮੁੱਖ ਮੰਤਰੀ ਨੇ ਸੂਬੇ ਵਿਚ ਨੈਸ਼ਨਲ ਹਾਈ ਵੇਜ਼ ਦੇ ਚਾਰ ਮਾਰਗੀ ਪ੍ਰਾਜੈਕਟ ਲਾਗੂ ਕਰਨ ਦਾ ਕੰਮ ਪੀ.ਡਬਲਯੂ.ਡੀ ਨੂੰ ਦਿਤੇ ਜਾਣ ਦੀ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਹੈ ਕਿਉਂਕਿ ਇਸ ਕੰਮ ਵਿਚ ਇਸ ਦਾ ਲੋੜੀਂਦਾ ਤਜਰਬਾ ਹੈ।