ਨੌਜੁਆਨ ਨੇ ਪੱਖੇ ਨਾਲ ਲਟਕ ਕੇ ਕੀਤੀ ਖ਼ੁਦਕੁਸ਼ੀ, ਨਗਰ ਕੌਂਸਲ ਦੇ ਮੁਲਾਜ਼ਮਾਂ 'ਤੇ  ਤੰਗ ਪ੍ਰੇਸ਼ਾਨ ਕਰਨ ਦਾ ਇਲਜ਼ਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਫ਼ਾਈ ਸੇਵਕ ਵਜੋਂ ਕਰਦਾ ਸੀ ਕੰਮ 

Ranjit Singh (file photo)

ਸ੍ਰੀ ਅਨੰਦਪੁਰ ਸਾਹਿਬ (ਸੰਦੀਪ ਸ਼ਰਮਾ) : ਨੂਰਪੁਰ ਬੇਦੀ ਦੇ ਰਹਿਣ ਵਾਲੇ ਇਕ 35 ਸਾਲਾ ਨੌਜਵਾਨ ਰਣਜੀਤ ਸਿੰਘ ਨੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਨੌਜੁਆਨ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਫ਼ਾਈ ਸੇਵਕ ਵਜੋਂ ਕੰਮ ਕਰਦਾ ਸੀ। ਪ੍ਰਵਾਰਕ ਮੈਂਬਰਾਂ ਮੁਤਾਬਕ ਦਫ਼ਤਰ ਦੇ ਕੁਝ ਮੁਲਾਜ਼ਮ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਜਿਸ ਕਰ ਕੇ ਉਸ ਨੇ ਆਤਮ ਹੱਤਿਆ ਕੀਤੀ ਹੈ।

ਪੁਲਿਸ ਨੇ ਪ੍ਰਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ 2 ਮੁਲਾਜ਼ਮਾਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਮੁਲਾਜ਼ਮਾਂ ਵਿਚ ਸੈਨੇਟਰੀ ਇੰਸਪੈਕਟਰ ਸਹਿਤ ਤਿੰਨ ਹੋਰ ਮੁਲਾਜ਼ਮ ਸ਼ਾਮਲ ਹਨ ਅਤੇ ਦੋ ਹੋਰ ਮੁਲਾਜ਼ਮ ਹਨ ਜਿਨ੍ਹਾਂ ਲਈ ਤਫਤੀਸ਼ ਜਾਰੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜੁਆਨ ਗੂੰਗਾ ਅਤੇ ਬੋਲਾ ਸੀ ਅਤੇ ਉਸ ਨੂੰ ਤਰਸ ਦੇ ਅਧਾਰ 'ਤੇ ਨੌਕਰੀ ਮਿਲੀ ਸੀ । ਮ੍ਰਿਤਕ ਵਿਆਹਿਆ ਹੋਇਆ ਸੀ ਤੇ ਉਸ ਦੀ ਪਤਨੀ ਵੀ ਸੁਨਣ ਤੇ ਬੋਲਣ ਤੋਂ ਅਸਮਰਥ ਹੈ ।

ਇਹ ਵੀ ਪੜ੍ਹੋ : ਦੋਸਤਾਂ ਨਾਲ ਬਾਜ਼ਾਰ ਗਏ ਨੌਜੁਆਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਜਾਣਕਾਰੀ ਅਨੁਸਾਰ ਨੂਰਪੁਰ ਬੇਦੀ ਦੇ ਪਿੰਡ ਬਟਾਲਾ ਦੇ ਰਹਿਣ ਵਾਲੇ ਰਣਜੀਤ ਸਿੰਘ ਨੇ ਕੱਲ ਦੇਰ ਸ਼ਾਮ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਪ੍ਰਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੇ ਅਪਣੇ ਘਰ 'ਚ ਪਹਿਲਾਂ ਦਸਿਆ ਸੀ ਕਿ ਦਫ਼ਤਰ ਦੇ ਕੁੱਝ ਅਫ਼ਸਰ ਅਤੇ ਮੁਲਾਜ਼ਮ ਉਸ ਨੂੰ ਜਾਣ-ਬੁੱਝ ਕੇ ਤੰਗ ਪ੍ਰੇਸ਼ਾਨ ਕਰਦੇ ਹਨ। ਕਈ ਵਾਰ ਜਾਣ-ਬੁੱਝ ਕੇ ਛੁੱਟੀ ਦੌਰਾਨ ਡਿਊਟੀ 'ਤੇ ਬੁਲਾਇਆ ਜਾਂਦਾ ਸੀ ਅਤੇ ਉਸ ਨੂੰ ਨਜਾਇਜ਼ ਤੌਰ 'ਤੇ ਹੀ ਤੰਗ ਕੀਤਾ ਜਾ ਰਿਹਾ ਸੀ। 

ਜਿਸ ਕਰ ਕੇ ਉਹ ਪ੍ਰੇਸ਼ਾਨ ਰਹਿੰਦਾ ਸੀ। ਜਿਨ੍ਹਾਂ ਤੇ ਉਸ ਨੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ ਉਨ੍ਹਾਂ ਵਿਚ ਸੈਨੇਟਰੀ ਇੰਸਪੈਕਟਰ ਮਦਨ ਲਾਲ, ਸਫ਼ਾਈ ਸੇਵਕ ਧਰਮਬੀਰ ਉਰਫ਼ ਬੰਟੀ ਅਤੇ 2 ਹੋਰ ਕਰਮਚਾਰੀ ਹਨ। ਪ੍ਰਵਾਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ।

ਉਧਰ ਜਾਂਚ ਅਧਿਕਾਰੀ ਸੋਹਣ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਜਾਣਕਾਰੀ ਮਿਲੀ ਸੀ ਕਿ ਉਕਤ ਨੌਜਵਾਨ ਨੇ ਪੱਖੇ ਨਾਲ ਲਟਕ ਕੇ ਆਤਮ ਹਤਿਆ ਕਰ ਲਈ ਹੈ ਤੇ ਮ੍ਰਿਤਕ ਨੌਜਵਾਨ ਦੇ ਪ੍ਰਵਾਰ ਵਾਲਿਆਂ ਦੇ ਬਿਆਨਾਂ ਦੇ ਅਧਾਰ 'ਤੇ ਧਾਰਾ 306 ਤਹਿਤ 2 ਮੁਲਾਜ਼ਮਾਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦਸਿਆ ਕਿ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।