‘ਚੋਰ ਨਾਲੇ ਚਤਰ’ ਦੀ ਕਹਾਵਤ ਵਾਲੀ ਗੱਲ ਨਾ ਕਰੋ ਸੁਖਬੀਰ ਸਿੰਘ ਬਾਦਲ ਜੀ : ਦੁਪਾਲਪੁਰ

ਏਜੰਸੀ

ਖ਼ਬਰਾਂ, ਪੰਜਾਬ

‘ਚੋਰ ਨਾਲੇ ਚਤਰ’ ਦੀ ਕਹਾਵਤ ਵਾਲੀ ਗੱਲ ਨਾ ਕਰੋ ਸੁਖਬੀਰ ਸਿੰਘ ਬਾਦਲ ਜੀ : ਦੁਪਾਲਪੁਰ

image

ਕੋਟਕਪੂਰਾ, 17 ਮਈ (ਗੁਰਿੰਦਰ ਸਿੰਘ) : ਕੈਪਟਨ ਸਰਕਾਰ ਨੇ ਗਠਤ ਕੀਤੀ ਨਵੀਂ ਐਸਆਈਟੀ (ਸਿੱਟ) ਵਲੋਂ ਕਾਰਵਾਈ ਆਰੰਭ ਹੋਣ ਮੌਕੇ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀ ਜੋ ਇਹ ਬਿਆਨ ਦਿਤਾ ਹੈ ਕਿ ਕਾਂਗਰਸ, ਨਵਜੋਤ ਸਿੰਘ ਸਿੱਧੂ ਅਤੇ ‘ਆਪ’ ਵਾਲੇ ਬਾਦਲ ਪਰਵਾਰ ਵਿਰੁਧ ਬੇਅਦਬੀ ਕਾਂਡ ਬਾਰੇ ਸਬੂਤ ਦੇਣ। ਉਨ੍ਹਾਂ ਦੇ ਇਸ ਬਿਆਨ ਦੀ ਸ਼ਬਦਾਵਲੀ ‘ਨਾਲੇ ਚੋਰ ਨਾਲੇ ਚਤਰ’ ਵਾਲੀ ਕਹਾਵਤ ਚੇਤੇ ਕਰਵਾਉਂਦੀ ਜਾਪਦੀ ਹੈ। 
ਪੰਜਾਬ ਦੀ ਸਿਆਸਤ ਵਿਚ ਬਣੇ ਅਜੋਕੇ ਹਾਲਾਤਾਂ ਬਾਰੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਤੇ ਪ੍ਰਵਾਸੀ ਲੇਖਕ ਤਰਲੋਚਨ ਸਿੰਘ ‘ਦੁਪਾਲਪੁਰ’ ਨੇ ਕਿਹਾ ਕਿ ਦੋ ਸਾਬਕਾ ਜੱਜ ਸਾਹਿਬਾਨ ਦੀਆਂ ਜਾਂਚ ਰੀਪੋਰਟਾਂ ਅਤੇ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਵਾਲੀ ‘ਸਿੱਟ’ ਦੀ ਰਿਪੋਰਟ ਵਿਚ ਬਾਦਲ ਰਾਜ ਵਿਰੁਧ ਸਬੂਤ ਹੀ ਤਾਂ ਭਰੇ ਪਏ ਹਨ? ਇਹ ਵਖਰੀ ਗੱਲ ਹੈ ਧਨ ਦੇ ਅੰਬਾਰਾਂ ਅਤੇ ਸਿਆਸੀ ਗੁਪਤੀ ਸਾਂਝਾਂ ਦੀ ਬਦੌਲਤ ਦੋਵੇਂ ਬਾਦਲ ਅਦਾਲਤੀ ਕਟਹਿਰੇ ਤੋਂ ਬਚਦੇ ਆ ਰਹੇ ਹਨ। ਪੰਜਾਬ ’ਚ ਕੀੜੀ ਤੁਰੀ ਜਾਂਦੀ ਦਿਸਣ ਦੇ ਦਾਅਵੇ ਕਰਨ ਵਾਲੇ ਬਜ਼ੁਰਗ ਬਾਦਲ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲੇ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਵਾਲੇ ਅਤੇ ਮਗਰੋਂ ਗੁਰਬਾਣੀ ਦੇ ਅੰਗ ਖਿਲਾਰਨ ਵਾਲੇ ਨਜ਼ਰ ਨਾ ਆਉਣੇ, ਕੀ ਇਹ ਸਬੂਤ ਨਹੀਂ ਹੈ? 
ਸੁਖਬੀਰ ਸਿੰਘ ਬਾਦਲ ਜੀ ਤੁਸੀਂ ਗ੍ਰਹਿ ਮੰਤਰੀ ਹੁੰਦਿਆਂ ਪੁਲੀਸ ਨੂੰ ਆਪ ਕੋਟਕਪੂਰੇ ਅਤੇ ਬਹਿਬਲ ਕਲਾਂ ਭੇਜ ਕੇ ਨਿਰਦੋਸ਼ ਸੰਗਤ ਉੱਤੇ ਗੋਲੀ ਚਲਾਉਣ ਦਾ ਹੁਕਮ ਦਿੰਦੇ ਹੋ ਪਰ ਬਾਅਦ ’ਚ ਗੋਲੀ ਚਲਾਉਣ ਵਾਲਿਆਂ ਨੂੰ ਗਿਣ-ਮਿੱਥ ਕੇ ‘ਅਣਪਛਾਤੇ’ ਲਿਖਵਾਉਂਦੇ ਹੋ! ਕੀ ਇਹ ਤੁਹਾਡੇ ਵਿਰੁਧ ਸਬੂਤ ਨਹੀਂ? ਇਸ ਤੋਂ ਇਲਾਵਾ ਪੰਥਕ ਕੇਂਦਰ ਉਤੇ ਤੁਹਾਡੇ ਪ੍ਰਵਾਰ ਦਾ ਕਬਜ਼ਾ ਹੋਣ ਕਰ ਕੇ ਤੁਸੀਂ ਅੰਮ੍ਰਿਤਸਰ ਵਿਖੇ ਸੌਦੇ ਸਾਧ ਦੇ ਪੈਰੋਕਾਰਾਂ ਦੀਆਂ ਵੋਟਾਂ ਲੈਣ ਲਈ ਕੀ ਕੀਤਾ, ਇਹ ਸੱਚਾਈ ਜੱਗ ਜ਼ਾਹਰ ਹੋ ਚੁੱਕੀ ਹੈ? ਕਦੇ ਸੌਦੇ ਸਾਧ ਦੇ ਹੱਕ ’ਚ ਹੁਕਮਨਾਮੇ ਜਾਰੀ ਕਰਵਾਏ, ਕਦੇ ਹੁਕਮਨਾਮਿਆਂ ਦੀ ਪੈਰਵਾਈ ਲਈ ਗੁਰੂ ਕੀ ਗੋਲਕ ’ਚੋਂ ਲੱਖਾਂ ਰੁਪਏ ਕਢਵਾ ਕੇ ਇਸ਼ਤਿਹਾਰ ਛਪਵਾਏ। ਅਕਾਲ ਤਖ਼ਤ ਸਾਹਿਬ ਤੋਂ ਕਦੇ ਮਾਫ਼ੀਨਾਮੇ ਲਿਖਵਾਏ, ਕਦੇ ਵਾਪਸ ਮੁੜਵਾਏ। ਇਹ ਸਾਰਾ ਕੁੱਝ ਬਾਦਲ ਪ੍ਰਵਾਰ ਦੇ ਹੁਕਮਾਂ ਅਧੀਨ ਕੀਤਾ ਕਰਵਾਇਆ ਗਿਆ। 
ਅੰਤ ਵਿਚ ਸ. ਦੁਪਾਲਪੁਰ ਨੇ ਦਾਅਵਾ ਕੀਤਾ ਕਿ ਕਾਂਗਰਸ ਨਾਲ ਤੁਹਾਡੀ ਕਿਸੇ ਗੁਪਤ ਸੌਦੇਬਾਜ਼ੀ ਕਾਰਨ ਨਵੀਂ ‘ਸਿੱਟ’ ਵੀ ਸ਼ਾਇਦ ਤੁਹਾਨੂੰ ਸਜ਼ਾ ਦੇ ਭਾਗੀ ਨਾ ਬਣਾ ਸਕੇ ਪਰ ਇਤਿਹਾਸ ਅਤੇ ਖ਼ਾਲਸਾ ਪੰਥ ਦੇ ਦਿਲਾਂ ’ਚ ਤੁਹਾਡੇ ਨਾਂਅ ਉਤੇ ‘ਕਲੰਕ’ ਲੱਗ ਚੁੱਕਾ ਹੈ। ਸ੍ਰੀਮਾਨ ਜੀ ਚੰਗਾ ਜਾਂ ਮਾੜਾ, ਜੋ ਵੀ ਹੋਇਆ ਹੋਵੇ, ਉਹ ਤਤਕਾਲੀ ਸਰਕਾਰ ਦੇ ਮੱਥੇ ਹੀ ਲਗਦਾ ਹੁੰਦਾ ਹੈ।