ਬਰਗਾੜੀ ਬੇਅਦਬੀ ਮਾਮਲਾ: SIT ਨੂੰ ਮਿਲੀ ਵੱਡੀ ਸਫਲਤਾ, 6 ਡੇਰਾ ਪ੍ਰੇਮੀਆਂ ਨੂੰ ਕੀਤਾ ਗ੍ਰਿਫਤਾਰ
ਸਾਰੇ ਵਿਅਕਤੀ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ
ਫਰੀਦਕੋਟ: ਬਰਗਾੜੀ ਬੇਅਦਬੀ ਮਾਮਲੇ ਵਿੱਚ ਨਵੀਂ ਗਠਿਤ ਐਸਆਈਟੀ ਜਾਂਚ ਟੀਮ ਹੱਥ ਵੱਡੀ ਸਫਲਤਾ ਲੱਗੀ ਹੈ। ਦਰਅਸਲ ਐਤਵਾਰ ਸ਼ਾਮ ਨੂੰ ਐਸਆਈਟੀ ਟੀਮ ਨੇ ਛੇ ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਡੇਰਾ ਪ੍ਰੇਮੀਆਂ ਦੀ ਪਹਿਚਾਣ ਸ਼ਕਤੀ ਸਿੰਘ, ਸੁਖਜਿੰਦਰ ਸਿੰਘ, ਪ੍ਰਦੀਪ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਤੇ ਬਲਜੀਤ ਸਿੰਘ ਵਜੋਂ ਹੋਈ ਹੈ। ਇਹ ਸਾਰੇ ਵਿਅਕਤੀ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਹਨ।
ਦੱਸਣਯੋਗ ਹੈ ਕਿ ਅਣਪਛਾਤੇ ਵਿਅਕਤੀਆਂ ਨੇ 12 ਅਕਤੂਬਰ, 2015 ਦੀ ਰਾਤ ਨੂੰ ਪਿੰਡ ਬਰਗਾੜੀ ਦੀਆਂ ਗਲੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਪਾੜ ਕੇ ਖਿਲਾਰੇ ਸਨ।
ਇਸ ਤੋਂ ਪਹਿਲਾਂ 24 ਸਤੰਬਰ, 2015 ਨੂੰ ਪਿੰਡ ਬਰਗਾੜੀ ਵਿੱਚ ਇਤਰਾਜ਼ਯੋਗ ਪੋਸਟਰ ਲਾਏ ਗਏ ਸਨ ਤੇ ਦਾਅਵਾ ਕੀਤਾ ਗਿਆ ਸੀ ਕਿ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਪਹਿਲੀ ਜੂਨ ਨੂੰ ਚੋਰੀ ਹੋਇਆ ਸਰੂਪ ਉਨ੍ਹਾਂ ਦੇ ਕਬਜ਼ੇ ਵਿੱਚ ਹੈ। ਹੁਣ ਨਵੀਂ ਜਾਂਚ ਟੀਮ ਨੇ ਦਾਅਵਾ ਕੀਤਾ ਹੈ ਕਿ ਬਰਗਾੜੀ ਵਿੱਚ ਬੇਅਦਬੀ ਦੇ ਦੋਵੇਂ ਮਾਮਲੇ ਸੁਲਝਾ ਲਏ ਗਏ ਹਨ।
ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਅੱਜ ਫ਼ਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਐੱਸਆਈਟੀ ਨੂੰ ਮਿਲੀ ਵੱਡੀ ਸਫਲਤਾ ਤੋਂ ਬਾਅਦ ਗੁਰੂ ਸਾਹਿਬ ਦੇ ਅੰਗਾਂ ਦੀ ਬੇਅਦਬੀ ਤੇ ਸਰੂਪ ਚੋਰੀ ਕਰਨ ਵਿਚ ਸ਼ਾਮਲ ਮੁਲਜ਼ਮਾਂ ਨੂੰ ਸਜ਼ਾਵਾਂ ਮਿਲਣ ਲਈ ਵੱਡੀ ਆਸ ਜਾਗਦੀ ਵੀ ਦਿਖਾਈ ਦੇ ਰਹੀ ਹੈ।