ਸੂਬੇ ਨੂੰ 'ਫ਼ੂਡ ਪ੍ਰੋਸੈਸਿੰਗ ਹੱਬ' ਵਜੋਂ ਵਿਕਸਤ ਕੀਤਾ ਜਾਵੇਗਾ : ਸਨਅਤ ਅਤੇ ਵਣਜ ਮੰਤਰੀ
ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ ਸੂਬੇ ਵਿਚ ਉਦਯੋਗਾਂ ਲਈ ਦਿਨੋ-ਦਿਨ ਮਜ਼ਬੂਤ ...
ਲੁਧਿਆਣਾ, ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ ਸੂਬੇ ਵਿਚ ਉਦਯੋਗਾਂ ਲਈ ਦਿਨੋ-ਦਿਨ ਮਜ਼ਬੂਤ ਹੁੰਦੇ ਜਾ ਰਹੇ ਬੁਨਿਆਦੀ ਢਾਂਚੇ ਅਤੇ ਵਧ ਰਹੀਆਂ ਸੰਭਾਵਨਾਵਾਂ ਦੇ ਚਲਦਿਆਂ ਪੰਜਾਬ ਨੂੰ 'ਫੂਡ ਪ੍ਰੋਸੈਸਿੰਗ ਹੱਬ' ਵਜੋਂ ਵਿਕਸਤ ਕੀਤਾ ਜਾਵੇਗਾ।
ਅੱਜ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕੰਨਫੈੱਡਰੇਸ਼ਨ ਆਫ਼ ਇੰਡੀਅਨ ਇੰਡਸਟਰੀਜ਼ (ਸੀ. ਆਈ. ਆਈ.) ਅਤੇ ਪੰਜਾਬ ਖੇਤੀਬਾੜੀ ਯੂਨੀਵਰਸਟੀ ਦੀ ਭਾਈਵਾਲੀ ਨਾਲ ਆਯੋਜਿਤ ਕੀਤੇ ਗਏ ਪਹਿਲੇ 'ਪੰਜਾਬ ਐਗਰੀ ਐਂਡ ਫੂਡ ਕਨਕਲੇਵ' ਨੂੰ ਸੰਬੋਧਨ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਲਈ ਚੁਸਤ-ਦਰੁਸਤ ਮਜ਼ਬੂਤ ਬੁਨਿਆਦੀ ਢਾਂਚਾ ਮੁਹੱਈਆ ਕਰਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਸੂਬੇ ਵਿਚ ਤਿੰਨ ਮੈਗਾ ਫ਼ੂਡ ਪਾਰਕਾਂ (ਲਾਡੋਵਾਲ ਫੂਡ ਪਾਰਕ ਲੁਧਿਆਣਾ,
ਸੁਖਜੀਤ ਮੈਗਾ ਫੂਡ ਪਾਰਕ ਫਗਵਾੜਾ ਅਤੇ ਇੰਟਰਨੈਸ਼ਨਲ ਮੈਗਾ ਫੂਡ ਪਾਰਕ ਫਾਜ਼ਿਲਕਾ) ਸਥਾਪਤ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਅੰਮ੍ਰਿਤਸਰ-ਕੋਲਕਾਤਾ ਇੰਡਸਟਰੀਅਲ ਕੋਰੀਡੋਰ ਤਹਿਤ ਸੂਬੇ ਵਿੱਚ ਦੋ ਮੈਨੂੰਫੈਕਚਰਿੰਗ ਕਲੱਸਟਰ ਸਥਾਪਤ ਕੀਤੇ ਜਾਣਗੇ। ਜਿਨ੍ਹਾਂ ਵਿੱਚ ਲੁਧਿਆਣਾ ਵਿਖੇ 'ਉੱਚ ਤਕਨੀਕ
ਮੈਨੂੰਫੈਕਚਰਿੰਗ ਕਲੱਸਟਰ' ਅਤੇ ਰਾਜਪੁਰਾ (ਪਟਿਆਲਾ) ਵਿਖੇ 'ਇੰਟੈਗਰੇਟਿਡ ਮੈਨੂੰਫੈਕਚਰਿੰਗ ਕਲੱਸਟਰ' ਸਥਾਪਤ ਕਰਨਾ ਸ਼ਾਮਲ ਹੈ। ਇਸ ਮੌਕੇ 25 ਨਿਵੇਸ਼ਕਾਂ ਵਲੋਂ ਪੰਜਾਬ ਸਰਕਾਰ ਨਾਲ ਸੂਬੇ ਵਿੱਚ 70 ਕਰੋੜ ਰੁਪਏ ਦੇ ਨਿਵੇਸ਼ ਦੇ ਸਮਝੌਤੇ ਸਹੀਬੱਧ ਕੀਤੇ ਗਏ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੀ ਇੱਕ ਸਮਝੌਤਾ ਕੀਤਾ ਗਿਆ, ਜਿਸ ਤਹਿਤ ਯੂਨੀਵਰਸਿਟੀ ਵਿਖੇ 15 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਗਏ ਫੂਡ ਪ੍ਰੋਸੈਸਿੰਗ ਯੂਨਿਟ (ਪ੍ਰਫੁੱਲਿਤ ਕੇਂਦਰ) ਰਾਹੀਂ ਤਕਨੀਕ ਦਾ ਵਿਕਾਸ ਕੀਤਾ ਜਾਵੇਗਾ। ਯੂਨੀਵਰਸਿਟੀ ਨੇ ਤਕਨੀਕੀ ਵਿਕਾਸ ਨੂੰ ਮੂਹਰੇ ਰੱਖਦਿਆਂ ਫੂਡ ਇੰਡਸਟਰੀਜ਼ ਲਈ 50 ਫੀਸਦੀ ਛੋਟ ਦੇਣ ਦੀ ਪੇਸ਼ਕਸ਼ ਕੀਤੀ ਹੈ।