IAL ਫ਼ੈਕਟਰੀ ਦੇ ਪ੍ਰਵਾਸੀ ਮਜ਼ਦੂਰਾਂ ਵਲੋਂ ਤਨਖ਼ਾਹ ਅਤੇ ਰਾਸ਼ਨ ਨਾ ਮਿਲਣ ਕਾਰਨ ਰੋਸ ਪ੍ਰਦਰਸ਼ਨ ਹੋਰ ਤੇਜ਼
ਮਜਦੂਰਾਂ ਨੇ 7 ਕਿਲੋਮੀਟਰ ਪੈਦਲ ਚੱਲ ਕੇ ਫ਼ੈਕਟਰੀ ਦੇ ਗੇਟ ਅੱਗੇ ਧਰਨਾ ਸ਼ੁਰੂ ਕੀਤਾ
ਭਵਾਨੀਗੜ੍ਹ, 16 ਮਈ (ਗੁਰਦਰਸ਼ਨ ਸਿੰਘ ਸਿੱਧੂ/ਗੁਰਪ੍ਰੀਤ ਸਿੰਘ ਸਕਰੌਦੀ): ਇਥੋਂ ਥੋੜੀ ਦੂਰ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਸਥਿਤ ਆਈਏਐਲ ਫ਼ੈਕਟਰੀ ਵਿਚ ਠੇਕੇਦਾਰ ਅਧੀਨ ਕੰਮ ਕਰਦੇ ਵੱਖ-ਵੱਖ ਸੂਬਿਆਂ ਦੇ ਸੈਂਕੜੇ ਮਜ਼ਦੂਰਾਂ ਨੇ ਕੋਰੋਨਾ ਵਾਇਰਸ ਦੌਰਾਨ ਤਨਖ਼ਾਹ ਨਾ ਮਿਲਣ ਅਤੇ ਖਾਣੇ ਦਾ ਪ੍ਰਬੰਧ ਨਾ ਹੋਣ ਵਿਰੁਧ ਅਪਣਾ ਸੰਘਰਸ਼ ਤੇਜ ਕਰਦਿਆਂ ਅੱਜ ਦੂਜੇ ਦਿਨ ਭਵਾਨੀਗੜ੍ਹ ਤੋਂ 7 ਕਿਲੋਮੀਟਰ ਪੈਦਲ ਚੱਲ ਕੇ ਫ਼ੈਕਟਰੀ ਦੇ ਗੇਟ ਅੱਗੇ ਧਰਨਾ ਸ਼ੁਰੂ ਕਰ ਦਿਤਾ। ਮਜ਼ਦੂਰਾਂ ਦੇ ਇਸ ਰੋਹ ਨੂੰ ਦੇਖਦਿਆਂ ਪ੍ਰਸ਼ਾਸਨ ਅਤੇ ਪੁਲਿਸ ਨੂੰ ਭਾਜੜਾਂ ਪੈ ਗਈਆਂ।
ਧਰਨੇ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ, ਗੁਰਮੁਖ ਸਿੰਘ, ਫ਼ੈਕਟਰੀ ਮਜ਼ਦੂਰ ਰਾਜੇਸ਼ ਕੁਮਾਰ, ਲਵਕੁਸ਼ ਕੁਮਾਰ, ਰਾਮ ਬਾਬੂ, ਸਿਵਰਾਜ ਕੁਮਾਰ, ਮਿਥਲੇਸ਼ ਕੁਮਾਰ, ਸਿਵ ਪਰਕਾਸ਼ ਕੁਮਾਰ, ਰਮਿੰਦਰਾ ਸਿੰਘ, ਵਿਨੇ ਕੁਮਾਰ, ਪ੍ਰਦੀਪ ਕੁਮਾਰ ਅਤੇ ਰਾਹੁਲ ਕੁਮਾਰ ਨੇ ਦਸਿਆ ਕਿ ਕੋਰੋਨਾ ਵਾਇਰਸ ਦੇ ਬਚਾਅ ਲਈ ਲਗਾਏ ਲਾਕਡਾਊਨ ਦੌਰਾਨ ਮਜ਼ਦੂਰਾਂ ਨੂੰ ਤਨਖ਼ਾਹ ਅਤੇ ਬੋਨਸ ਦੇਣ ਤੋਂ ਮੈਨੇਜਮੈਂਟ ਨੇ ਜਵਾਬ ਦੇ ਦਿਤਾ। ਮਜ਼ਦੂਰੀ ਬੰਦ ਹੋਣ ਕਾਰਨ ਉਹ ਅਪਣੇ ਘਰ ਦਾ ਖ਼ਰਚਾ ਚਲਾਉਣ ਤੋਂ ਬੇਵਸ ਹੋ ਗਏ ਹਨ।
ਮੈਨੇਜਮੈਂਟ ਨੇ ਉਨ੍ਹਾਂ ਦੇ ਖਾਣੇ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸ਼ੁਕਰਵਾਰ ਨੂੰ ਮਜ਼ਦੂਰਾਂ ਨੇ ਭਵਾਨੀਗੜ੍ਹ ਵਿਖੇ ਅਪਣੇ ਕੁਆਰਟਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਸੀ ਪਰ ਮੈਨੇਜਮੈਂਟ ਵਲੋਂ ਮਸਲਾ ਹੱਲ ਕਰਨ ਦਾ ਕੋਈ ਯਤਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਭੁੱਖਮਰੀ ਦੇ ਸ਼ਿਕਾਰ ਮਜ਼ਦੂਰਾਂ ਨੂੰ ਲੰਬਾ ਪੈਦਲ ਕੂਚ ਕਰ ਕੇ ਫ਼ੈਕਟਰੀ ਅੱਗੇ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ। ਇਸੇ ਦੌਰਾਨ ਐਸਡੀਐਮ ਅਤੇ ਡੀਐਸਪੀ ਸੰਗਰੂਰ ਸੱਤਪਾਲ ਸ਼ਰਮਾ ਦੀ ਅਗਵਾਈ ਹੇਠ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਵੀ ਧਰਨੇ ਵਾਲੀ ਥਾਂ 'ਤੇ ਪਹੁੰਚ ਗਈ।
ਮਜ਼ਦੂਰਾਂ ਨੇ ਪ੍ਰਸ਼ਾਸਨ ਵਿਰੁਧ ਰੋਸ ਕੀਤਾ ਕਿ ਉਨ੍ਹਾਂ ਨੂੰ ਅਪਣੇ ਪਿਤਰੀ ਰਾਜਾਂ ਵਿਚ ਭੇਜਣ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਦੌਰਾਨ ਪ੍ਰਸ਼ਾਸਨ ਦੇ ਯਤਨਾਂ ਸਦਕਾ ਮਜ਼ਦੂਰਾਂ ਦੇ ਨੁਮਾਇੰਦਿਆਂ ਨਾਲ ਫ਼ੈਕਟਰੀ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ ਜਿਸ ਵਿਚ ਮਜ਼ਦੂਰਾਂ ਨੂੰ 5-5 ਹਜ਼ਾਰ ਰੁਪਏ ਦੇ ਕੂਪਨ ਦੇਣ ਅਤੇ ਓਵਰ ਟਾਈਮ ਸੋਮਵਾਰ ਤੋਂ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਪਰ ਤਨਖ਼ਾਹ ਅਤੇ ਹੋਰ ਮੰਗਾਂ 'ਤੇ ਸਹਿਮਤੀ ਨਾ ਹੋਣ ਕਾਰਨ ਧਰਨਾ ਜਾਰੀ ਹੈ।