ਮੈਂ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਨਾਲ ਸੀ, ਹਾਂ ਤੇ ਸਦਾ ਰਹਾਂਗਾ : ਸੁਖਜਿੰਦਰ ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰ ਕਾਂਗਰਸ ਦਾ ਭਲਾ ਵਿਚਾਰ ਕੇ, ਬਾਦਲਾਂ ਬਾਰੇ ਜੋ ਵਾਅਦੇ ਵੋਟਰਾਂ ਨਾਲ ਕੀਤੇ ਸੀ, ਉਨ੍ਹਾਂ ਬਾਰੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਜ਼ਰੂਰ ਕਹਾਂਗਾ

Sukhjinder Randhawa

ਚੰਡੀਗੜ੍ਹ (ਸਪੋਕਸਮੈਨ ਟੀਵੀ) : ਪੰਜਾਬ ’ਚ ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ-ਤਿਉਂ ਸਿਆਸਤ ਹੋਰ ਭਖਦੀ ਜਾ ਰਹੀ ਹੈ। ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਕੈਪਟਨ ਸਰਕਾਰ ਨੂੰ ਪਹਿਲਾਂ ਹੀ ਲੋਕਾਂ ਦੇ ਗੁੱਸੇ ਅਤੇ ਅਪਣੇ ਮੰਤਰੀਆਂ ਦੀ ਬਗ਼ਾਵਤ ਝੱਲਣੀ ਪੈ ਰਹੀ ਹੈ। ਮੁੱਖ ਮੰਤਰੀ ਤੋਂ ਨਾਰਾਜ਼ ਚੱਲ ਰਹੇ ਆਗੂਆਂ ’ਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਸ਼ਾਮਲ ਹਨ। ਸਪੋਕਸਮੈਨ ਟੀਵੀ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਸਾਰੇ ਮੁੱਦੇ ’ਤੇ ਅਪਣਾ ਪੱਖ ਰਖਿਆ।

ਸਵਾਲ : ਅੱਜ ਪੰਜਾਬ ਦੇ ਬਹੁਤੇ ਲੋਕ ਕਾਂਗਰਸ ਸਰਕਾਰ ਤੋਂ ਨਾਰਾਜ਼ ਹਨ। ਤੁਹਾਨੂੰ ਕੀ ਲਗਦਾ ਹੈ ਕਿ ਕਿਥੇ ਗ਼ਲਤੀਆਂ ਹੋਈਆਂ ਹਨ?
ਜਵਾਬ :
ਜੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਹਾਂ ਕਿ ਜਦੋਂ ਲੋਕਾਂ ਦਾ ਭਰੋਸਾ ਸਿਆਸਤਦਾਨਾਂ ਤੋਂ ਉਠ ਰਿਹਾ ਹੈ, ਉਦੋਂ ਸਾਡੇ ਵਰਗੇ ਕੱੁਝ ਆਗੂਆਂ ਨੂੰ ਕਤਾਰ ’ਚ ਰਖਿਆ। ਜਦੋਂ ਪੰਜਾਬ ’ਚ ਬੇਅਦਬੀ ਤੇ ਗੋਲੀਕਾਂਡ ਹੋਇਆ, ਉਦੋਂ ਲੋਕਾਂ ਦੇ ਮਨਾਂ ’ਚ ਬਹੁਤ ਰੋਸ ਸੀ। ਉਸ ਰੋਸ ’ਚ ਅਸੀਂ ਵੀ ਸ਼ਾਮਲ ਸੀ। ਅਸੀਂ ਹਮੇਸ਼ਾ ਅਰਦਾਸਾਂ ਕਰਦੇ ਰਹੇ ਕਿ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ, ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲੇ।

ਇਤਿਹਾਸ ਨੂੰ ਵੇਖਿਆ ਜਾਵੇ ਤਾਂ ਜਿਸ ਕਿਸੇ ਸ਼ਖ਼ਸ ਨੇ ਵੀ ਗੁਰੂ ਜੀ ਨਾਲ ਧੋਖਾ ਕੀਤਾ, ਉਸ ਨੂੰ ਅੰਜਾਮ ਭੁਗਤਣਾ ਪਿਆ ਹੈ। ਜੋ ਵੀ ਅਪਣੇ ਗੁਰੂ ਨਾਲ ਧੋਖਾ ਕਰਦਾ ਹੈ, ਉਸ ਦੇ ਮਨ ’ਚ ਡਰ ਤੇ ਭੈਅ ਰਹਿੰਦਾ ਹੀ ਹੈ। ਅਸੀਂ ਅਪਣੇ ਆਪ ਨਾਲ ਧੋਖਾ ਕਰ ਸਕਦੇ ਹਾਂ, ਗੁਰੂ ਨਾਲ ਨਹੀਂ। ਇਸੇ ਸਾਰੇ ਦਾ ਡਰ ਸਾਡੇ ਅਤੇ ਸਾਡੇ ਵਰਕਰਾਂ ਦੇ ਮਨਾਂ ’ਚ ਹੈ, ਕਿਉਂਕਿ ਅਸੀਂ ਸਟੇਜਾਂ ਅਤੇ ਵਿਧਾਨ ਸਭਾ ਦੇ ਅੰਦਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਵਾਅਦੇ ਕੀਤੇ ਸਨ।

ਸਵਾਲ : ਇਸ ਸਮੇਂ ਬਹੁਤ ਸਾਰੇ ਕਾਂਗਰਸੀ ਬੇਅਦਬੀ ਦੇ ਮੁੱਦੇ ’ਤੇ ਸਵਾਲ ਚੁੱਕ ਰਹੇ ਹਨ। ਕੀ ਜੇ 5-6 ਮਹੀਨਿਆਂ ਬਾਅਦ ਚੋਣਾਂ ਨਾ ਹੁੰਦੀਆਂ ਤਾਂ ਕੀ ਇਹ ਆਵਾਜ਼ ਨਿਕਲ ਕੇ ਆਉਂਦੀ?
ਜਵਾਬ :
ਮੈਂ ਹਮੇਸ਼ਾ ਇਨ੍ਹਾਂ ਮੁੱਦਿਆਂ ਵਿਰੁਧ ਅਪਣੀ ਆਵਾਜ਼ ਬੁਲੰਦ ਕਰਦਾ ਰਿਹਾ ਹਾਂ। ਮੈਂ ਵਿਧਾਨ ਸਭਾ ਦੇ ਹਰੇਕ ਸੈਸ਼ਨ ’ਚ ਅਪਣੀ ਆਵਾਜ਼ ਚੁੱਕੀ ਹੈ। ਮੈਂ ਲਾਲਚੀ ਤਾਂ ਹੋ ਸਕਦਾ ਹਾਂ, ਪਰ ਅਪਣੇ ਗੁਰੂ ਨਾਲ ਧੋਖਾ ਨਹੀਂ ਕਰ ਸਕਦਾ। ਅਪਣੇ ਦਾਦਾ, ਪਿਤਾ ਦੇ ਨਕਸ਼ੇ ਕਦਮਾਂ ’ਤੇ ਚਲਦਿਆਂ ਮੈਂ ਇਹੀ ਸਿਖਿਆ ਹੈ ਕਿ ਜੇ ਗੁਰੂ ਜੀ ਹਨ ਤਾਂ ਹੀ ਮੈਂ ਹਾਂ। 

ਸਵਾਲ : ਤੁਸੀਂ ਬੇਅਦਬੀ ਦੇ ਮੁੱਦੇ ’ਤੇ ਅਪਣਾ ਅਸਤੀਫ਼ਾ ਵੀ ਦਿਤਾ ਸੀ। ਜਿਵੇਂ ਦੇ ਅੱਜ ਹਾਲਾਤ ਬਣੇ ਹੋਏ ਹਨ, ਕੀ ਤੁਹਾਡਾ ਅਸਤੀਫ਼ਾ ਮਨਜ਼ੂਰ ਹੋਵੇਗਾ?
ਜਵਾਬ :
ਜਦੋਂ ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫ਼ਾ ਦਿਤਾ ਤਾਂ ਉਨ੍ਹਾਂ ਨੇ ਉਹ ਪਾੜ ਦਿਤਾ ਸੀ। ਅਸਤੀਫ਼ਾ ਦੇਣਾ ਕਦੇ ਵੀ ਡਰਾਮਾ ਨਹੀਂ ਹੁੰਦਾ। ਮੇਰੇ ਮਨ ਨੂੰ ਸੱਟ ਲੱਗੀ ਕਿ ਕੀ ਮੈਂ ਅਪਣੀ ਸਰਕਾਰ ਦੇ ਗ਼ਲਤ ਫ਼ੈਸਲਿਆਂ ਵਿਰੁਧ ਬੋਲ ਵੀ ਨਹੀਂ ਸਕਦਾ?

ਜੇ ਮੈਂ ਅਪਣੀ ਸਰਕਾਰ ਦੇ ਵਧੀਆ ਕੰਮਾਂ ਦੀ ਤਾਰੀਫ਼ ਕਰ ਸਕਦਾ ਹਾਂ ਤਾਂ ਜਿਥੇ ਸਾਡੀ ਸਰਕਾਰ ਦੀ ਗ਼ਲਤੀ ਹੋਵੇਗੀ ਤਾਂ ਮੈਂ ਉਦੋਂ ਵੀ ਆਵਾਜ਼ ਚੁੱਕਾਂਗਾ ਕਿ ਇਹ ਕੰਮ ਗ਼ਲਤ ਹੋਏ ਹਨ। ਮੈਂ ਉਦੋਂ ਅਪਣੇ ਇਕ ਬਿਆਨ ’ਚ ਇਹ ਵੀ ਕਿਹਾ ਸੀ ਕਿ ਅਸੀਂ ਸੁਪਰੀਮ ਕੋਰਟ ’ਚ ਲੜਾਈ ਲੜ ਕੇ ਬਰਗਾੜੀ ਦਾ ਮਾਮਲਾ ਪੰਜਾਬ ਸਰਕਾਰ ਅਧੀਨ ਲੈ ਕੇ ਆਏ ਹਾਂ। ਉਦੋਂ ਸਾਡੀ ਸਰਕਾਰ ਨੂੰ ਫਾਸਟ ਟਰੈਕ ਅਦਾਲਤ ’ਚ ਇਹ ਮਾਮਲਾ ਲਿਜਾਣਾ ਚਾਹੀਦਾ ਸੀ ਅਤੇ ਹੁਣ ਤਕ ਤਾਂ ਫ਼ੈਸਲਾ ਵੀ ਆ ਗਿਆ ਹੁੰਦਾ।

ਸਵਾਲ : ਅਕਾਲੀਆਂ ਦਾ ਕਹਿਣਾ ਹੈ ਕਿ ਪਹਿਲਾਂ ਕਾਂਗਰਸ ਨੇ ਹੀ ਦਬਾਅ ਪਾ ਕੇ ਇਹ ਕੇਸ ਸੀਬੀਆਈ ਨੂੰ ਦਿਵਾਇਆ ਸੀ। ਜੇ ਸੀਬੀਆਈ ਨੂੰ ਨਾ ਭੇਜਿਆ ਜਾਂਦਾ ਤਾਂ ਮਾਮਲੇ ਇਥੇ ਹੀ ਹੱਲ ਹੋ ਜਾਂਦਾ। ਅਕਾਲੀਆਂ ਦਾ ਦੋਸ਼ ਹੈ ਕਿ ਮੌੜ ਮੰਡੀ ਬੰਬ ਧਮਾਕਾ ਮਾਮਲੇ ’ਚ ਚਾਰਜਸ਼ੀਟ ਫ਼ਾਈਲ ਹੋ ਕੇ ਚਲਾਨ ਹੋਣ ਮਗਰੋਂ ਵੀ ਕੋਈ ਗਿ੍ਰਫ਼ਤਾਰੀ ਨਹੀਂ ਹੋਈ। ਜਿਹੜੇ ਵੀ ਡੇਰਾ ਪ੍ਰੇਮੀ ਫੜੇ ਗਏ, ਉਨ੍ਹਾਂ ਦਾ ਜੇਲਾਂ ’ਚ ਕਤਲ ਹੋ ਗਿਆ। ਅਕਾਲੀ ਦਲ ਖ਼ੁਸ਼ੀ ਨਾਲ ਕਹਿ ਰਿਹਾ ਹੈ ਕਿ ਇਹ ਸਿਆਸੀ ਚਾਲ ਸੀ ਉਨ੍ਹਾਂ ਨੂੰ ਬਦਨਾਮ ਕਰਨ ਦੀ?
ਜਵਾਬ :
ਪਿਛਲੇ ਦਿਨਾਂ ’ਚ ਆਏ ਹਾਈ ਕੋਰਟ ਦੇ ਫ਼ੈਸਲੇ ’ਤੇ ਜਿਹੜੇ ਲੋਕ ਜਸ਼ਨ ਮਨਾ ਰਹੇ ਹਨ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮੇਰਾ ਵੀ ਮੰਨਣਾ ਹੈ ਕਿ ਮੌੜ ਬੰਬ ਧਮਾਕੇ ਦੇ ਮਾਮਲੇ ’ਚ ਹੁਣ ਤਕ ਜਾਂਚ ਪੂਰੀ ਹੋ ਜਾਣੀ ਚਾਹੀਦੀ ਸੀ। ਬਰਗਾੜੀ ਕੇਸ ਨੂੰ ਸਾਡੇ ਵਲੋਂ ਸੀਬੀਆਈ ਨੂੰ ਦੇਣ ਦਾ ਦੋਸ਼ ਗ਼ਲਤ ਹੈ। ਸੁਨੀਲ ਜਾਖੜ ਸਮੇਤ ਸਾਰੇ ਕਾਂਗਰਸੀ ਆਗੂਆਂ ਨੇ ਇਸ ਕੇਸ ਨੂੰ ਸੀਬੀਆਈ ਨੂੰ ਦਿਤੇ ਜਾਣ ਦਾ ਵਿਰੋਧ ਕੀਤਾ ਸੀ। ਸਾਡਾ ਸਪੱਸ਼ਟ ਸਟੈਂਡ ਸੀ ਕਿ ਸੀਬੀਆਈ ਕੋਲ ਕੇਸ ਨਹੀਂ ਜਾਣਾ ਚਾਹੀਦਾ, ਕਿਉਂਕਿ ਕੇਂਦਰ ’ਚ ਇਨ੍ਹਾਂ ਦੀ ਭਾਈਵਾਲ ਪਾਰਟੀ ਭਾਜਪਾ ਸੀ। ਜੇਲ ’ਚ ਮਾਰੇ ਗਏ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਬਿਆਨ ਸਾਡੇ ਕੋਲ ਹਨ। ਜਾਂਚ ’ਚ ਬਿੱਟੂ ਦੇ ਨਾ ਹੋਣ ਨਾਲ ਕੋਈ ਫ਼ਰਕ ਨਹੀਂ ਪਵੇਗਾ।

ਸਵਾਲ : ਬੇਅਦਬੀ ਮਾਮਲਿਆਂ ਦੀ ਪੈਰਵੀ ਲਈ ਤੁਹਾਡੀ ਸਰਕਾਰ ਕੋਲ 25-25 ਲੱਖ ਰੁਪਏ ਪ੍ਰਤੀ ਦਿਨ ਫ਼ੀਸ ਵਾਲੇ ਵਕੀਲਾਂ ਦੀ ਫ਼ੌਜ ਹੈ। ਉਸ ਤੋਂ ਬਾਅਦ ਵੀ ਕੋਈ ਨਿਆਂ ਨਾ ਮਿਲਿਆ। ਨਸ਼ੇ ’ਚ ਐਸਟੀਐਫ਼ ਦੀ ਰੀਪੋਰਟ ਕਿਉਂ ਨਹੀਂ ਖੋਲ੍ਹੀ, ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰੀਪੋਰਟ ’ਚ ਛੋਟੀਆਂ-ਛੋਟੀਆਂ ਗ਼ਲਤੀਆਂ ਕਿਉਂ ਛੱਡੀਆਂ ਗਈਆਂ, ਜਿਸ ਨਾਲ ਕੇਸ ਕਮਜ਼ੋਰ ਹੋਇਆ? ਕੀ ਇਹ ਗ਼ਲਤੀਆਂ ਛੱਡਣ ਦਾ ਕਾਰਨ ਕੋਈ ਸਾਜ਼ਸ਼ ਹੈ ਜਾਂ ਅਣਗਹਿਲੀ?
ਜਵਾਬ :
ਇਸ ਬਾਰੇ ਮੈਂ ਖ਼ੁਦ ਭੰਬਲਭੂਸੇ ’ਚ ਹਾਂ ਕਿ ਇੰਨੇ ਅਹਿਮ ਕੇਸ ’ਚ ਕਿਵੇਂ ਗ਼ਲਤੀਆਂ ਹੋਈਆਂ। ਜੇ ਮੈਂ ਸਿਆਸਤਦਾਨ ਹਾਂ ਤਾਂ ਸਿਆਸੀ ਗੱਲਾਂ ਹੀ ਕਰਾਂਗਾ। ਮੈਂ ਸਿਆਸਤ ਵੀ ਉਹੀ ਕਰਾਂਗਾ, ਜਿਸ ’ਚ ਲੋਕਾਂ ਸਾਹਮਣੇ ਖੜਾ ਹੋ ਕੇ ਕਹਿ ਸਕਾਂ ਕਿ ਅਸੀਂ ਤੁਹਾਡੇ ਨਾਲ ਇਹ ਗੱਲਾਂ ਕੀਤੀਆਂ ਸਨ ਅਤੇ ਉਸ ਨੂੰ ਪੂਰਾ ਕੀਤਾ ਜਾਂ ਨਹੀਂ ਕੀਤਾ। 

ਸਵਾਲ : ਕੈਪਟਨ ਅਮਰਿੰਦਰ ਸਿੰਘ ਨੇ ਸਟੇਜ ’ਤੇ ਖਲੋ ਕੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਨਸ਼ੇ ਦਾ ਲੱਕ ਤੋੜਨ ਦੀ ਗੱਲ ਕਹੀ ਸੀ, ਕੀ ਅਜਿਹਾ ਹੋਇਆ?
ਜਵਾਬ :
ਬਿਲਕੁਲ ਨਹੀਂ ਹੋਇਆ। ਕੋਸ਼ਿਸ਼ ਤਾਂ ਹੋਈ, ਪਰ ਪਤਾ ਨਹੀਂ ਕਿਥੇ ਰੁਕ ਗਈ। ਜਿਹੜੀ ਹਰਪ੍ਰੀਤ ਸਿੱਧੂ ਦੀ ਰੀਪੋਰਟ ਸੀ, ਉਹ ਅੱਜ ਤਕ ਹਾਈ ਕੋਰਟ ’ਚ ਪਈ ਧੂੜ ਖਾ ਰਹੀ ਹੈ। ਇਸ ਬਾਰੇ ਲੋਕ ਅੱਜ ਤਕ ਸਾਨੂੰ ਪੁਛਦੇ ਹਨ। ਜੇ ਅਸੀਂ ਸਟੇਜ ’ਤੇ ਖੜੇ ਹੋ ਕੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਤਾਂ ਜਵਾਬ ਵੀ ਦੇਣੇ ਪੈਣਗੇ। ਪਾਰਟੀ ’ਚ ਰਹਿ ਕੇ ਅਨੁਸ਼ਾਸਨ ’ਚ ਗੱਲ ਕਰਨੀ ਪੈਂਦੀ ਹੈ। ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਹਰਪ੍ਰੀਤ ਸਿੱਧੂ ਦੀ ਜਿਹੜੀ ਰੀਪੋਰਟ ਹਾਈ ਕੋਰਟ ’ਚ ਸੀਲਬੰਦ ਪਈ ਹੈ, ਉਸ ਨੂੰ ਸਾਹਮਣੇ ਲਿਆਉਣਾ ਚਾਹੀਦਾ ਸੀ।

ਭਾਵੇਂ ਉਸ ਰੀਪੋਰਟ ’ਚ ਕੱੁਝ ਨਾ ਲਿਖਿਆ ਹੋਵੇ ਜਾਂ ਬਿਕਰਮ ਸਿੰਘ ਮਜੀਠੀਆ ਨੂੰ ਕਲੀਨ ਚਿੱਟ ਦਿਤੀ ਹੋਵੇ। ਪਰ ਰੀਪੋਰਟ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਿਧਾਰਥ ਚਟੋਪਾਧਿਆਏ ਦੀ ਸੀਲਬੰਦ ਰੀਪੋਰਟ ਵੀ ਲੋਕਾਂ ਸਾਹਮਣੇ ਲਿਆਉਣੀ ਚਾਹੀਦੀ ਹੈ। ਇਸ ਨਾਲ ਲੋਕਾਂ ਨੂੰ ਪਤਾ ਲੱਗੇਗਾ ਕਿ ਨਸ਼ੇ ਦਾ ਲੱਕ ਟੁਟਿਆ ਜਾਂ ਨਹੀਂ। ਜਦੋਂ ਸਾਬਕਾ ਡੀਐਸਪੀ ਜਗਦੀਸ਼ ਭੋਲਾ ਨੂੰ 6000 ਕਰੋੜ ਦੇ ਨਸ਼ੇ ਸਮੇਤ ਗਿ੍ਰਫ਼ਤਾਰ ਕੀਤਾ ਗਿਆ ਸੀ, ਤਾਂ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਪਤਾ ਲਗਾਇਆ ਜਾਵੇ ਕਿ ਉਹ ਨਸ਼ਾ ਕਿਥੇ ਗਿਆ, ਕਿਥੇ-ਕਿਥੇ ਵੰਡਿਆ ਗਿਆ? 

ਸਵਾਲ : ਕੀ ਪੰਜਾਬ ਕੈਬਨਿਟ ਇਕਜੁਟ ਹੈ, ਇਸ ਬਾਰੇ ਲੋਕ ਭੰਬਲਭੂਸੇ ’ਚ ਹਨ। ਸਰਕਾਰਾਂ ’ਚ ਅਕਸਰ ਅਜਿਹਾ ਹੁੰਦਾ ਹੈ ਜੋ ਬਗ਼ਾਵਤੀ ਸੁਰ ਅਖਤਿਆਰ ਕਰਦਾ ਹੈ, ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿਤਾ ਜਾਂਦਾ ਹੈ?
ਜਵਾਬ :
ਇਹ ਤਾਂ ਹਰੇਕ ਸਰਕਾਰ ਵੇਲੇ ਹੁੰਦਾ ਆਇਆ ਹੈ। ਜੇ ਮੰਤਰੀ ਬਣੇ ਹਾਂ ਤਾਂ ਇਨ੍ਹਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਵੇਗਾ। ਜੇ ਸ਼ੀਸ਼ੇ ਦੇ ਮਹਿਲ ’ਚ ਰਹਿਣਾ ਹੈ ਤਾਂ ਖ਼ੁਦ ਨੂੰ ਬਚਾ ਕੇ ਰਖਣਾ ਪਵੇਗਾ। ਜੇ ਕੋਈ ਗ਼ਲਤੀ ਕਰਦਾ ਹੈ ਤਾਂ ਉਸ ਦੀ ਫ਼ਾਈਲ ਖੁਲ੍ਹਣੀ ਚਾਹੀਦੀ ਹੈ ਅਤੇ ਜਾਂਚ ਹੋਣੀ ਚਾਹੀਦੀ ਹੈ। 

ਸਵਾਲ : ਪੰਜਾਬ ਕਾਂਗਰਸ ’ਚ ਕਾਫ਼ੀ ਦਿਨ ਤੋਂ ਧੜੇਬਾਜ਼ੀ ਚੱਲ ਰਹੀ ਹੈ, ਅਜਿਹਾ ਕਿਉਂ?
ਜਵਾਬ :
ਅਸੀਂ ਅਕਸਰ ਇਕ ਦੂਜੇ ਮੰਤਰੀ ਨਾਲ ਮੀਟਿੰਗਾਂ ਕਰਦੇ ਰਹਿੰਦੇ ਹਾਂ। ਕੈਬਨਿਟ ਨੇ ਅੱਜ ਤਕ ਹਮੇਸ਼ਾ ਇਕ ਆਵਾਜ਼ ’ਚ ਗੱਲ ਕੀਤੀ ਹੈ। ਕਦੇ ਵੀ ਦੋ ਰਾਇ ਨਹੀਂ ਹੋਈਆਂ ਹਨ। ਜੋ ਕੈਬਨਿਟ ਫ਼ੈਸਲਾ ਕਰਦੀ ਹੈ, ਉਸ ਨੂੰ ਸਾਰੇ ਮੰਤਰੀ ਮੰਨਦੇ ਹਨ। ਕੈਬਨਿਟ ’ਚ ਧੜੇਬਾਜ਼ੀ ਵਾਲੀ ਕੋਈ ਗੱਲ ਨਹੀਂ। ਮੀਟਿੰਗਾਂ ਪਹਿਲਾਂ ਵੀ ਹੋਈਆਂ ਹਨ ਅਤੇ ਅੱਗੇ ਵੀ ਹੁੰਦੀਆਂ ਰਹਿਣਗੀਆਂ। 

ਸਵਾਲ : ਕੀ ਇਨ੍ਹਾਂ ਮੀਟਿੰਗਾਂ ਨੂੰ ਬਗ਼ਾਵਤ ਕਹਾਂਗੇ? ਨਵਜੋਤ ਸਿੱਧੂ ਵੀ ਲਗਾਤਾਰ ਨਿਸ਼ਾਨੇ ਸਾਧ ਰਹੇ ਹਨ। ਕੀ ਉਹ ਕਾਂਗਰਸ ’ਚ ਹਨ ਜਾਂ ਨਹੀ?ਂ
ਜਵਾਬ :
ਕਾਂਗਰਸ ’ਚ ਸਾਲ 2004 ’ਚ ਵੀ ਕੈਪਟਨ ਅਮਰਿੰਦਰ ਸਿੰਘ ਵਿਰੁਧ ਬਗ਼ਾਵਤ ਹੋਈ ਸੀ। ਬਾਕੀ ਪਾਰਟੀਆਂ ’ਚ ਵੀ ਬਗ਼ਾਵਤ ਹੁੰਦੀ ਰਹੀ ਹੈ। ਮੌਜੂਦਾ ਸਮੇਂ ਕਾਂਗਰਸ ’ਚ ਸਾਰੇ ਇਕਜੁਟ ਹਨ। ਨਵਜੋਤ ਸਿੱਧੂ ਵਲੋਂ ਲਗਾਤਾਰ ਸਰਕਾਰ ਵਿਰੋਧੀ ਟਵੀਟ ਕਰਨੇ ਠੀਕ ਨਹੀਂ ਹਨ। ਇਸ ਨਾਲੋਂ ਤਾਂ ਵਧੀਆ ਹੈ ਕਿ ਪੱਤਰਕਾਰਾਂ ਸਾਹਮਣੇ ਬੈਠ ਕੇ ਸਵਾਲਾਂ ਦੇ ਜਵਾਬ ਦਿਤੇ ਜਾਣ। ਨਵਜੋਤ ਸਿੱਧੂ ਕਾਂਗਰਸ ਨੂੰ ਨਹੀਂ ਛੱਡਣਗੇ। ਉਨ੍ਹਾਂ ਨੂੰ ਅਜਿਹਾ ਫ਼ੈਸਲਾ ਲੈਣਾ ਵੀ ਨਹੀਂ ਚਾਹੀਦਾ। ਮੇਰਾ ਮਨ ਕਹਿੰਦਾ ਹੈ ਕਿ ਨਵਜੋਤ ਸਿੱਧੂ ਕਿਸੇ ਹੋਰ ਪਾਰਟੀ ’ਚ ਨਹੀਂ ਜਾਣਗੇ ਅਤੇ ਨਾ ਹੀ ਕਾਂਗਰਸ ਨੂੰ ਛੱਡਣਗੇ। ਨਵਜੋਤ ਸਿੱਧੂ ਕਹਿੰਦੇ ਹਨ ਕਿ ਕਾਂਗਰਸ ਉਨ੍ਹਾਂ ਦੀ ਮਾਂ ਪਾਰਟੀ ਹੈ ਅਤੇ ਮਾਂ ਨੂੰ ਕਦੇ ਕੋਈ ਧੋਖਾ ਨਹੀਂ ਦਿੰਦਾ।

ਸਵਾਲ : ਕੈਪਟਨ ਅਮਰਿੰਦਰ ਸਿੰਘ ਨੇ ਤਾਂ ਕਹਿ ਦਿਤਾ ਹੈ ਕਿ ਉਨ੍ਹਾਂ ਵਲੋਂ ਦਰਵਾਜ਼ੇ ਬੰਦ ਹਨ। ਦੂਜੇ ਪਾਸੇ ਸਿੱਧੂ ਲਗਾਤਾਰ ਟਵੀਟ ਕਰ ਰਹੇ ਹਨ। ਅਜਿਹਾ ਕਿਉਂ?
ਜਵਾਬ :
ਇਹ ਤਾਂ ਕਾਂਗਰਸ ਹਾਈਕਮਾਨ ਅਤੇ ਕੈਪਟਨ ਅਮਰਿੰਦਰ ਸਿੰਘ ਹੀ ਫ਼ੈਸਲਾ ਕਰਨਗੇ ਕਿ ਦਰਵਾਜ਼ਾ ਬੰਦ ਰਖਣਾ ਹੈ ਜਾਂ ਖੁਲ੍ਹਾ। ਸਿੱਧੂ ਵਲੋਂ ਬਗ਼ਾਵਤ ਵਰਗੀ ਕੋਈ ਗੱਲ ਨਹੀਂ। ਅਸਲ ’ਚ ਸਾਡੇ ਮਨ ’ਚ ਡਰ ਪੈਦਾ ਹੋ ਗਿਆ ਹੈ ਕਿ ਲੋਕਾਂ ਕੋਲ ਕਿਹੜੇ ਮੂੰਹ ਨਾਲ ਜਾਵਾਂਗੇ? ਕਿਸ ਮੁੱਦੇ ’ਤੇ ਵੋਟਾਂ ਮੰਗਾਂਗੇ? ਲੋਕ ਪੁਛਦੇ ਹਨ ਕਿ ਅਸੀਂ ਸਾਢੇ 4 ਸਾਲ ’ਚ ਕਿਉਂ ਬੇਅਦਬੀ ਦੇ ਮਾਮਲੇ ’ਚ ਇਨਸਾਫ਼ ਨਾ ਦਿਵਾਇਆ?

ਸਵਾਲ : ਪ੍ਰਤਾਪ ਸਿੰਘ ਬਾਜਵਾ ਨੇ ਸਰਕਾਰ ਨੂੰ ਚਿਤਾਵਨੀ ਦਿਤੀ ਸੀ ਕਿ ਨਵੀਂ ਐਸਆਈਟੀ ਨੂੰ ਜਾਂਚ ਪੂਰੀ ਕਰਨ ਲਈ ਇਕ ਮਹੀਨਾ ਦਿੰਦੇ ਹਾਂ। ਉਸ ਮਗਰੋਂ ਕੋਈ ਕਦਮ ਚੁੱਕਾਂਗੇ। ਕੀ ਤੁਸੀਂ ਉਨ੍ਹਾਂ ਦੇ ਸੰਪਰਕ ’ਚ ਹੋ?
ਜਵਾਬ :
ਪ੍ਰਤਾਪ ਸਿੰਘ ਬਾਜਵਾ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ। ਭਾਵੇਂ ਕਈ ਵਾਰ ਸਾਡੇ ਮਤਭੇਦ ਹੁੰਦੇ ਹਨ, ਪਰ ਪਾਰਟੀ ਲਈ ਅਸੀਂ ਹਮੇਸ਼ਾ ਇਕਜੁਟ ਹਾਂ।

ਸਵਾਲ : ਬੇਅਦਬੀ ਕਾਂਡ ਮਗਰੋਂ ਸਾਫ਼ ਨਜ਼ਰ ਆ ਰਿਹਾ ਸੀ ਕਿ ਪੰਜਾਬ ਪੁਲਿਸ ਨੇ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ। ਫਿਰ ਕਿਉਂ ਇਨਸਾਫ਼ ਨਾ ਮਿਲਿਆ?
ਜਵਾਬ :
ਇਸ ਮਾਮਲੇ ’ਚ ਬਿਲਕੁਲ ਸਪੱਸ਼ਟ ਸੀ ਕਿ ਪੁਲਿਸ ਨੇ ਗੋਲੀਆਂ ਚਲਾਈਆਂ। ਬਹੁਤੀ ਜ਼ਿਆਦਾ ਜਾਂਚ ਕਰਨ ਦੀ ਲੋੜ ਹੀ ਨਹੀਂ ਸੀ। ਜਿਸ ਨੇ ਗੋਲੀ ਚਲਾਉਣ ਦਾ ਆਰਡਰ ਦਿਤਾ ਅਤੇ ਜਿਸ ਨੇ ਗੋਲੀ ਚਲਾਈ, ਉਸ ਨੂੰ ਗਿ੍ਰਫ਼ਤਾਰ ਕਰ ਕੇ ਜੇਲ ’ਚ ਤੁਰਤ ਬੰਦ ਕੀਤਾ ਜਾਣਾ ਚਾਹੀਦਾ ਸੀ। ਇਹ ਪੂਰੀ ਘਟਨਾ ਵੀਡੀਉ ’ਚ ਕੈਦ ਹੋਈ ਸੀ। ਅਜਿਹੇ ’ਚ ਇੰਨੀ ਲੰਮੀ ਜਾਂਚ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਸੀ। 

ਸਵਾਲ : ਨਵਜੋਤ ਸਿੰਘ ਸਿੱਧੂ ਕਾਂਗਰਸ ਦੀ ਪ੍ਰਧਾਨਗੀ ਜਾਂ ਉਪ ਮੁੱਖ ਮੰਤਰੀ ਦਾ ਅਹੁਦਾ ਚਾਹੁੰਦੇ ਹਨ। ਤੁਸੀਂ ਕੀ ਕਹੋਗੇ?
ਜਵਾਬ :
ਇਸ ਦਾ ਫ਼ੈਸਲਾ ਪਾਰਟੀ ਹਾਈਕਮਾਨ ਨੇ ਕਰਨਾ ਹੈ। ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ, ਭਾਵੇਂ ਉਨ੍ਹਾਂ ਨੂੰ ਜਿਹੜਾ ਮਰਜ਼ੀ ਅਹੁਦਾ ਦੇ ਦਿਤਾ ਜਾਵੇ। ਕਾਂਗਰਸ ’ਚ ਸਾਰਿਆਂ ਲਈ ਦਰਵਾਜ਼ੇ ਖੁਲ੍ਹੇ ਹਨ। ਕੋਈ ਆ ਕੇ ਜਿਹੜੇ ਮਰਜ਼ੀ ਅਹੁਦੇ ’ਤੇ ਬੈਠ ਸਕਦਾ ਹੈ। ਮੈਂ ਪਾਰਟੀ ਦੇ ਨਾਲ ਹਾਂ, ਕਿਸੇ ਆਗੂ ਦੇ ਨਾਲ ਨਹੀਂ।

ਸਵਾਲ : ਜੇ ਸਰਕਾਰ ਨੇੇ ਕੰਮ ਕੀਤਾ ਹੁੰਦਾ ਤਾਂ ਪ੍ਰਚਾਰਕ (ਪ੍ਰਸ਼ਾਂਤ ਕਿਸ਼ੋਰ) ਦੀ ਲੋੜ ਪੈਂਦੀ?
ਜਵਾਬ :
ਪ੍ਰਸ਼ਾਂਤ ਕਿਸ਼ੋਰ ਨੇ ਜੋ ਪਛਮੀ ਬੰਗਾਲ ’ਚ ਕੀਤਾ, ਉਹ ਕਾਬਲੇ ਤਾਰੀਫ਼ ਹੈ। ਉਸ ਦੀ ਕਾਬਲੀਅਤ ’ਤੇ ਸਵਾਲ ਨਹੀਂ ਚੁਕਿਆ ਜਾ ਸਕਦਾ। ਉਸ ਨੇ ਕਿਹਾ ਸੀ ਕਿ ਬੰਗਾਲ ’ਚ ਭਾਜਪਾ 100 ਦੇ ਅੰਕੜੇ ਨੂੰ ਪਾਰ ਨਹੀਂ ਕਰੇਗੀ ਅਤੇ ਉਂਜ ਹੀ ਹੋਇਆ। ਜਿਹੜਾ ਸ਼ਖ਼ਸ ਭਾਜਪਾ ਦੇ ਅੱਗੇ ਖੜਾ ਹੋ ਕੇ ਅਪਣੇ ਸ਼ਬਦਾਂ ’ਤੇ ਕਾਇਮ ਰਿਹਾ, ਅਜਿਹੇ ਸ਼ਖ਼ਸ ਦੀ ਲੋੜ ਪੰਜਾਬ ਸਮੇਤ ਪੂਰੇ ਦੇਸ਼ ਨੂੰ ਹੈ।