ਸ਼ਰਾਬ ਫ਼ੈਕਟਰੀ ਦੇ ਮਾਮਲੇ ਵਿਚ ਮੇਰੀ ਅਪੀਲ ’ਤੇ ਹੀ ਐਸ.ਐਸ.ਪੀ. ਨੇ ਜਾਂਚ ਲਈ ਬਣਾਈ ਹੈ ਸਿਟ
ਪੰਜਾਬ ਦੇ ਲੋਕਾਂ ਵਲੋਂ ਕਰਾਰੀ ਹਾਰ ਦੇ ਕੇ ਭਜਾਏ ਅਕਾਲੀ ਅਤੇ ‘ਆਪ’ ਦੇ ਨੇਤਾ ਸੇਕ ਰਹੇ ਹਨ ਸਿਆਸੀ ਰੋਟੀਆਂ : ਜਲਾਲਪੁਰ
ਪਟਿਆਲਾ 16 ਮਈ (ਤੇਜਿੰਦਰ ਫ਼ਤਿਹਪੁਰ) : ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਨੇ ਸ਼ਰਾਬ ਫ਼ੈਕਟਰੀ ਦੇ ਮਾਮਲੇ ਵਿਚ ਅਕਾਲੀ ਦਲ ਤੇ ਆਪ ਦੇ ਨੇਤਾਵਾਂ ’ਤੇ ਜਵਾਬੀ ਹਮਲਾ ਕਰਦਿਆਂ ਕਿਹਾ ਹੈ ਪੰਜਾਬ ਦੇ ਲੋਕਾਂ ਵਲੋਂ ਕਰਾਰੀ ਹਾਰ ਦੇ ਕੇ ਭਜਾਏ ਇਹ ਨੇਤਾ ਕੋਰੋਨਾ ਸੰਕਟ ਮੌਕੇ ਵੀ ਲੋਕਾਂ ਦਾ ਮੂਰਖ ਬਨਾਉਣ ਲਈ ਸਿਆਸੀ ਰੋਟੀਆਂ ਸੇਕ ਰਹੇ ਹਨ, ਜਿਸ ਨੂੰ ਅਸੀ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ। ਜਲਾਲਪੁਰ ਅੱਜ ਇਥੇ ਕਾਂਗਰਸੀ ਨੇਤਾਵਾਂ ਦੀ ਇਕ ਮੀਟਿੰਗ ਤੋਂ ਬਾਅਦ ਗੱਲਬਾਤ ਕਰ ਰਹੇ ਸਨ।
ਮਦਨ ਲਾਲ ਜਲਾਲਪੁਰ ਨੇ ਕਿਹਾ ਸ਼ਰਾਬ ਦੀ ਫ਼ੈਕਟਰੀ ਫੜੇ ਜਾਣ ਤੋਂ ਬਾਅਦ ਉਨ੍ਹਾਂ ਨੇ ਆਪ ਐਸ.ਐਸ.ਪੀ. ਪਟਿਆਲਾ ਨੂੰ ਬੇਨਤੀ ਕੀਤੀ ਕਿ ਇਸ ਮਾਮਲੇ ’ਤੇ ਸੀਨੀਅਰ ਅਧਿਕਾਰੀਆਂ ਦੀ ਇਕ ਸਿਟ ਕਾਇਮ ਕੀਤੀ ਜਾਵੇ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਲੋਕਾਂ ਸਾਹਮਣੇ ਆ ਸਕੇ ਤੇ ਸਿਆਸੀ ਰੋਟੀਆਂ ਸੇਕਣ ਵਾਲੇ ਅਖੌਤੀ ਨੇਤਾਵਾਂ ਨੂੰ ਵੀ ਇਸ ਦਾ ਕਰਾਰਾ ਜਵਾਬ ਮਿਲ ਸਕੇ। ਉਨ੍ਹਾਂ ਕਿਹਾ ਕਿ ਐਸ.ਐਸ.ਪੀ. ਪਟਿਆਲਾ ਨੇ ਇਸ ਮਾਮਲੇ ਵਿਚ ਇਕ ਸਿਟ ਵੀ ਕਾਇਮ ਕਰ ਦਿਤੀ ਹੈ ਜਿਸ ਵਿਚ ਦੋ ਐਸ.ਪੀ. ਰੈਂਕ ਤੇ ਇਕ ਡੀ.ਐਸ.ਪੀ. ਰੈਂਕ ਦਾ ਅਧਿਕਾਰੀ ਹੈ ਜਿਸ ਨੇ ਬਾਕਾਇਦਾ ਤੌਰ ’ਤੇ ਅਪਣਾ ਕੰਮ ਸ਼ੁਰੂ ਹੀ ਕਰ ਦਿਤਾ ਹੈ।
ਜਲਾਲਪੁਰ ਨੇ ਕਿਹਾ ਕਿ ਅਸੀ ਕਰਾਇਮ ਕਰਨ ਵਾਲੇ ਲੋਕਾਂ ਦੇ ਸਖ਼ਤ ਵਿਰੁਧ ਹਾਂ ਤੇ ਇਨ੍ਹਾਂ ਲੋਕਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਜੇ ਕੋਈ ਨਿਰਦੋਸ਼ ਵਿਅਕਤੀ ਇਸ ਮਾਮਲੇ ਵਿਚ ਘਸੀਟਿਆ ਜਾਂਦਾ ਹੈ ਤਾਂ ਉਸ ਨੂੰ ਵੀ ਇਨਸਾਫ਼ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮਿਲੀ ਸੂਚਨਾ ਮੁਤਾਬਕ ਇਹ ਫ਼ੈਕਟਰੀ ਜਿਸ ਸਟੋਰ ਵਿਚ ਚਲ ਰਹੀ ਸੀ ਉਹ ਭਾਜਪਾ ਦੇ ਨੇਤਾ ਦਾ ਹੈ ਤੇ ਇਸ ਨੂੰ ਚਲਾਉਣ ਲਈ ਇਕ ਸੀਨੀਅਰ ਅਕਾਲੀ ਨੇਤਾ ਦਾ ਸਹਿਯੋਗ ਹੈ ਜੋ ਕਿ ਜਲਦ ਹੀ ਲੋਕਾਂ ਸਾਹਮਣੇ ਆ ਜਾਵੇਗਾ।
ਉਨਾਂ ਕਿਹਾ ਕਿ ਕੋਰੋਨਾ ਸੰਕਟ ਮੋਕੇ ਲੋਕਾਂ ਦੀ ਮਦਦ ਕਰਨਾ ਤਾਂ ਇਨ੍ਹਾਂ ਰੌਲਾ ਪਾਉਣ ਵਾਲੇ ਅਖੌਤੀ ਨੇਤਾਵਾਂ ਦੇ ਯਾਦ ਨਹੀਂ ਰਿਹਾ। ਲੋਕਾਂ ਦੀ ਮਦਦ ਲਈ ਇਹ ਅਖੌਤੀ ਨੇਤਾ ਕੋਰੋਨਾ ਸੰਕਟ ਮੌਕੇ ਪਟਿਆਲਾ ਵਿਚ ਵੜੇ ਤਕ ਨਹੀਂ ਪਰ ਸਿਆਸੀ ਰੋਟੀਆਂ ਸੇਕਣ ਲਈ ਇਹ ਦੌੜੇ-ਦੌੜੇ ਪਟਿਆਲਾ ਪੁੱਜੇ ਹਨ ਜਿਸ ਤੋਂ ਸੱਭ ਕੁੱਝ ਸਪੱਸ਼ਟ ਹੋ ਜਾਂਦਾ ਹੈ ਕਿ ਇਨ੍ਹਾਂ ਅਕਾਲੀ ਤੇ ਆਪ ਦੇ ਨੇਤਾਵਾਂ ਦੀ ਸੋਚ ਬੇਹੱਦ ਮਾੜੀ ਹੈ। ਉਨ੍ਹਾਂ ਕਿਹਾ ਕਿ ਮੈਂ ਅਪਣੇ ਹਲਕੇ ਵਿਚ ਕਦੇ ਵੀ ਅਜਿਹੀਆਂ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕਰਾਂਗਾ ਤੇ ਅਸਲ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦਿਵਾਵਾਂਗਾ।