ਕੁੜੀਆਂ ਦੀ ਸਿੱਖਿਆ ਲਈ ਮੁਸਲਿਮ ਭਾਈਚਾਰੇ ਦਾ ਵੱਡਾ ਉਪਰਾਲਾ, ਲੁਧਿਆਣਾ 'ਚ ਬਣੇਗਾ 'ਹਬੀਬ ਗਰਲਜ਼ ਕਾਲਜ' 

ਏਜੰਸੀ

ਖ਼ਬਰਾਂ, ਪੰਜਾਬ

-ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਮਿਲੇਗੀ ਮੁਫ਼ਤ ਸਿੱਖਿਆ 

Habib Girls College to be set up in Ludhiana

-ਤਿੰਨ ਏਕੜ ਜਗ੍ਹਾ ਦੀ ਕੀਤੀ ਖ਼ਰੀਦ 
-10 ਸਤੰਬਰ ਨੂੰ ਰੱਖੀ ਜਾਵੇਗੀ ਕਾਲਜ ਦੀ ਨੀਂਹ 
-ਦੇਸ਼ 'ਚ ਰਹਿੰਦੇ ਹਰ ਭਾਈਚਾਰੇ ਦੀਆਂ ਲੜਕੀਆਂ ਲੈ ਸਕਣਗੀਆਂ ਸਿੱਖਿਆ 
-ਯੂਨੀਵਰਸਿਟੀਆਂ ਤੋਂ ਮਾਨਤਾ ਪ੍ਰਾਪਤ ਵੱਖ-ਵੱਖ ਕੋਰਸਾਂ ਦੀ ਦਿਤੀ ਜਾਵੇਗੀ ਸਹੂਲਤ 
-ਆਪਣੇ ਧਰਮ ਅਤੇ ਰਿਵਾਇਤ ਅਨੁਸਾਰ ਲਿਬਾਸ ਪਾਉਣ ਦੀ ਹੋਵੇਗੀ ਖੁੱਲ੍ਹ 

ਲੁਧਿਆਣਾ : ਪੰਜਾਬ ਵਿਚ ਵਸਦੇ ਮੁਸਲਿਮ ਭਾਈਚਾਰੇ ਵਲੋਂ ਨਿਵੇਕਲੀ ਪਹਿਲਕਦਮੀ ਕੀਤੀ ਜਾ ਰਹੀ ਹੈ। ਸਿਰਫ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਦੀਆਂ ਲੜਕੀਆਂ ਲਈ ਮੁਸਲਿਮ ਭਾਈਚਾਰੇ ਵਲੋਂ ਕਾਲਜ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੱਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਦੇਸ਼ ਭਰ ਦੀਆਂ ਲੜਕੀਆਂ ਲਈ ਇੱਕ ਕਾਲਜ ਬਣਵਾਇਆ ਜਾ ਰਿਹਾ ਹੈ ਜਿਸ ਦਾ ਨਾਮ 'ਹਬੀਬ ਗਰਲਜ਼ ਕਾਲਜ' ਰੱਖਿਆ ਜਾਵੇਗਾ। ਇਸ ਕਾਲਜ ਦਾ ਨੀਂਹਪਥਰ ਆਉਣ ਵਾਲੀ 10 ਸਤੰਬਰ ਨੂੰ ਰੱਖਿਆ ਜਾਵੇਗਾ।

ਵਧੇਰੇ ਜਾਣਕਾਰੀ ਦਿੰਦਿਆਂ ਸ਼ਾਹੀ ਇਮਾਮ ਨੇ ਦੱਸਿਆ ਕਿ ਇਹ ਕਾਲਜ ਮਰਹੂਮ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ-ਰਹਿਮਾਨ ਸਾਨੀ ਲੁਧਿਆਣਵੀ ਦਾ ਸੁਫ਼ਨਾ ਸੀ। ਜਿਸ ਕਾਰਨ ਇਹ ਸੰਸਥਾ ਉਨ੍ਹਾਂ ਨੂੰ ਹੀ ਸਮਰਪਿਤ ਹੋਵੇਗੀ । ਜਾਣਕਾਰੀ ਅਨੁਸਾਰ ਕਾਲਜ ਦਾ ਸਾਰਾ ਖਰਚਾ ਮੁਸਲਿਮ ਭਾਈਚਾਰੇ ਵਲੋਂ ਕੱਢੇ ਦਸਵੰਧ ਤੋਂ ਚਲਾਇਆ ਜਾਵੇਗਾ ਅਤੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਹੋਰ ਭਾਈਚਾਰਾ ਆਪਣਾ ਯੋਗਦਾਨ ਪਾਉਣਾ ਚਾਹਵੇ ਤਾਂ ਉਸ ਦਾ ਸਵਾਗਤ ਹੈ। ਉਨ੍ਹਾਂ ਦੱਸਿਆ ਕਿ ਲੜਕੀਆਂ ਲਈ ਬਣਾਇਆ ਜਾਣ ਵਾਲਾ ਇਹ ਜਨਰਲ ਕਾਲਜ ਹੋਵੇਗਾ, ਜਿਸ ਵਿੱਚ ਸਾਰੇ ਧਰਮਾਂ ਦੀਆਂ ਲੋੜਵੰਦ ਧੀਆਂ ਨੂੰ ਮੁਫ਼ਤ ਸਿੱਖਿਆ ਵੀ ਦਿੱਤੀ ਜਾਵੇਗੀ ।

ਉਨ੍ਹਾਂ ਕਿਹਾ ਕਿ ਇਸ ਕਾਲਜ ਵਿੱਚ ਮੁਸਲਮਾਨ ਧੀਆਂ ਨੂੰ ਹਿਜਾਬ, ਸਿੱਖ ਧੀਆਂ ਨੂੰ ਦਸਤਾਰ ਅਤੇ ਹਿੰਦੂ ਧੀਆਂ ਨੂੰ ਤਿਲਕ ਲਗਾ ਕੇ ਪੜ੍ਹਨ ਦੀ ਆਜ਼ਾਦੀ ਹੋਵੇਗੀ ਤੇ ਕਿਸੇ ਵੀ ਲੜਕੀ ਦੇ ਪਹਿਰਾਵੇ ਸਬੰਧੀ ਕੋਈ ਪਾਬੰਦੀ ਨਹੀਂ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਹਬੀਬ ਗਰਲਜ਼ ਕਾਲਜ ਵਿੱਚ ਬੀਏ ਤੇ ਐਮਏ ਸਮੇਤ ਸਾਰੇ ਡਿਗਰੀ ਕੋਰਸ ਕਰਵਾਏ ਜਾਣਗੇ ।

ਸ਼ਾਹੀ ਇਮਾਮ ਨੇ ਦੱਸਿਆ ਕਿ ਉਨ੍ਹਾਂ ਦਾ ਅਗਲਾ ਪ੍ਰੋਜੈਕਟ ਲੜਕਿਆਂ ਲਈ ਹੋਵੇਗਾ ਜਿਥੇ ਦਸਵੀਂ ਜਾਣ ਬਰਵ੍ਹੀ ਪਾਸ ਕਰ ਚੁੱਕੇ ਬਚੇ ਕੰਪਿਊਟਰ ਅਤੇ ਹੋਰ ਕੋਰਸ ਕਰ ਸਕਣਗੇ । ਇਨ੍ਹਾਂ ਦੀ ਮਦਦ ਨਾਲ ਉਹ ਰੁਜ਼ਗਾਰ ਪ੍ਰਾਪਤ ਕਰਨ ਵਲ ਅੱਗੇ ਵੱਧ ਸਕਣਗੇ। ਉਨ੍ਹਾਂ ਦੱਸਿਆ ਕਿ ਲੜਕੀਆਂ ਦੇ ਇਸ ਕਾਲਜ ਵਿਚ ਵੱਖ-ਵੱਖ ਯੂਨੀਵਰਸਿਟੀਆਂ ਤੋਂ ਮਾਨਤਾ ਪ੍ਰਾਪਤ ਕੋਰਸ ਉਪਲਬਧਤਾ ਹੋਣਗੇ ਅਤੇ ਗ਼ਰੀਬ ਪਰਿਵਾਰਾਂ ਦੀਆਂ ਬੱਚੀਆਂ ਨੂੰ ਮੁਫ਼ਤ ਸਿੱਖਿਆ ਦਿਤੀ ਜਾਵੇਗੀ।