ਇਕ ਦਿਨ 'ਚ 5 ਕਿਸਾਨਾਂ ਦੀ ਖ਼ੁਦਕੁਸ਼ੀ ਕਾਂਗਰਸ ਦੀ ਜਾਅਲੀ ਕਰਜ਼ਾ ਮਾਫ਼ੀ ਦਾ ਪਰਦਾਫ਼ਾਸ਼ ਕਰਦੀ ਹੈ:ਅਕਾਲੀ ਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਇਕ ਦਿਨ ਵਿਚ 5 ਕਿਸਾਨਾਂ ਵਲੋਂ ਕੀਤੀ ਖ਼ੁਦਕੁਸ਼ੀ ਨੇ ਨਾ ਸਿਰਫ਼ ਕਾਂਗਰਸ ਸਰਕਾਰ ਦੀ ਜਾਅਲੀ ਕਰਜ਼ਾ ਮਾਫ਼ੀ ਸਕੀਮ ਦਾ...

Bikram Singh Majithia

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਇਕ ਦਿਨ ਵਿਚ 5 ਕਿਸਾਨਾਂ ਵਲੋਂ ਕੀਤੀ ਖ਼ੁਦਕੁਸ਼ੀ ਨੇ ਨਾ ਸਿਰਫ਼ ਕਾਂਗਰਸ ਸਰਕਾਰ ਦੀ ਜਾਅਲੀ ਕਰਜ਼ਾ ਮਾਫ਼ੀ ਸਕੀਮ ਦਾ ਪਰਦਾਫਾਸ਼ ਕਰ ਦਿਤਾ ਹੈ, ਸਗੋਂ ਇਹ ਗੱਲ ਵੀ ਜੱਗ ਜਾਹਰ ਕਰ ਦਿਤੀ ਹੈ ਕਿ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੀਤੀ ਜਾ ਰਹੀ ਕੁਰਕੀ ਉਨ੍ਹਾਂ ਨੂੰ ਆਤਮਘਾਤ ਦੇ ਰਾਹ ਵਲ ਧੱਕ ਰਹੀ ਹੈ। ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਤੱਥ ਇਹ ਹੈ ਕਿ ਪੰਜ ਕਿਸਾਨਾਂ ਵਲੋਂ ਕੀਤੀ ਖ਼ੁਦਕੁਸ਼ੀ ਨੇ ਕਾਂਗਰਸ ਸਰਕਾਰ ਵਲੋਂ ਅਪਣੀ ਕਰਜ਼ਾ ਮਾਫ਼ੀ ਸਕੀਮ ਦੀ ਕਾਮਯਾਬੀ ਬਾਰੇ ਕੀਤੇ ਝੂਠੇ ਦਾਅਵਿਆਂ ਦੀ ਪੋਲ ਖੋਲ੍ਹ ਦਿਤੀ ਹੈ। ਉਨ੍ਹਾਂ ਕਿਹਾ ਕਿ ਤੱਥ ਦਸਦੇ ਹਨ ਕਿ ਬਠਿੰਡਾ (ਜਿੱਥੇ ਚਾਰ ਕਿਸਾਨਾਂ ਨੇ ਖੁਦਕੁਸ਼ੀ ਕੀਤੀ) ਅਤੇ ਸੰਗਰੂਰ (ਜਿੱਥੇ ਇਕ ਕਿਸਾਨ ਨੇ ਖ਼ੁਦਕੁਸ਼ੀ ਕੀਤੀ) ਵਰਗੇ ਜ਼ਿਲ੍ਹਿਆਂ ਵਿਚ ਜਿਥੇ ਕਾਂਗਰਸ ਸਰਕਾਰ ਨੇ ਅਪਣੀ ਜਾਅਲੀ ਕਰਜ਼ਾ ਸਕੀਮ ਲਾਗੂ ਕੀਤੀ ਸੀ, ਉਥੇ ਵਧੇਰੇ ਖੁਦਕੁਸ਼ੀਆਂ ਹੋ ਰਹੀਆਂ ਹਨ।

ਉਹਨਾਂ ਕਿਹਾ ਕਿ ਇਹਨਾਂ ਜ਼ਿਲ੍ਹਿਆਂ ਵਿਚ ਪਿਛਲੇ ਕੁੱਝ ਮਹੀਨਿਆਂ ਦੌਰਾਨ ਖੁਦਕੁਸ਼ੀਆਂ ਵਿਚ ਕਾਫ਼ੀ ਵਾਧਾ ਹੋਇਆ ਹੈ। ਕਾਂਗਰਸ ਸਰਕਾਰ ਦੇ ਇਕ ਸਾਲ ਤੋਂ ਥੋੜੇ ਜਿਹੇ ਵੱਧ ਦੇ ਕਾਰਜਕਾਲ ਦੌਰਾਨ 450 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸਹਿਕਾਰਤਾ ਵਿਭਾਗ ਵਲੋਂ 2 ਤੋਂ 5 ਲੱਖ ਰੁਪਏ ਤਕ ਦੇ ਕਰਜ਼ਈ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਸ਼ੁਰੂ ਕੀਤੇ ਜਾਣ ਕਰ ਕੇ ਵੀ ਖ਼ੁਦਕੁਸ਼ੀਆਂ ਦੀ ਦਰ ਵਿਚ ਵਾਧਾ ਹੋ ਰਿਹਾ ਹੈ। ਸਹਿਕਾਰਤਾ ਵਿਭਾਗ ਸ਼ਰੇਆਮ ਛੋਟੇ ਕਿਸਾਨਾਂ ਤੋਂ ਉਗਰਾਹੀ ਲਈ ਹਰ ਹੀਲਾ ਵਰਤ ਰਿਹਾ ਹੈ, ਜਿਸ ਕਰ ਕੇ ਉਹ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਰਹੇ ਹਨ।