ਚੋਣ ਪ੍ਰਚਾਰ ਦੇ ਆਖਰੀ ਦਿਨ ਕੇਵਲ ਸਿੰਘ ਢਿੱਲੋਂ ਦਾ ਵਿਸ਼ਾਲ ਰੋਡ ਸ਼ੋਅ ਇਤਿਹਾਸਕ ਹੋ ਨਿਬੜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਸ਼ਾਲ ਰੋਡ ਸ਼ੋਅ ਵਿਚ ਹਜ਼ਾਰਾਂ ਇਲਾਕਾ ਨਿਵਾਸੀਆਂ ਨੇ ਕੀਤੀ ਸ਼ਮੂਲੀਅਤ

kewal Singh Dhillon

ਪੰਜਾਬ- ਚੋਣ ਪ੍ਰਚਾਰ ਦੇ ਆਖਰੀ ਦਿਨ, ਸੰਗਰੂਰ ਲੋਕ ਸਭਾ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਵਲੋਂ ਸੰਗਰੂਰ ਵਿਖੇ ਕੱਢਿਆ ਗਿਆ ਵਿਸ਼ਾਲ ਰੋਡ ਸ਼ੋਅ ਇਤਿਹਾਸਕ ਹੋ ਨਿਬੜਿਆ ਹੈ। ਇਸ ਵਿਸ਼ਾਲ ਰੋਡ ਸ਼ੋਅ ਨੇ ਜਿੱਥੇ ਵਿਰੋਧੀਆਂ ਦੀਆਂ ਜੜਾਂ ਹਿਲਾ ਕੇ ਰੱਖ ਦਿੱਤੀਆਂ ਹਨ, ਉੱਥੇ ਹੀ ਇਸ ਵਿਸ਼ਾਲ ਰੋਡ ਸ਼ੋਅ ਵਿਚ ਹਜ਼ਾਰਾਂ ਇਲਾਕਾ ਨਿਵਾਸੀਆਂ ਦੀ ਸ਼ਮੂਲੀਅਤ ਨੇ ਕੇਵਲ ਸਿੰਘ ਢਿੱਲੋਂ ਦੀ ਲੋਕ ਸਭਾ ਚੋਣਾਂ ਸੰਬੰਧੀ ਮੁਹਿੰਮ ਨੂੰ ਜ਼ੋਰਦਾਰ ਹੁੰਗਾਰਾ ਦਿੱਤਾ।

ਇਹ ਵਿਸ਼ਾਲ ਰੋਡ ਸ਼ੋਅ ਕਾਲੀ ਮਾਤਾ ਮੰਦਿਰ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ ਵਿਚੋਂ ਦੀ ਹੁੰਦਿਆਂ ਹੋਇਆ ਬੱਸ ਸਟੈਂਡ ਸੰਗਰੂਰ  ਵਿਖੇ ਸਮਾਪਤ ਹੋਇਆ। ਰੋਡ ਸ਼ੋਅ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਧੂਰੀ ਤੋਂ ਵਿਧਾਇਕ ਦਲਵੀਰ ਗੋਲਡੀ , ਹਲਕਾ ਇੰਚਾਰਜ ਦਿੜ੍ਹਬਾ ਅਜੈਬ ਰਤੋਲ  , ਸਾਬਕਾ ਸੰਗਰੂਰ ਤੋਂ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਅਤੇ ਵੱਖ ਵੱਖ ਅਹੁਦੇਦਾਰ ਆਗੂ ਮੌਜੂਦ ਸਨ।

ਇਸ ਵਿਸ਼ਾਲ ਰੋਡ ਸ਼ੋਅ 'ਚ ਹਲਕੇ ਦੇ ਕੋਨੇ-ਕੋਨੇ ਤੋਂ ਸਮਾਜ ਦੇ ਹਰ ਵਰਗ ਦੇ ਵੱਡੀ ਗਿਣਤੀ ਵਿੱਚ ਆਪ ਮੁਹਾਰੇ ਸ਼ਾਮਲ ਹੋਏ ਲੋਕਾਂ ਵਿੱਚ ਉਤਸ਼ਾਹ, ਜੋਸ਼ ਅਤੇ ਜਿੱਤ ਦਾ ਭਰੋਸਾ ਵੇਖਿਆ ਹੀ ਬਣਦਾ ਸੀ। ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਜ਼ੋਰ-ਜ਼ੋਰ ਨਾਲ ਨਾਅਰੇ ਲਗਾ ਰਹੇ ਲੋਕਾਂ ਦੇ ਚਿਹਰਿਆਂ ਤੋਂ ਸਪਸ਼ਟ ਝਲਕਦਾ ਸੀ ਕਿ ਉਹ ਆਪਣੇ ਧੁਰ ਅੰਦਰੋਂ ਕੇਵਲ ਸਿੰਘ ਢਿੱਲੋਂ ਦੀ ਜਿੱਤ ਲਈ ਪੂਰਾ ਤਾਣ ਲਗਾ ਰਹੇ ਹਨ।

ਇਲਾਕਾ ਨਿਵਾਸੀਆਂ ਨੇ ਇਸ ਰੋਡ ਸ਼ੋਅ ਦਾ ਘਰਾਂ, ਦੁਕਾਨਾਂ ਤੋਂ ਬਾਹਰ ਨਿਕਲ ਕੇ ਹੱਥ ਹਿਲਾ ਕੇ ਸਵਾਗਤ ਕੀਤਾ। ਰੋਡ ਸ਼ੋਅ ਦੀ ਅਗਵਾਈ ਕਾਰਾਂ-ਮੋਟਰਸਾਈਕਲ ਤੇ ਸਵਾਰ ਨੌਜਵਾਨ ਹੱਥਾਂ ਵਿੱਚ ਪਾਰਟੀ ਦੇ ਝੰਡੇ ਫੜ ਕੇ ਕਰ ਰਹੇ ਸਨ ਜਦੋਂ ਕਿ ਇੱਕ ਜੀਪ ਵਿੱਚ ਸਵਾਰ ਪਾਰਟੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਖੜ੍ਹੇ ਹੋ ਕੇ ਲੋਕਾਂ ਦਾ ਅਸ਼ੀਰਵਾਦ ਕਬੂਲ ਕਰ ਰਹੇ ਸਨ।

ਇਸ ਮੌਕੇ ਤੇ ਮੌਜੂਦ ਹਲਕਾ ਨਿਵਾਸੀਆਂ ਨੇ ਕਿਹਾ ਕਿ ਕੋਨੇ-ਕੋਨੇ ਤੋਂ ਸਮਾਜ ਦੇ ਹਰ ਵਰਗ ਦੇ ਵੱਡੀ ਗਿਣਤੀ ਵਿਚ ਆਏ ਲੋਕਾਂ ਨੇ ਕੇਵਲ ਸਿੰਘ ਢਿੱਲੋਂ ਦੀ ਜਿੱਤ ਵਿਚ ਭੋਰਾ ਵੀ ਸ਼ੱਕ ਨਹੀਂ ਰਹਿਣ ਦਿੱਤਾ। ਉਹਨਾਂ ਨੇ ਕਿਹਾ ਕਿ ਇਸ ਵਿਸ਼ਾਲ ਪੈਦਲ ਮਾਰਚ  ਨੇ ਕੇਵਲ ਸਿੰਘ ਢਿੱਲੋਂ ਦੀ ਜਿੱਤ ਨੂੰ ਯਕੀਨੀ ਬਣਾ ਦਿੱਤੀ ਹੈ। ਕੇਵਲ ਸਿੰਘ ਢਿਲੋਂ  ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਲੋਕਾਂ ਵਲੋਂ ਮਿਲ ਰਹੇ ਭਰਪੂਰ ਸਮਰਥਨ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

ਓਹਨਾ ਨੇ ਕਿਹਾ ਕਿ ਇਹ ਵਿਸ਼ਾਲ ਮਾਰਚ ਫ਼ਤਿਹ ਮਾਰਚ ਹੋ ਕੇ ਨਿੱਬੜੇਗਾ। ਉਹਨਾਂ ਨੇ ਕਿਹਾ ਕਿ ਆਉਣ ਵਾਲੀ 19 ਮਈ ਨੂੰ ਕਾਂਗਰਸ ਨੂੰ ਵੋਟਾਂ ਪਾਕੇ ਕਾਮਯਾਬ ਕਰੋ। ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਦੇਸ਼ ਭਰ ਵਿੱਚ ਖੁਸ਼ਹਾਲੀ ਦਾ ਆਗਾਜ਼ ਹੋਵੇਗਾ।