ਸਵੱਛ ਸਰਵੇਖਣ 'ਚ ਮੂਨਕ ਤੇ ਭਾਦਸੋਂ ਨੇ ਮਾਰੀ ਬਾਜ਼ੀ
ਇਹ ਪੰਜਾਬ ਲਈ ਇਕ ਇਤਿਹਾਸਿਕ ਪਲ ਹੈ ਜਦੋਂ ਉਸ ਦੇ ਦੋ ਸ਼ਹਿਰਾਂ ਨੇ ਸਫ਼ਾਈ ਮਾਪਦੰਡਾਂ ਦੇ ਮਾਮਲੇ ਵਿੱਚ ਕੌਮੀ ਪੱਧਰ ਉਤੇ ਬਾਜੀ ਮਾਰੀ ਹੈ। ਪਟਿਆਲਾ ਖੇਤਰ...
ਚੰਡੀਗੜ੍ਹ 17 ਮਈ : ਇਹ ਪੰਜਾਬ ਲਈ ਇਕ ਇਤਿਹਾਸਿਕ ਪਲ ਹੈ ਜਦੋਂ ਉਸ ਦੇ ਦੋ ਸ਼ਹਿਰਾਂ ਨੇ ਸਫ਼ਾਈ ਮਾਪਦੰਡਾਂ ਦੇ ਮਾਮਲੇ ਵਿੱਚ ਕੌਮੀ ਪੱਧਰ ਉਤੇ ਬਾਜੀ ਮਾਰੀ ਹੈ। ਪਟਿਆਲਾ ਖੇਤਰ ਦੇ ਸ਼ਹਿਰ ਭਾਦਸੋਂ ਨੂੰ 1 ਲੱਖ ਤੋਂ ਹੇਠਲੀ ਆਬਾਦੀ ਦੇ ਸ਼ਹਿਰਾਂ ਪੱਖੋਂ ਉੱਤਰੀ ਭਾਰਤ ਦਾ ਸੱਭ ਤੋਂ ਸਾਫ਼ ਸ਼ਹਿਰ ਐਲਾਨਿਆ ਗਿਆ ਹੈ। ਪੰਜਾਬ ਦੇ ਹੀ ਇਕ ਹੋਰ ਸ਼ਹਿਰ ਮੂਨਕ ਨੂੰ ਸਿਟੀਜ਼ਨ ਫੀਡਬੈਕ ਭਾਵ ਲੋਕਾਂ ਦੀ ਰਾਇ ਪਖੋਂ ਉੱਤਰੀ ਭਾਰਤ ਦਾ ਸਰਵੋਤਮ ਸ਼ਹਿਰ ਐਲਾਨਿਆ ਗਿਆ ਹੈ। ਉੱਤਰੀ ਜ਼ੋਨ ਵਿਚ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਦਿੱਲੀ ਸ਼ਾਮਲ ਹਨ।
ਇਹ ਧਿਆਨ ਦੇਣ ਯੋਗ ਹੈ ਕਿ ਭਾਰਤ ਸਰਕਾਰ ਨੇ ਸਵੱਛ ਸਰਵੇਖਣ-2018 ਜੋ ਕਿ ਕੇਂਦਰੀ ਸਿਹਤ ਅਤੇ ਸ਼ਹਿਰੀ ਮਾਮਲੇ ਦੇ ਮੰਤਰਾਲਿਆਂ ਵਲੋਂ ਕਰਵਾਇਆ ਗਿਆ ਸੀ, ਦੇ ਨਤੀਜੇ ਐਲਾਨ ਦਿਤੇ ਹਨ। ਬੀਤੇ ਸਾਲ ਸਵੱਛ ਸਰਵੇਖਣ ਭਾਰਤ ਭਰ ਦੇ 1 ਲੱਖ ਜਾਂ ਉਸ ਤੋਂ ਵੱਧ ਆਬਾਦੀ ਵਾਲੇ 434 ਸ਼ਹਿਰਾਂ ਵਿਚ ਕਰਵਾਇਆ ਗਿਆ ਸੀ। ਇਸ ਸਰਵੇਖਣ ਵਿਚ ਹਿੱਸਾ ਲੈਣ ਵਾਲੇ ਪੰਜਾਬ ਦੇ 16 ਸ਼ਹਿਰਾਂ ਵਿਚੋਂ ਮੋਹਾਲੀ ਨੂੰ 121ਵਾਂ ਸਥਾਨ ਹਾਸਲ ਹੋਇਆ ਜਦੋਂ ਕਿ ਬਾਕੀ ਕੁਝ ਹੋਰ ਸ਼ਹਿਰਾਂ ਦੀ ਕਾਰਗੁਜ਼ਾਰੀ ਤਸੱਲੀਬਖਸ਼ ਨਹੀਂ ਰਹੀ।
ਸਵੱਛ ਸਰਵੇਖਣ 2018 ਵਿਚ ਭਾਰਤ ਭਰ ਦੇ 4203 ਸ਼ਹਿਰਾਂ ਨੂੰ ਸੇਵਾਵਾਂ ਦੇ ਪੱਧਰ ਉਤੇ ਕੀਤੀ ਕਾਰਗੁਜ਼ਾਰੀ, ਲੋਕਾਂ ਦੁਆਰਾ ਪ੍ਰਗਟਾਈ ਰਾਇ ਅਤੇ ਸਿੱਧੇ ਤੌਰ 'ਤੇ ਪਰਖ ਕਰਨ ਦੇ 3 ਮਾਪਦੰਡਾਂ ਪਖੋਂ ਜਾਂਚਿਆ ਗਿਆ ਸੀ। ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੂਬੇ ਦੀ ਇਸ ਸ਼ਾਨਦਾਰ ਕਾਮਯਾਬੀ ਲਈ ਵਿਭਾਗ ਦੇ ਅਫ਼ਸਰਾਂ ਖਾਸ ਕਰ ਕੇ ਪ੍ਰਮੁੱਖ ਸਕੱਤਰ ਸ੍ਰੀ ਏ.ਵੇਣੂੰ ਪ੍ਰਸਾਦ ਅਤੇ ਮਿਸ਼ਨ ਡਾਇਰੈਕਟਰ ਸੀ੍ਰ ਅਜੋਏ ਸ਼ਰਮਾ ਨੂੰ ਵਧਾਈ ਦਿਤੀ ਹੈ।
ਸਥਾਨਕ ਸਰਕਾਰ ਵਿਭਾਗ ਦੇ ਮੁਖ ਸਕੱਤਰ ਸ੍ਰੀ ਏ. ਵੇਣੂੰ ਪ੍ਰਸਾਦ ਨੇ ਕਿਹਾ ਕਿ ਇਹ ਕਾਮਯਾਬੀ ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਭਰ ਵਿਚ ਸਫ਼ਾਈ ਅਤੇ ਸਵੱਛ ਭਾਰਤ ਮਿਸ਼ਨ ਨੂੰ ਦਿਤੀ ਗਈ ਤਰਜੀਹ ਅਤੇ ਪੰਜਾਬ ਨੂੰ ਸਾਫ਼ ਤੇ ਹਰਿਆਵਲ ਭਰਪੂਰ ਬਣਾਉਣ ਪਖੋਂ ਦਿਤੀ ਅਗਵਾਈ ਦਾ ਸਿੱਟਾ ਹੈ। ਉਨ੍ਹਾਂ ਇਸ ਪ੍ਰਾਪਤੀ ਲਈ ਭਾਦਸੋਂ ਅਤੇ ਮੂਣਕ ਸ਼ਹਿਰਾਂ ਦੀ ਸ਼ਲਾਘਾ ਕਰਦੇ ਹੋਏ ਇਹ ਉਮੀਦ ਜ਼ਾਹਰ ਕੀਤੀ ਕਿ ਜਦੋਂ ਆਉਣ ਵਾਲੇ ਦਿਨਾਂ ਵਿਚ ਸਮੁੱਚੇ ਸ਼ਹਿਰਾਂ ਦੀ ਦਰਜਾਬੰਦੀ ਨਸ਼ਰ ਹੋ ਜਾਵੇਗੀ ਤਾਂ ਪੰਜਾਬ ਦੇ ਹੋਰ ਸ਼ਹਿਰ ਵੀ ਉੱਤਰੀ ਜ਼ੋਨ ਵਿੱਚ ਉੱਚ ਸਥਾਨ ਹਾਸਲ ਕਰਨ ਵਾਲੇ ਸ਼ਹਿਰਾਂ ਵਿਚ ਸ਼ੁਮਾਰ ਹੋ ਜਾਣਗੇ।
ਉਨ੍ਹਾਂ ਅੱਗੇ ਕਿਹਾ ਕਿ ਇਹ ਸ਼ਾਨਦਾਰ ਨਤੀਜੇ ਲੋਕਾਂ ਵਲੋਂ ਸਫ਼ਾਈ ਦੇ ਉੱਚ ਮਾਪਦੰਡਾਂ ਨੂੰ ਅਪਣਾਉਣ ਸਬੰਧੀ ਜਾਗਰੂਕ ਹੋਣ ਅਤੇ ਸਵੱਛ ਭਾਰਤ ਮਿਸ਼ਨ ਨੂੰ ਅਪਣਾ ਕੇ ਸ਼ਹਿਰੀ ਸਥਾਨਕ ਸਰਕਾਰਾਂ ਦੇ ਪੱਧਰ ਉੱਤੇ ਸੂਬੇ ਦੇ ਸ਼ਹਿਰਾਂ ਨੂੰ ਕੂੜਾ ਕਰਕਟ ਤੋਂ ਮੁਕਤ ਬਣਾਉਣ ਦੀ ਸ਼ਾਹਦੀ ਭਰਦੇ ਹਨ। ਉਨ੍ਹਾਂ ਨੇ ਭਾਰਤ ਸਰਕਾਰ ਵਲੋਂ ਹਾਲ ਹੀ ਵਿਚ ਸ਼ੁਰੂ ਕੀਤੀ 'ਸਟਾਰ ਰੇਟਿੰਗ ਆਫ਼ ਸਿਟੀਜ਼' ਸਕੀਮ ਬਾਰੇ ਵੀ ਚਾਨਣਾ ਪਾਇਆ ਜਿਸ ਤਹਿਤ ਸਫ਼ਾਈ ਅਤੇ ਸਵੱਛ ਭਾਰਤ ਮਿਸ਼ਨ ਦੇ ਮਾਪਦੰਡਾ ਉਤੇ ਮੁਲਕ ਭਰ ਦੇ ਸ਼ਹਿਰਾਂ ਨੂੰ 1 ਤੋਂ 7 ਦੇ ਪੈਮਾਨੇ ਉੱਤੇ ਦਰਜਾਬੰਦੀ ਦਿਤੀ ਜਾਵੇਗੀ।