ਸੜਕ 'ਚ ਪਏ ਡੂੰਘੇ ਖੰਡਿਆਂ ਕਾਰਨ ਵਾਪਰ ਰਹੇ ਹਾਦਸਿਆ ਲਈ ਲੋਕਾਂ ਨੇ ਸੜਕ ਮੁਰੰਮਤ ਦੀ ਕੀਤੀ ਮੰਗ
ਮੋਰਿੰਡਾ ਦੇ ਪੁਰਾਣੇ ਨੈਸ਼ਨਲ ਹਾਈਵੇਅ ਐਨ 95 ਲੁਧਿਆਣਾ-ਚੰਡੀਗੜ੍ਹ ਰੋਡ ਦੇ ਨਾਲ ਨਾਲ ਗੁਰਦੁਆਰਾ ਸਹੀਦ ਗੰਜ...
ਮੋਰਿੰਡਾ, 17 ਮਈ (ਮੋਹਨ ਸਿੰਘ ਅਰੋੜਾ) ਮੋਰਿੰਡਾ ਦੇ ਪੁਰਾਣੇ ਨੈਸ਼ਨਲ ਹਾਈਵੇਅ ਐਨ 95 ਲੁਧਿਆਣਾ-ਚੰਡੀਗੜ੍ਹ ਰੋਡ ਦੇ ਨਾਲ ਨਾਲ ਗੁਰਦੁਆਰਾ ਸਹੀਦ ਗੰਜ ਮੋਰਿੰਡਾ ਤੋਂ ਲੈ ਕੇ ਵਿਸਵਕਰਮਾ ਚੌਂਕ ਤਕ ਸਿਵਰਜ਼ ਬੋਰਡ ਵਲੋਂ ਗੰਦੇ ਪਾਣੀ ਵਾਲਾ ਸਿਵਰਜ਼ ਪਾਉਣ ਉਪਰੰਤ ਬਣਾਈ ਗਈ ਸੜਕ ਥਾਂ-ਥਾਂ ਤੋਂ ਦੱਬਣ ਕਾਰਨ ਇਸ ਵਿਚ ਡੁੰਘੇ-ਡੂੰਘੇ ਖੰਡੇ ਪੈਣ 'ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੋਰਿੰਡਾ ਸ਼ਹਿਰ ਦੇ ਗੰਦੇ ਪਾਣੀ ਦੇ ਨਿਕਾਸੀ ਲਈ ਨਗਰ ਕੌਂਸਲ ਵਲੋਂ ਕੀਤੀ ਗਈ ਮੰਗ ਤੇ ਪਿਛਲੇ ਕਈ ਮਹੀਨਿਆਂ ਤੋਂ ਸੜਕ ਦੇ ਨਾਲ ਨਾਲ ਸਿਵਰਜ਼ ਬੋਰਡ ਵਲੋਂ ਪਾਇਪਾ ਪਾ ਕੇ ਉਸ ਉਪਰ ਸੜਕ ਬਣਾ ਦਿੱਤੀ ਪ੍ਰੰਤੂ ਥੋੜੇ ਸਮੇ ਵਿਚ ਸੜਕ ਦੱਬਣ ਕਾਰਨ ਵੱਡੇ ਵੱਡੇ ਖੰਡੇ ਪੈ ਗਏ ਜਿਸ ਕਾਰਨ ਜਿਥੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ ਉਥੇ ਹੀ ਜਾਨੀ ਨੁਕਸਾਨ ਹੋਣ ਦਾ ਵੀ ਡਰ ਬਣਿਆ ਹੋਇਆ ਹੈ।
ਪੰਜਾਬ ਦੀ ਨੰਬਰ ਇਕ ਗੰਨਾਂ ਮਿਲ ਮੋਰਿੰਡਾ ਵਿਚ ਖਾਸ ਕਰਕੇ ਇਲਾਕੇ ਦੇ ਕਿਸਾਨ ਅਪਣੇ ਗੰਨੇ ਦੀਆਂ ਭਰੀਆਂ ਟਰਾਲੀਆਂ ਇਸੇ ਸੜਕ ਤੋਂ ਸੂਗਰ ਮਿਲ ਵਿਚ ਲੈ ਕੇ ਆਉਦੇ ਹਨ ਜਦਕਿ ਰੂਪਨਗਰ, ਕੁਰਾਲੀ ,ਚੰਡੀਗੜ੍ਹ ਨੂੰ ਜਾਣ ਲਈ ਭਾਰੀ ਵਾਹਨ ਵੀ ਇਸ ਰੋਡ ਤੋਂ ਗੁਜਰਦੇ ਨੇ।
ਕਈ ਵਾਹਨ ਤਾਂ ਡੂੰਘੇ ਖੰਡਿਆ ਵਿਚ ਉਛਲ ਕੇ ਪਲਟ ਗਏ ਜਿਸ ਨਾਲ ਵਾਹਨਾਂ ਨੂੰ ਭਾਰੀ ਨੁਕਸਾਨ ਹੋਇਆ। ਇਸੇ ਤਰ੍ਹਾਂ ਰੇਲਵੇ ਫਾਟਕ ਅਤੇ ਸਿਨਮਾ ਘਰ ਦੇ ਅੱਗੇ ਡੂੰਘੇ-ਡੂੰਘੇ ਖੰਡੇ ਪਏ ਹੋਏ ਹਨ ਜਿਸ ਨਾਲ ਲੋਕਾਂ ਦੇ ਵਾਹਨਾਂ ਦਾ ਨੁਕਸਾਨ ਹੋ ਰਿਹਾ ਹੈ।
ਇਸ ਸੰਬੰਧੀ ਬਲਵਿੰਦਰ ਸਿੰਘ ਬਾਜਵਾ, ਕੌਂਸਲਰ ਜਗਪਾਲ ਸਿੰਘ ਜੋਲੀ, ਸਮਾਜ ਜਾਗਰਤੀ ਕਲੱਬ ਦੇ ਪ੍ਰਧਾਨ ਪੰਕਜ ਪਟੇਲਾ, ਮੁਕਲ ਟੋਨੀ, ਸੁਖਦੀਪ ਸਿੰਘ ਭੰਗੂ, ਜਤਿੰਦਰ ਗੂੰਬਰ, ਯੂਥ ਬ੍ਰਾਮਣ ਸਭਾ ਮੋਰਿੰਡਾ ਦੇ ਪ੍ਰਧਾਨ ਨੀਰਜ ਸ਼ਰਮਾ ਨੇ ਜਿਲਾਂ ਰੋਪੜ ਦੇ ਡਿਪਟੀ ਕਮਿਸ਼ਨਰ ਤੋਂ ਜੋਰਦਾਰ ਮੰਗ ਕੀਤੀ ਕਿ ਸੜਕ ਤੇ ਪਏ ਖੰਡਿਆਂ ਨੂੰ ਬੰਦ ਕਰਵਾ ਕੇ ਸਿਵਰਜ਼ ਪਾਉਣ ਉਪਰੰਤ ਬਣਾਈ ਸੜਕ ਦੀ ਮੁਰੰਮਤ ਪਹਿਲ ਦੇ ਅਧਾਰ ਤੇ ਕਰਵਾਈ ਜਾਵੇ ਤਾਂ ਜੋ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਸਕੇ।