ਪੰਜਾਬ ’ਚ ਕੋਰੋਨਾ ਦਾ ਕਹਿਰ ਘਟਣ ਲਗਿਆ, ਇਕੋ ਦਿਨ ’ਚ 952 ਮਰੀਜ਼ਾਂ ਨੂੰ ਹਸਪਤਾਲ ’ਚੋਂ ਛੁੱਟੀ ਦਿਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ’ਚ ਕੋਰੋਨਾ ਦਾ ਕਹਿਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਘਟਦਾ ਜਾ ਰਿਹਾ ਹੈ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਕਾਫ਼ੀ ਵਾਧਾ ਹੋਇਆ ਹੈ।

file photo

ਚੰਡੀਗੜ੍ਹ, 16 ਮਈ (ਗੁਰਉਪਦੇਸ਼ ਭੁੱਲਰ): ਪੰਜਾਬ ’ਚ ਕੋਰੋਨਾ ਦਾ ਕਹਿਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਘਟਦਾ ਜਾ ਰਿਹਾ ਹੈ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਕਾਫ਼ੀ ਵਾਧਾ ਹੋਇਆ ਹੈ। ਜਿਥੇ ਬੀਤੇ 24 ਘੰਟਿਆਂ ਦੌਰਾਨ 14 ਨਵੇਂ ਪਾਜ਼ੇਟਿਵ ਕੋਰੋਨਾ ਕੇਸ ਆਏ ਹਨ, ਉਥੇ ਅੱਜ ਰਾਜ ਦੇ ਵੱਖ-ਵੱਖ ਹਸਪਤਾਲਾਂ ਅਤੇ ਕੇਂਦਰਾਂ ’ਚੋਂ 952 ਕੋਰੋਨਾ ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਲਾਗੂ ਏਕਾਂਤਵਾਸ ਦੀ ਨਵੀਂ ਨੀਤੀ ਕਾਰਨ ਵੀ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਵਧਿਆ ਹੈ ਕਿਉਂਕਿ ਹੁਣ 21 ਦਿਨਾਂ ਦੀ ਥਾਂ 3 ਤੋਂ 7 ਦਿਨਾਂ ਬਾਅਦ ਹੀ ਮਰੀਜ਼ਾਂ ਦੀ ਹਾਲਤ ਨੂੰ ਵੇਖ ਕੇ ਛੁੱਟੀ ਕੀਤੀ ਜਾ ਰਹੀ ਹੈ।

ਅੱਜ ਜਿਥੇ ਸੂਬੇ ਅੰਦਰ ਪਾਜ਼ੇਟਿਵ ਕੇਸਾਂ ਦੀ ਗਿਣਤੀ ਸ਼ਾਮ ਤਕ 1946 ਸੀ ਉਥੇ ਅੱਜ ਤਕ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 1257 ਤਕ ਪਹੁੰਚ ਗਈ ਹੈ। ਹੁਣ ਹਸਪਤਾਲਾਂ ’ਚ ਇਲਾਜ ਅਧੀਨ ਐਕਟਿਵ ਕੋਰੋਨਾ ਕੇਸਾਂ ਦੀ ਗਿਣਤੀ 657 ਰਹਿ ਗਈ ਹੈ। ਇਸ ਸਮੇਂ 3 ਮਰੀਜ਼ ਆਕਸੀਜਨ ਅਤੇ 1 ਵੈਂਟੀਲੇਟਰ ’ਤੇ ਹੈ। 2639 ਸੈਂਪਲਾਂ ਦੀਆਂ ਰੀਪੋਰਟਾਂ ਹਾਲੇ ਆਉਣੀਆਂ ਬਾਕੀ ਹਨ। ਜ਼ਿਕਰਯੋਗ ਹੈ ਕਿ ਅੱਜ ਠੀਕ ਹੋਏ ਮਰੀਜ਼ਾਂ ’ਚੋਂ ਸੱਭ ਤੋਂ ਵੱਧ ਜ਼ਿਲ੍ਹਾ ਅੰਮ੍ਰਿਤਸਰ ਦੇ ਹਨ।
261 ਮਰੀਜ਼ ਅੱਜ ਠੀਕ ਹੋਏ ਹਨ ਜਦਕਿ ਇਸ ਜ਼ਿਲ੍ਹਾ ’ਚ ਕੁੱਲ ਪਾਜ਼ੇਟਿਵ ਕੇਸ 3000 ਤੋਂ ਉਪਰ ਸਨ। ਗੁਰਦਾਸਪੁਰ ਦੇ 117 ਮਰੀਜ਼ ਠੀਕ ਹੋਏ ਹਨ। ਹੁਸ਼ਿਆਰਪੁਰ ਦੇ 79, ਜਲੰਧਰ ਦੇ 78 ਅਤੇ ਤਰਨ ਤਾਰਨ ਦੇ 85 ਹਨ। ਇਨ੍ਹਾਂ ’ਚ ਜ਼ਿਆਦਾਤਰ ਮਾਮਲੇ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਹਨ।

ਕਰੋਨਾ ਦੇ ਨਵੇਂ ਕੇਸ
ਕਪੂਰਥਲਾ     : 5
ਲੁਧਿਆਣਾ     : 3
ਫ਼ਰੀਦਕੋਟ    : 3
ਜਲੰਧਰ        : 2
ਰੋਪੜ        : 1
ਕੁੱਲ ਸੈਂਪਲ     : 50613
ਕੁੱਲ ਨੈਗੇਟਿਵ   : 46028
ਰੀਪੋਰਟਾਂ ਦੀ ਉਡੀਕ : 2639
ਠੀਕ ਹੋਏ : 1257
ਇਲਾਜ ਅਧੀਨ : 657