ਅਫ਼ਸਰਾਂ ’ਤੇ ਲਗਾਏ ਦੋਸ਼ ਸਾਬਤ ਕਰਨ ਜਾਂ ਫਿਰ ਮੁਆਫ਼ੀ ਮੰਗਣ ਕਾਂਗਰਸੀ ਵਜ਼ੀਰ :ਅਮਨ ਅਰੋੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਮਲਾ ਅਰਬਾਂ ਦੇ ਆਬਕਾਰੀ ਘਾਟੇ ਦਾ

File Photo

ਚੰਡੀਗੜ੍ਹ, 16 ਮਈ (ਨੀਲ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਸੂਬੇ ਦੇ ਕਾਂਗਰਸੀ ਵਜ਼ੀਰਾਂ ਅਤੇ ਵਿਧਾਇਕਾਂ ਨੂੰ ਚੁਣੌਤੀ ਦਿਤੀ ਹੈ ਕਿ ਉਨ੍ਹਾਂ ਵਲੋਂ ਆਬਕਾਰੀ ਮਾਲੀਆ ’ਚ 600 ਕਰੋੜ ਰੁਪਏ ਦੇ ਘਾਟੇ ਲਈ ਜਿਨ੍ਹਾਂ ਅਫ਼ਸਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਉਹ ਅਪਣੇ ਦੋਸ਼ ਸਾਬਤ ਕਰਨ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ’ਚ ਉਨ੍ਹਾਂ ਅਫ਼ਸਰਾਂ ਨੂੰ ਕਲੀਨ ਚਿੱਟ ਮਿਲ ਚੁੱਕੀ ਹੈ। 

ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਕਿਹਾ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਰਾਜਾ ਵੜਿੰਗ ਸਮੇਤ ਜਿਨ੍ਹਾਂ ਵਜ਼ੀਰਾਂ ਅਤੇ ਵਿਧਾਇਕਾਂ ਨੂੰ ਆਬਕਾਰੀ ਘਾਟੇ ਲਈ ਮੁੱਖ ਸਕੱਤਰ ਸਮੇਤ ਅਫ਼ਸਰਾਂ ਨੂੰ ਦੋਸ਼ੀ ਠਹਿਰਾਇਆ ਸੀ, ਉਹ ਦੋਸ਼ ਸਾਬਤ ਕਰਨ ਜਾਂ ਫਿਰ ਪੰਜਾਬ ਦੇ ਲੋਕਾਂ ਅਤੇ ਸਬੰਧਤ ਅਫ਼ਸਰਸ਼ਾਹੀ ਕੋਲੋਂ ਮੁਆਫ਼ੀ ਮੰਗਣ। ਅਰੋੜਾ ਨੇ ਕਿਹਾ ਕਿ ਵੱਡੇ ਵੱਡੇ ਦੋਸ਼ ਲਗਾਉਣ ਵਾਲੇ ਕਾਂਗਰਸੀ ਮੰਤਰੀ ਤੇ ਅਖੌਤੀ ਸਲਾਹਕਾਰ ਅਪਣੇ ਮੁੱਖ ਮੰਤਰੀ  ਕੋਲੋਂ ਇਹੋ ਸਪੱਸ਼ਟੀਕਰਨ ਲੈ ਲੈਣ ਕਿ ਜੇਕਰ ਆਬਕਾਰੀ ਘਾਟੇ ਲਈ ਅਫ਼ਸਰਸ਼ਾਹੀ ਜ਼ਿੰਮੇਵਾਰ ਨਹੀਂ ਹੈ ਤਾਂ ਫਿਰ ਕੌਣ ਹੈ?