ਗਗਨਦੀਪ ਸਿੰਘ ਜਲਾਲਪੁਰ ਨੂੰ PSPCL ਦੇ ਡਾਇਰੈਕਟਰ ਅਹੁਦੇ ਤੋਂ ਹਟਾਇਆ
ਪੰਜਾਬ ਦੇ ਰਾਜਪਾਲ ਨੇ ਇਹ ਹੁਕਮ ਜਾਰੀ ਕੀਤੇ ਹਨ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਵੱਡੀਆਂ -ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਲੋਕ ਹਿੱਤ ਲਈ ਵੱਡੇ ਫ਼ੈਸਲੇ ਵੀ ਲਏ ਜਾ ਰਹੇ ਹਨ।
ਇਸ ਦੇ ਚਲਦੇ ਹੀ ਅੱਜ ਮਾਨ ਸਰਕਾਰ ਵੱਲੋਂ ਪਾਵਰਕਾਮ (PSPCL) ਦੇ ਡਾਇਰੈਕਟਰ ਗਗਨਦੀਪ ਸਿੰਘ ਜਲਾਲਪੁਰ ਨੂੰ ਅਹੁਦੇ ਤੋਂ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੀ ਐਸੋਸੀਏਸ਼ਨ ਦੇ ਆਰਟੀਕਲਜ਼ 45, 46 (ਏ), (ਡੀ) ਅਤੇ 47 (ਏ) ਦੇ ਤਹਿਤ ਕੰਟਰੋਲਿੰਗ ਸ਼ੇਅਰ ਧਾਰਕ ਵਜੋਂ ਦਿੱਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਨੇ ਇਹ ਹੁਕਮ ਜਾਰੀ ਕੀਤੇ ਹਨ।
ਇਸ ਬਾਰੇ ਜਾਰੀ ਚਿਠੀ ਵਿਚ ਗਗਨਦੀਪ ਸਿੰਘ ਜਲਾਲਪੁਰ, ਡਾਇਰੈਕਟਰ ਪ੍ਰਬੰਧ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਤੁਰੰਤ ਪ੍ਰਭਾਵ ਨਾਲ ਅਹੁਦੇ ਤੋਂ ਹਟਾਉਣ ਲਈ ਨਿਰਦੇਸ਼ ਦਿਤੇ ਗਏ ਹਨ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗਗਨਦੀਪ ਸਿੰਘ ਜਲਾਲਪੁਰ ਨੂੰ ਡਾਇਰੈਕਟਰ ਨਿਯੁਕਤ ਕੀਤਾ ਸੀ। ਦੱਸ ਦੇਈਏ ਕਿ ਜੌਲੀ ਜਲਾਲਪੁਰ ਸਾਬਕਾ ਵਿਧਾਇਕ ਮਦਨਲਾਲ ਜਲਾਲਪੁਰ ਦਾ ਬੇਟਾ ਹੈ।