ਕੋਰੋਨਾ ਮਰੀਜ਼ਾਂ ਨੂੰ ਖਾਣਾ ਵੰਡ ਕੇ ਸੇਵਾ ਕਰਨ ਵਾਲੇ ਨੌਜਵਾਨ ਦੀ ਕੁੱਟਮਾਰ, ਕੇਸ ਦਰਜ 

ਏਜੰਸੀ

ਖ਼ਬਰਾਂ, ਪੰਜਾਬ

ਪੀੜਤ ਨੌਜਵਾਨ ਗੁਰਮਨ ਸਿੰਘ ਭੁੱਲਰ (15) ਨੂੰ ਤੁਰੰਤ ਆਈਵੀਵਾਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

File Photo

ਮੁਹਾਲੀ - ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਪੀੜਤ ਮਰੀਜ਼ਾਂ ਦੀ ਸੇਵਾ ਵਿਚ ਜੁਟੇ ਵਿਅਕਤੀਆਂ ਨੂੰ ਰਿਹਾਇਸ਼ੀ ਸੁਸਾਇਟੀਆਂ ਵਿਚ ਜਾਣ ਸਮੇਂ ਸੁਰੱਖਿਆ ਗਾਰਡਾਂ ਦੀਆਂ ਕਥਿਤ ਕੁੱਟਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਹੈ। ਜਦੋਂ ਇਕ ਪ੍ਰਾਈਵੇਟ ਸੁਸਾਇਟੀ ਦੇ ਸੁਰੱਖਿਆ ਗਾਰਡ ਨੇ ਨੌਜਵਾਨ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਅੱਧ ਮਰਾ ਕਰ ਦਿੱਤਾ। ਪੀੜਤ ਨੌਜਵਾਨ ਗੁਰਮਨ ਸਿੰਘ ਭੁੱਲਰ (15) ਨੂੰ ਤੁਰੰਤ ਆਈਵੀਵਾਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਹ ਦਸਵੀਂ ਜਮਾਤ ਵਿਚ ਪੜ੍ਹਦਾ ਹੈ।

ਪੀੜਤ ਨੌਜਵਾਨ ਗੁਰਮਨ ਭੁੱਲਰ ਅਤੇ ਉਸ ਦੀ ਮਾਂ ਇਮਾਨਬੀਰ ਕੌਰ ਨੇ ਦੱਸਿਆ ਕਿ ਸੇਵਾ ਭਾਵਨਾ ਤਹਿਤ ਉਹ ਆਪਣੇ ਘਰ ਸੈਕਟਰ-94 ਵਿਚ ਖਾਣਾ ਤਿਆਰ ਕਰਕੇ ਕੋਵਿਡ ਮਰੀਜ਼ਾਂ ਦੇ ਘਰ ਪਹੁੰਚਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਉਹ ਖਾਣਾ ਲੈ ਕੇ ਬਲੌਂਗੀ ਨੇੜੇ ਇਕ ਸੁਸਾਇਟੀ ਵਿਚ ਜਾ ਰਹੇ ਸਨ ਪਰ ਉੱਥੇ ਗੇਟ ’ਤੇ ਤਾਇਨਾਤ ਸੁਰੱਖਿਆ ਗਾਰਡ ਉਨ੍ਹਾਂ ਤੋਂ ਖਾਣਾ ਲੈ ਕੇ ਉਨ੍ਹਾਂ ਨੂੰ ਇਹ ਕਹਿ ਵਾਪਸ ਮੋੜ ਦਿੰਦਾ ਸੀ ਕਿ ਉਹ ਖ਼ੁਦ ਹੀ ਪੀੜਤ ਪਰਿਵਾਰ ਕੋਲ ਖਾਣਾ ਪਹੁੰਚਾ ਦੇਵੇਗਾ ਪਰ ਬੀਤੇ ਦਿਨੀਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸੁਰੱਖਿਆ ਗਾਰਡ ਕੋਵਿਡ ਮਰੀਜ਼ ਦੇ ਘਰ ਖਾਣਾ ਦੇਣ ਦੀ ਥਾਂ ਆਪ ਹੀ ਖਾ ਜਾਂਦਾ ਸੀ।

ਇਸ ਸਬੰਧੀ ਉਨ੍ਹਾਂ ਨੇ ਗਾਰਡ ਖ਼ਿਲਾਫ਼ ਸ਼ਿਕਾਇਤ ਕੀਤੀ ਤਾਂ ਸੁਪਰਵਾਈਜ਼ਰ ਵੱਲੋਂ ਉਸ ਗਾਰਡ ਨੂੰ ਕਾਫ਼ੀ ਝਿੜਕਿਆ ਗਿਆ  ਜਿਸ ਤੋਂ ਬਾਅਦ ਉਹ ਕਾਫੀ ਖ਼ਫ਼ਾ ਹੋ ਗਿਆ। ਗੁਰਮਨ ਭੁੱਲਰ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਜਦੋਂ ਦੁਬਾਰਾ ਸੁਸਾਇਟੀ ਵਿਚ ਕੋਵਿਡ ਮਰੀਜ਼ਾਂ ਨੂੰ ਖਾਣਾ ਦੇਣ ਲਈ ਪਹੁੰਚੇ ਤਾਂ ਪਹਿਲਾਂ ਤੋਂ ਖੁੰਦਕ ਵਿਚ ਬੈਠੇ ਸੁਰੱਖਿਆ ਗਾਰਡ ਨਾਲ ਉਨ੍ਹਾਂ ਦੀ ਬਹਿਸ ਹੋ ਗਈ ਅਤੇ ਉਸ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪੀੜਤ ਅਨੁਸਾਰ ਏਨੇ ਵਿਚ ਗਾਰਡ ਨੇ ਲੋਹੇ ਦੇ ਕੜੇ ਨਾਲ ਉਸ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੇ ਮੂੰਹ ਅਤੇ ਨੱਕ ’ਤੇ ਸੱਟ ਲੱਗ ਗਈ। ਜਿਵੇਂ ਹੀ ਨੌਜਵਾਨ ਦੀ ਮਾਂ ਬਚਾਅ ਲਈ ਅੱਗੇ ਆਈ ਤਾਂ ਗਾਰਡ ਨੇ ਉਸ ਨੂੰ ਵੀ ਜਖ਼ਮੀ ਕਰ ਦਿੱਤਾ।

ਉਧਰ, ਬਲੌਂਗੀ ਥਾਣਾ ਦੇ ਐਸਐਚਓ ਭਗਵੰਤ ਸਿੰਘ ਰਿਆੜ ਨੇ ਦੱਸਿਆ ਕਿ ਇਸ ਸਬੰਧੀ ਪੀੜਤ ਨੌਜਵਾਨ ਦੀ ਮਾਂ ਇਮਾਨਬੀਰ ਕੌਰ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਸੁਰੱਖਿਆ ਗਾਰਡ ਹਰਸ਼ਪ੍ਰੀਤ ਸਿੰਘ ਵਾਸੀ ਨਨਹੇੜੀਆਂ (ਕੁਰਾਲੀ) ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਝ ਗਾਰਡ ਨੇ ਵੀ ਮਾਂ-ਪੁੱਤ ਦੇ ਖ਼ਿਲਾਫ਼ ਥਾਣੇ ਵਿਚ ਸ਼ਿਕਾਇਤ ਦਿੱਤੀ ਸੀ।