ਕੋਰੋਨਾ ਵਾਇਰਸ ਦੇ ਖਾਤਮੇ ਲਈ ਕੜਕਦੀ ਧੁੱਪ ’ਚ ਦੋ ਘੰਟੇ ਸੜਕ ’ਤੇ ਨੰਗੇ ਧੜ ਬੈਠਾ ਰਿਹਾ ਵਿਅਕਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆਂ ’ਚ ਫੈਲੀ ਮਹਾਂਮਾਰੀ ਨੇ ਵੱਡੀ ਗਿਣਤੀ ’ਚ ਲੋਕਾਂ ਨੂੰ ਅਪਣੀ ਲਪੇਟ ਵਿਚ ਲਿਆ ਹੋਇਆ ਹੈ ਜਿਸ ਕਾਰਨ ਲੱਖਾਂ ਲੋਕਾਂ ਦੀ ਮੌਤ ਵੀ

Photo

ਅੰਮ੍ਰਿਤਸਰ, 16 ਮਈ (ਪਪ): ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆਂ ’ਚ ਫੈਲੀ ਮਹਾਂਮਾਰੀ ਨੇ ਵੱਡੀ ਗਿਣਤੀ ’ਚ ਲੋਕਾਂ ਨੂੰ ਅਪਣੀ ਲਪੇਟ ਵਿਚ ਲਿਆ ਹੋਇਆ ਹੈ ਜਿਸ ਕਾਰਨ ਲੱਖਾਂ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਮਹਾਂਮਰੀ ਦੇ ਖਾਤਮੇ ਵਾਸਤੇ ਅੱਜ ਰੇਹੜਾ ਘੋੜਾ ਟਾਂਗਾ ਯੂਨੀਅਨ ਦੇ ਪ੍ਰਧਾਨ ਬਾਬਾ ਗੁਰਮੁਖ ਸਿੰਘ ਕਰੀਬ ਦੋ ਘੰਟੇ ਗੋਲਡਨ ਗੇਟ ਦੇ ਨੇੜੇ ਕੜਕਦੀ ਧੁੱਪ ’ਚ ਕਪੜੇ ਉਤਾਰ ਕੇ ਸੜਕ ’ਤੇ ਬੈਠੇ ਰਹੇ।

ਇਸ ਦੌਰਾਨ ਬਾਬਾ ਗੁਰਮੁਖ ਸਿੰਘ ਸਤਿਨਾਮ ਵਾਹਿਗਰੂ ਦਾ ਜਾਪ ਕਰਦੇ ਰਹੇ ਤੇ ਦੋ ਘੰਟੇ ਬਾਅਦ ਗੁਰੂ ਚਰਨਾਂ ’ਚ ਅਰਦਾਸ ਕਰ ਕੇ ਬੇਨਤੀ ਕੀਤੀ ਕਿ ਲੋਕਾਂ ਨੂੰ ਭਿਆਨਕ ਕੋਰੋਨਾ ਵਾਇਰਸ ਤੋਂ ਜਲਦ ਛੁਟਕਾਰਾ ਮਿਲ ਜਾਵੇ। ਇਸ ਸਬੰਧੀ ਗੱਲਬਾਤ ਕਰਦਿਆਂ ਬਾਬਾ ਗੁਰਮੁਖ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਕਰਫ਼ਿਊ ਲੱਗਣ ’ਤੇ ਵੱਖ-ਵੱਖ ਸਮਾਜ ਸੇਵੀਆਂ ਵਲੋਂ ਲੋਕਾਂ ਦੀ ਕਈ ਤਰੀਕਿਆਂ ਨਾਲ ਮਦਦ ਕੀਤੀ ਗਈ ਹੈ ਪਰ ਮੈਂ ਇਕ ਗ਼ਰੀਬ ਵਿਅਕਤੀ ਹਾਂ ਜਿਹੜਾ ਕਿਸੇ ਵੀ ਰੂਪ ’ਚ ਲੋਕਾਂ ਦੀ ਮਦਦ ਨਹੀਂ ਕਰ ਸਕਦਾ ਜਿਸ ਕਾਰਨ ਮੈਂ ਸਰਬੱਤ ਦੇ ਭਲੇ ਵਾਸਤੇ ਅੱਜ ਦੋ ਘੰਟੇ ਨੰਗੇ ਧੜ ਹੋ ਕੇ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ ਕਿ ਉਹ ਪੂਰੀ ਦੁਨੀਆਂ ਨੂੰ ਕੋਰੋਨਾ ਵਾਇਰਸ ਤੋਂ ਜਲਦ ਨਿਜਾਤ ਦਿਵਾਉਣ।