ਪੁਲਿਸ ਨੇ ਦੋ ਥਾਣੇਦਾਰਾਂ ਦੇ ਕਤਲ ਮਾਮਲੇ ’ਚ ਲੋੜੀਂਦੇ ਮੁਲਜ਼ਮਾਂ ਦੇ ਪੋਸਟਰ ਕੀਤੇ ਜਾਰੀ
''ਥਾਣੇਦਾਰਾਂ ਦੇ ਕਤਲ ਮਾਮਲੇ ’ਚ ਨਾਮੀ ਗੈਂਗਸਟਰ ਜੈਪਾਲ ਫ਼ਿਰੋਜ਼ਪੁਰੀਏ ਦਾ ਹੱਥ ਹੈ''
ਜਗਰਾਉਂ (ਪਰਮਜੀਤ ਸਿੰਘ ਗਰੇਵਾਲ): ਬੀਤੇ ਦਿਨ ਸਥਾਨਕ ਦਾਣਾ ਮੰਡੀ ਵਿਖੇ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਸੀ. ਆਈ. ਏ. ਸਟਾਫ਼ ’ਚ ਤੈਨਾਤ ਏ. ਐਸ. ਆਈ. ਭਗਵਾਨ ਸਿੰਘ ਤੇ ਏ. ਐਸ. ਆਈ. ਦਲਵਿੰਦਰ ਸਿੰਘ ’ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ ’ਚ ਦੋਵਾਂ ਦੀ ਮੌਤ ਤੋਂ ਬਾਅਦ ਪੂਰੇ ਪੁਲਿਸ ਵਿਭਾਗ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਪੁਲਿਸ ਵਲੋਂ ਦੋਸ਼ੀਆਂ ਦੀ ਪੈੜ ਲੱਭਣ ਲਈ ਛਾਣਬੀਣ ਆਰੰਭ ਕਰਦੇ ਅਪਣਾ ਖ਼ੁਫ਼ੀਆਤੰਤਰ ਲਗਾ ਦਿਤਾ ਤੇ ਦੇਰ ਰਾਤ ਤਕ ਦੋਸ਼ੀਆਂ ਵਲੋਂ ਵਰਤਿਆ ਕੈਂਟਰ ਸ਼ੂਗਰ ਮਿੱਲ ਤੋਂ ਬਰਾਮਦ ਹੋਇਆ।
ਉਸ ਤੋਂ ਬਾਅਦ ਪਰਤਾਂ ਖੁਲ੍ਹਦੀਆਂ ਗਈਆਂ ਤੇ ਪੁਲਿਸ ਨੇ ਥਾਣੇਦਾਰਾਂ ਦੇ ਕਾਤਲਾਂ ਦੀਆਂ ਤਸਵੀਰਾਂ ਵੀ ਜਾਰੀ ਕਰ ਦਿਤੀਆਂ। ਇਸ ਮਾਮਲੇ ਸਬੰਧੀ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ. ਐਸ. ਪੀ. ਚਰਨਜੀਤ ਸਿੰਘ ਸੋਹਲ ਨੇ ਦਸਿਆ ਕਿ ਥਾਣੇਦਾਰਾਂ ਦੇ ਕਤਲ ਮਾਮਲੇ ’ਚ ਨਾਮੀ ਗੈਂਗਸਟਰ ਜੈਪਾਲ ਫ਼ਿਰੋਜ਼ਪੁਰੀਏ ਦਾ ਹੱਥ ਹੈ
ਇਸ ਤੋਂ ਇਲਾਵਾ ਬੱਬੀ ਮੋਗਾ, ਜੱਸੀ ਖਰੜ ਤੇ ਇਕ ਅਣਪਛਾਤੇ ਵਿਅਕਤੀ ਸ਼ਾਮਲ ਹੈ, ਜਿਨ੍ਹਾਂ ਵਿਰੁਧ ਥਾਣਾ ਸਿਟੀ ਵਿਖੇ ਮੁਕੱਦਮਾ ਨੰਬਰ 93 ਧਾਰਾ 302, 307, 397, 353, 186, 34 ਆਈ. ਪੀ. ਸੀ., 25, 27 ਅਸਲਾ ਐਕਟ ਤਹਿਤ ਦਰਜ ਕਰ ਕੇ ਪੂਰੇ ਪੰਜਾਬ ਅੰਦਰ ਛਾਪੇਮਾਰੀ ਕੀਤੀ ਜਾ ਰਹੀ ਹੈ। ਐਸ. ਐਸ. ਪੀ. ਨੇ ਦਸਿਆ ਕਿ ਜਲਦ ਹੀ ਇਨ੍ਹਾਂ ਗੈਂਗਸਟਰਾਂ ਨੂੰ ਫੜ੍ਹ ਦੇ ਸ਼ਲਾਖਾਂ ਪਿਛੇ ਦਿਤਾ ਜਾਵੇਗਾ।