ਆਪਣੀ ਹੀ ਸਰਕਾਰ ਖਿਲਾਫ਼ ਬੋਲੇ ਪਰਗਟ ਸਿੰਘ, ਕਿਹਾ- ਕੈਪਟਨ ਦਿਵਾ ਰਿਹੈ ਮੈਨੂੰ ਧਮਕੀਆਂ

ਏਜੰਸੀ

ਖ਼ਬਰਾਂ, ਪੰਜਾਬ

ਅਸੀਂ ਬੇਅਦਬੀ ਮਾਮਲਾ, ਨਸ਼ਾ ਤਸਕਰੀ, ਮਾਈਨਿੰਗ ਤੇ ਮਾਫੀਆ ਵਰਗੇ ਮੁੱਦੇ ਚੁੱਕ ਕੇ ਪੰਜਾਬ ਨੂੰ ਲੀਹ ਤੇ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ - ਪਰਗਟ ਸਿੰਘ

Pargat Singh

ਚੰਡੀਗੜ੍ਹ: ਬੇਅਦਬੀ ਮਾਮਲੇ ਦੀ ਜਾਂਚ ਨੂੰ ਲੈ ਕੇ ਕਾਂਗਰਸੀ ਆਪਣੀ ਹੀ ਸਰਕਾਰ 'ਤੇ ਭਾਰੀ ਪੈ ਰਹੇ ਹਨ। ਇਹ ਮਾਮਲਾ ਦਿਨੋਂ-ਦਿਨ ਇੱਕ ਵਾਰ ਫੇਰ ਤੇਜ਼ੀ ਫੜ੍ਹਦਾ ਜਾ ਰਿਹਾ ਹੈ। ਬੀਤੇ ਕੱਲ੍ਹ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਬਾਦਲ ਨੂੰ ਜਵਾਬ ਦਿੰਦੇ ਹੋਏ ਕੋਟਕਪੂਰਾ ਗੋਲੀਕਾਂਡ ਦੀਆਂ ਸੀਸੀਟੀਵੀ ਫੁਟੇਜ ਜਨਤਕ ਕੀਤੀਆਂ ਸੀ। ਹੁਣ ਇਸ ਮਾਮਲੇ ਵਿਚ ਨਵਜੋਤ ਸਿੱਧੂ ਦੇ ਨਾਲ ਪ੍ਰਗਟ ਸਿੰਘ ਵੀ ਆਪਣੀ ਸਰਕਾਰ ਖਿਲਾਫ਼ ਮੈਦਾਨ ਵਿਚ ਉੱਤਰ ਆਏ ਹਨ। ਹਲਾਤ ਇਹ ਹਨ ਕਿ ਪਰਗਟ ਸਿੰਘ ਦਾ ਕਹਿਣਾ ਹੈ ਕਿ ਕੈਪਟਨ ਨੇ ਉਹਨਾਂ ਨੂੰ ਧਮਕੀ ਦਿੱਤੀ ਹੈ। 

ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਸਿੰਘ ਨੇ ਕਿਹਾ," ਵੀਰਵਾਰ ਨੂੰ ਮੈਨੂੰ ਕੈਪਟਨ ਸੰਦੀਪ ਸੰਧੂ  ਦਾ ਫੋਨ ਆਇਆ ਕਿ ਜਿਨ੍ਹਾਂ ਕੋਲ ਮੇਰੇ ਲਈ ਮੁੱਖ ਮੰਤਰੀ ਦਾ ਸੰਦੇਸ਼ ਸੀ, ਉਸ ਨੇ ਕਿਹਾ ਕਿ ਉਨ੍ਹਾਂ ਕੋਲ ਤੁਹਾਡੀਆਂ ਕਰਤੂਤਾਂ ਦੀ ਲਿਸਟ ਹੈ ਤੇ ਤੂੰ ਤਿਆਰ ਹੋ ਜਾਂ ਤੈਨੂੰ ਠੀਕ ਕੀਤਾ ਜਾਵੇਗਾ। ਕੀ ਇਹ ਸੱਚ ਬੋਲਣ ਦੀ ਸਜ਼ਾ ਹੈ? ਅਸੀਂ ਬੇਅਦਬੀ ਮਾਮਲਾ, ਨਸ਼ਾ ਤਸਕਰੀ, ਮਾਈਨਿੰਗ ਤੇ ਮਾਫੀਆ ਵਰਗੇ ਮੁੱਦੇ ਚੁੱਕ ਕੇ ਪੰਜਾਬ ਨੂੰ ਲੀਹ ਤੇ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਇਹ ਇਸ ਸਭ ਦੀ ਸਜ਼ਾ ਹੈ ਤਾਂ ਮੈਨੂੰ ਮਨਜ਼ੂਰ ਹੈ।"

ਉਨ੍ਹਾਂ ਕਿਹਾ, "ਮੈਨੂੰ ਨਹੀਂ ਪਤਾ ਸੀ ਕਿ ਰਾਜਨੀਤੀ ਇੰਨੀ ਗੰਦੀ ਚੀਜ਼ ਹੈ। ਉਹਨਾਂ ਕਿਹਾ ਕਿ ਉਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਪਾਲਿਟਿਕਸ ਵਿਚ ਸੁਖਬੀਰ ਬਾਦਲ ਲੈ ਕੇ ਆਏ ਹਨ ਉਹ ਆਉਂਦੇ ਵੀ ਨਹੀਂ ਸਨ ਪਰ ਹੁਣ ਇੰਨਾ ਵੀ ਸੌਖਾ ਨਹੀਂ ਹੋ ਗਿਆ ਕਿ ਹੁਣ ਅਸੀਂ ਪੰਜਾਬ ਦੀ ਲੁੱਟ ਹੁੰਦੀ ਨਹੀਂ ਵੇਖੀਏ। ਉਹਨਾਂ ਕਿਹਾ ਕਿ ਉਹਨਾਂ ਨੇ ਕਦੇ ਵੀ ਕਿਸੇ ਪਾਲੀਟਿਕਲ ਪਾਰਟੀ ਨੂੰ ਮਾੜਾ ਨਹੀਂ ਕਿਹਾ ਸਗੋਂ ਪਾਲਿਟੀਕਲ ਪਾਰਟੀਆਂ ਤਾਂ ਚੰਗੀਆਂ ਹਨ ਪਰ ਉਹਨਾਂ ਨੂੰ ਚਲਾਉਣ ਵਾਲੇ ਲੋਕ ਮਾੜੇ ਹਨ।

ਲੋਕਤੰਤਰ ਨੂੰ ਬਚਾਉਣ ਦੀ ਲੋੜ ਹੈ। ਮੈਂ ਪੁੱਛਣਾ ਚਾਹੁੰਦਾ ਹੈ ਕੈਪਟਨ ਸਾਬ ਅਸੀਂ ਕਿਹੜੇ ਰਸਤੇ ਤੁਰ ਪਏ। ਸਾਨੂੰ ਇਹ ਨਹੀਂ ਕਰਨਾ ਚਾਹੀਦਾ।" ਪ੍ਰਗਟ ਸਿੰਘ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ, "ਇਨ੍ਹਾਂ ਸਾਰੀਆਂ ਸੰਸਥਾਵਾਂ ਤਬਾਹ ਕਰ ਦਿੱਤੀ ਹਨ। ਅਫਸਰ ਕਠਪੁਤਲੀਆਂ ਵਾਂਗ ਕੰਮ ਕਰ ਰਹੇ ਹਨ। ਜੇ ਉਹ ਮੈਂਨੂੰ ਸਹੀ ਲਈ ਖੜ੍ਹੇ ਹੋਣ ਦੀ ਸਜ਼ਾ ਦੇਣਾ ਚਾਹੁੰਦੇ ਹਨ ਤਾਂ ਉਹ ਇਸ ਲਈ ਤਿਆਰ ਹਾਂ।"