NIA ਦੀ ਵੱਡੀ ਕਾਰਵਾਈ : ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਕੀਤੀ ਜਾ ਰਹੀ ਰੇਡ
ਗੈਂਗਸਟਰਾਂ ਤੇ ਉਨ੍ਹਾਂ ਦੇ ਸਾਥੀਆਂ ਦੇ ਟਿਕਾਣਿਆਂ ’ਤੇ ਕੀਤੀ ਜਾ ਛਾਪੇਮਾਰੀ
ਮੁਹਾਲੀ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਗੈਂਗਸਟਰਾਂ ਅਤੇ ਅੱਤਵਾਦੀਆਂ ਦੇ ਗਠਜੋੜ ਨੂੰ ਤੋੜਨ ਲਈ ਪੰਜਾਬ ਦੇ 12 ਜ਼ਿਲਿਆਂ 'ਚ ਛਾਪੇਮਾਰੀ ਕੀਤੀ ਹੈ। ਬੁੱਧਵਾਰ ਸਵੇਰੇ ਟੀਮ ਗੈਂਗਸਟਰ ਗੋਲਡੀ ਬਰਾੜ, ਨੀਰਜ ਬਵਾਨਾ, ਲਾਰੈਂਸ ਸਮੇਤ ਕਈ ਗੈਂਗਸਟਰਾਂ ਦੇ ਟਿਕਾਣੇ 'ਤੇ ਪਹੁੰਚੀ। ਉਸ ਤੋਂ ਟੈਰਰ ਫੰਡਿੰਗ ਅਤੇ ਡਰੱਗ ਨਾਲ ਜੁੜੇ ਮਾਮਲਿਆਂ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ।
NIA ਨੇ ਜਲੰਧਰ ਦੇ ਅਮਨ ਨਗਰ ਸਥਿਤ ਪੁਨੀਤ ਅਤੇ ਲਾਲੀ ਦੇ ਘਰ ਛਾਪਾ ਮਾਰਿਆ। ਟੀਮ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਨੀਤ ਅਤੇ ਲਾਲੀ ਨੇ ਕਾਂਗਰਸੀ ਕਾਰਪੋਰੇਟਰ ਸੁਖਵਿੰਦਰ ਸਿੰਘ ਉਰਫ ਡਿਪਟੀ ਦਾ ਕਤਲ ਕੀਤਾ ਸੀ। ਦੋਵਾਂ ਨੇ ਵਿਕਾਸ ਮਾਲਿਆ ਨਾਲ ਆਪਣੇ ਰਿਸ਼ਤੇ ਬਣਾਏ ਸਨ। ਦੋਵੇਂ ਹੀ ਜ਼ਿਆਦਾਤਰ ਕਤਲ ਜੇਲ੍ਹ ਦੇ ਅੰਦਰੋਂ ਹੀ ਸੁਪਾਰੀ ਲੈ ਕੇ ਕਰਵਾਉਂਦੇ ਰਹੇ ਹਨ।
ਗੈਂਗਸਟਰਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਅੱਤਵਾਦੀ ਅਤੇ ਗੈਂਗਸਟਰ ਅੰਮ੍ਰਿਤਸਰ, ਤਰਨਤਾਰਨ, ਮੋਗਾ, ਫਿਰੋਜ਼ਪੁਰ, ਕਪੂਰਥਲਾ, ਮੋਹਾਲੀ, ਫਾਜ਼ਿਲਕਾ, ਮੁਕਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ 'ਚ ਸ਼ਾਮਲ ਹਨ। ਐਨਆਈਏ ਨੇ ਇਨ੍ਹਾਂ ਦੀ ਸੂਚੀ ਬਣਾ ਕੇ ਅੱਜ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ।
ਹਾਲ ਹੀ 'ਚ NIA ਨੇ 14 ਦੇਸ਼ਾਂ 'ਚ ਬੈਠੇ 28 ਗੈਂਗਸਟਰਾਂ ਦੀ ਸੂਚੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੌਂਪੀ ਸੀ। ਉਨ੍ਹਾਂ ਨੂੰ ਭਾਰਤ ਲਿਆਉਣ ਦੀ ਕਵਾਇਦ ਵੀ ਸ਼ੁਰੂ ਕਰ ਦਿਤੀ ਗਈ ਹੈ। ਸਿੱਧੂ ਮੂਸੇਵਾਲਾ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਅਤੇ ਲਾਰੈਂਸ ਐਨਆਈਏ ਦੀ ਸੂਚੀ ਵਿਚ ਸੱਭ ਤੋਂ ਉੱਪਰ ਹਨ।