ਕੇਂਦਰ ਵਲੋਂ ਜਾਰੀ 20 ਲੱਖ ਕਰੋੜ ਰੁਪਏ ਦਾ ਰਾਹਤ ਪੈਕਜ ਕੇਵਲ ਕਰਜ਼ਿਆਂ ਦੀ ਪੰਡ : ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਦੀ ਭਾਜਪਾ ਸਰਕਾਰ ਵਲੋਂ ਤਾਲਾਬੰਦੀ ਦੌਰਾਨ ਦੇਸ਼ ਨੂੰ ਆਰਥਕ ਸੰਕਟ ਵਿਚੋਂ ਕੱਢਣ ਲਈ ਜਿਹੜਾ 20 ਲੱਖ ਕਰੋੜ ਰੁਪਏ ਦਾ ਆਰਥਿਕ ਪੈਕਜ ਜਾਰੀ ਕੀਤਾ ਗਿਆ ਹੈ, ਇ

File Photo

ਚੰਡੀਗੜ੍ਹ, 16 ਮਾਰਚ (ਸਪੋਕਸਮੈਨ ਸਮਾਚਾਰ ਸੇਵਾ) : ਕੇਂਦਰ ਦੀ ਭਾਜਪਾ ਸਰਕਾਰ ਵਲੋਂ ਤਾਲਾਬੰਦੀ ਦੌਰਾਨ ਦੇਸ਼ ਨੂੰ ਆਰਥਕ ਸੰਕਟ ਵਿਚੋਂ ਕੱਢਣ ਲਈ ਜਿਹੜਾ 20 ਲੱਖ ਕਰੋੜ ਰੁਪਏ ਦਾ ਆਰਥਿਕ ਪੈਕਜ ਜਾਰੀ ਕੀਤਾ ਗਿਆ ਹੈ, ਇਹ ਰਾਹਤ ਪੈਕਜ ਕੇਵਲ ਕਰਜ਼ਿਆਂ ਦੀ ਪੰਡ ਹੈ। ਇਸ ਰਾਹਤ ਪੈਕਜ ਵਿਚ ਕਿਸੇ ਵੀ ਵਰਗ ਨੂੰ ਕੋਈ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ। ਜਿਸ ਕਰ ਕੇ ਦੇਸ਼ ਦਾ ਹਰ ਵਾਸ਼ਿੰਦਾ ਮਾਯੂਸ ਹੋ ਗਿਆ ਹੈ। ਇਹ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਜੋੋ ਸੈਕਟਰ ਆਧਾਰਤ ਪੈਕਜ ਦਾ ਐਲਾਨ ਕੀਤਾ ਗਿਆ ਹੈ, ਇਹ ਪੈਕਜ ਦੇਸ਼ ਦੀ ਜਨਤਾ ਲਈ ਪੂਰੀ ਤਰ੍ਹਾਂ ਨਾਲ ਨਿਰਾਸ਼ਜਨਕ ਹੈ।

ਹੁਣ ਤਕ ਐਲਾਨੀਆਂ ਗਈਆਂ ਤਿੰਨਾਂ ਕਿਸ਼ਤਾਂ ਪੂਰੀ ਤਰ੍ਹਾਂ ਨਾਲ ਗੁੰਝਲਦਾਰ ਹਨ, ਜਿਸ ਵਿਚ ਫ਼ੌਰੀ ਰਾਹਤ ਦੀ ਕੋਈ ਗੱਲ ਨਹੀਂ ਹੈ ਜਦਕਿ ਲੀਰੋ ਲੀਰ ਹੋ ਚੁੱਕੀ ਦੇਸ਼ ਦੀ ਅਰਥਵਿਵਸਥਾ ਨੂੰ ਮੁੜ ਪੱਟੜੀ ’ਤੇ ਚੜ੍ਹਾਉਣ ਲਈ ਹਰ ਵਰਗ ਨੂੰ ਕੋਰੋਨਾ ਵਾਇਰਸ ਦੌਰਾਨ ਹੋਏ ਨੁਕਸਾਨ ਦੀ ਤੁਰਤ ਭਰਪਾਈ ਕਰਨ ਦੀ ਲੋੜ ਸੀ। ਜਿਸ ਨਾਲ ਉਹ ਲੋਕ ਆਪੋ ਅਪਣੇ ਕਾਰੋਬਾਰਾਂ ਨੂੰ ਮੁੜ ਚਲਾ ਸਕਦੇ ਪਰ ਇਸ ਰਾਹਤ ਪੈਕਜ ਵਿਚ ਅਜਿਹਾ ਕੁੱਝ ਨਹੀਂ ਹੈ। 

ਧਰਮਸੋਤ ਨੇ ਕਿਹਾ ਕੇਂਦਰ ਸਰਕਾਰ ਦੇ ਇਸ ਰਾਹਤ ਪੈਕਜ ਵਿਚ ਰਾਹਤ ਨਹੀਂ ਸਗੋਂ ਕਰਜ਼ੇ ਦੇਣ ਦੀ ਹੀ ਗੱਲ ਕੀਤੀ ਗਈ। ਭਾਵਂੇ ਉਹ ਕੋਈ ਵੀ ਕਾਰੋਬਾਰੀ ਹੋਵੇ ਜਾਂ ਕਿਸਾਨ, ਸੱਭ ਲਈ ਕੇਵਲ ਕਰਜ਼ੇ ਦੇ ਕੇ ਹੀ ਮਦਦ ਕੀਤੇ ਜਾਣ ਦਾ ਬੁੱਤਾ ਸਾਰਿਆ ਗਿਆ ਹੈ ਜਦਕਿ ਕਰਜਾ ਇਸ ਮਸਲੇ ਦਾ ਹੱਲ ਨਹੀਂ ਹੈ। ਦੇਸ਼ ਦਾ ਕਾਰੋਬਾਰੀ ਤੇ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਬੋਝ ਨਾਲ ਝੰਬਿਆ ਪਿਆ ਹੈ। ਇਸ ਲਈ ਕੇਂਦਰ ਸਰਕਾਰ ਨੂੰ ਇਸ ਮੁਸ਼ਕਲ ਘੜੀ ਵਿਚ ਇਨ੍ਹਾਂ ਸੱਭ ਦੇ ਕਰਜ਼ਿਆਂ ’ਤੇ ਲਕੀਰ ਮਾਰਨੀ ਚਾਹੀਦੀ ਸੀ, ਨਹੀਂ ਤਾਂ ਘੱਟੋ ਘੱਟੋ 2 ਸਾਲ ਇਨ੍ਹਾਂ ਦਾ ਵਿਆਜ ਤੇ ਕਿਸ਼ਤਾਂ ਮਾਫ਼ ਕਰਨੀਆਂ ਚਾਹੀਦੀਆਂ ਸਨ।