ਮਜ਼ਦੂਰਾਂ ਦੀ ਘਰ ਵਾਪਸੀ ਨੂੰ ਲੈ ਕੇ ਬਠਿੰਡਾ ਏਮਜ਼ ’ਚ ਹੰਗਾਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਸਾਰੀ ਦੇ ਕੰਮ ’ਚ ਲੱਗੇ ਭੜਕੇ ਮਜ਼ਦੂਰਾਂ ਨੇ ਦਫ਼ਤਰ ਅਤੇ ਪੁਲਿਸ ਗੱਡੀਆਂ ’ਤੇ ਕੀਤਾ ਪਥਰਾਅ

File Photo

ਬਠਿੰਡਾ, 16 ਮਈ (ਸੁਖਜਿੰਦਰ ਮਾਨ): ਦਖਣੀ ਪੰਜਾਬ ਸਮੇਤ ਹਰਿਆਣਾ ਅਤੇ ਰਾਜਸਥਾਨ ਦੇ ਕੁੱਝ ਹਿੱਸਿਆਂ ਲਈ ਆਉਣ ਵਾਲੇ ਸਮੇਂ ’ਚ ਵਰਦਾਨ ਸਾਬਤ ਹੋਣ ਵਾਲੇ ਬਠਿੰਡਾ ਏਮਜ਼ (ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼) ਦੇ ਅਹਾਤੇ ਵਿਚ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਨੂੰ ਲੈ ਕੇ ਵੱਡਾ ਹੰਗਾਮਾ ਹੋ ਗਿਆ। ਏਮਜ਼ ਦੇ ਵੱਖ-ਵੱਖ ਵਿੰਗਾਂ ਦੀ ਉਸਾਰੀ ਕੰਮਾਂ ’ਚ ਲੱਗੇ ਇਨ੍ਹਾਂ ਸੈਂਕੜੇ ਮਜ਼ਦੂਰਾਂ ਨੇ ਅੱਜ ਅਪਣੇ ਗ੍ਰਹਿ ਰਾਜ ਭੇਜਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਗਟ ਕਰਦਿਆਂ ਉਸਾਰੀ ਕੰਪਨੀ ਦੇ ਦਫ਼ਤਰ ਅਤੇ ਇਕ ਪੁਲਿਸ ਵਾਹਨ ’ਤੇ ਪਥਰਾਅ ਕੀਤਾ। ਘਟਨਾ ਦਾ ਪਤਾ ਚਲਦਿਆਂ ਹੀ ਵੱਡੀ ਗਿਣਤੀ ਵਿਚ ਪ੍ਰਸ਼ਾਸਨ ਦੇ ਸਿਵਲ ਤੇ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ ਜਿਨ੍ਹਾਂ ਮਜ਼ਦੂਰਾਂ ਨੂੰ ਕਾਫ਼ੀ ਮੁਸ਼ਕਲ ਨਾਲ ਸ਼ਾਂਤ ਕੀਤਾ। 

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜ਼ਦੂਰਾਂ ਨੇ ਦਸਿਆ ਕਿ ਕੰਪਨੀ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਅੱਜ ਅਪਣੇ-ਅਪਣੇ ਸੂਬਿਆਂ ਵਿਚ ਵਾਪਸ ਭੇਜਣ ਦਾ ਵਾਅਦਾ ਕੀਤਾ ਸੀ ਜਿਸ ਕਾਰਨ ਉਹ ਵੱਡੀ ਗਿਣਤੀ ਵਿਚ ਕੰਪਨੀ ਦੇ ਦਫ਼ਤਰ ਕੋਲ ਇਕੱਠੇ ਹੋਏ ਸਨ। ਇਸ ਦੌਰਾਨ ਕੰਪਨੀ ਵਾਲਿਆਂ ਨੇ ਮਜ਼ਦੂਰਾਂ ਕੋਲੋਂ ਉਨ੍ਹਾਂ ਨੂੰ ਬਸਾਂ ਵਿਚ ਭੇਜਣ ਲਈ ਪ੍ਰਤੀ ਵਰਕਰ 3000 ਰੁਪਏ ਦੀ ਮੰਗ ਕਰ ਦਿਤੀ। ਮਜ਼ਦੂਰਾਂ ਮੂਤਾਬਕ ਉਨ੍ਹਾਂ ਵਿਚ ਜਿਆਦਾਤਰ ਗਿਣਤੀ ਪੱਛਮੀ ਬੰਗਾਲ ਤੋਂ ਹੈ। ਇਸ ਮੌਕੇ ਕੁੱਝ ਮਜ਼ਦੂਰਾਂ ਨੇ ਇਹ ਵੀ ਦੋਸ਼ ਲਗਾਇਆ ਕਿ ਤਾਲਾਬੰਦੀ ਤੋਂ ਬਾਅਦ ਉਨ੍ਹਾਂ ਨੂੰ ਇਥੇ 15 ਦਿਨਾਂ ਦਾ ਕੰਮ ਮਿਲਿਆ ਪਰ ਇਸ ਦੇ ਬਦਲੇ ਹਾਲੇ ਤਕ ਮਿਹਨਤਾਨਾ ਨਹੀਂ ਦਿਤਾ ਗਿਆ। 

ਸੂਤਰਾਂ ਮੁਤਾਬਕ ਭੜਕੇ ਮਜ਼ਦੂਰਾਂ ਨੇ ਕਥਿਤ ਤੌਰ ’ਤੇ ਉਸਾਰੀ ਕੰਪਨੀ ਦੇ ਦਫ਼ਤਰ ’ਤੇ ਪੱਥਰਬਾਜ਼ੀ ਕੀਤੀ। ਇਸ ਤੋਂ ਇਲਾਵਾ ਪੁਲਿਸ ਦੇ ਪੁੱਜਣ ’ਤੇ ਮਜ਼ਦੂਰਾਂ ਉਨ੍ਹਾਂ ਮਗਰ ਵੀ ਪੈ ਗਏ। ਇਸ ਤੋਂ ਬਾਅਦ ਵੱਡੀ ਗਿਣਤੀ ਵਿਚ ਪੁੱਜੀ ਪੁਲਿਸ ਨੇ ਕਥਿਤ ਤੌਰ ’ਤੇ ਤਾਕਤ ਦੀ ਵਰਤੋਂ ਕਰਦਿਆਂ ਸਥਿਤੀ ਨੂੰ ਕਾਬੂ ਹੇਠ ਕੀਤਾ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਵਲੋਂ ਮਜ਼ਦੂਰਾਂ ’ਤੇ ਕੋਈ ਲਾਠੀਚਾਰਜ ਨਹੀਂ ਕੀਤਾ ਗਿਆ।

ਉਸਾਰੀ ਕੰਪਨੀ ਦੇ ਅਧਿਕਾਰੀਆਂ ਨੇ ਵੀ ਮੰਨਿਆ ਕਿ ਇਥੇ ਕੰਮ ਕਰ ਰਹੇ ਕੁਲ 1600 ਮਜ਼ਦੂਰਾਂ ਵਿਚੋਂ ਹਾਲੇ ਤਕ ਸਿਰਫ਼ 300 ਹੀ ਅਪਣੇ ਘਰਾਂ ਨੂੰ ਜਾ ਸਕੇ ਹਨ ਤੇ ਬਾਕੀ 1300 ਦੇ ਕਰੀਬ ਕਰਮਚਾਰੀ ਥਾਂ ’ਤੇ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿਚ ਏਮਜ਼ ਵਿਚ ਦੋ ਓਪੀਡੀ ਦੀਆਂ ਸੇਵਾਵਾਂ  ਚਾਲੂ ਕੀਤੀਆਂ ਗਈਆਂ ਸਨ।  ਉਮੀਦ ਹੈ ਕਿ ਉਸਾਰੀ ਦਾ ਕੰਮ ਮੁਕੰਮਲ ਹੋਣ ’ਤੇ ਇਸ ਸਾਲ ਦੇ ਅੰਤ ਤਕ ਇਹ ਸੰਸਥਾ ਪੂਰੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਬਠਿੰਡਾ ਦੇ ਐਸ.ਡੀ.ਐਮ. ਅਮਰਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਏਮਜ਼ ਦੇ ਅਧਿਕਾਰੀਆਂ ਨੂੰ ਦਸਿਆ ਗਿਆ ਹੈ ਕਿ ਜਦੋਂ ਵੀ ਇਨ੍ਹਾਂ ਕਰਮਚਾਰੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਨੂੰ ਲਿਜਾਣ ਲਈ ਰੇਲ ਗੱਡੀ ਮਿਲਦੀ ਹੈ ਤਾਂ ਉਨ੍ਹਾਂ ਨੂੰ ਭੇਜਿਆ ਜਾਵੇਗਾ।