ਨਸ਼ੇ ਲਈ ਵੇਚ ਦਿਤਾ ਸੱਭ ਕੁੱਝ, ਹੁਣ ਬੀਤੇ ਵੇਲੇ ਨੂੰ ਪਛਤਾ ਰਿਹੈ ਬੇਅੰਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਸ਼ਾ ਛੱਡ ਕੇ ਜਿਊਣਾ ਚਾਹੁੰਦਾ ਹੈ ਨਵੀਂ ਜ਼ਿੰਦਗੀ

photo

 

ਮਹਿਲਕਲਾਂ, 16 ਮਈ (ਲੰਕੇਸ਼ ਤਿ੍ਰਖਾ, ਰਮਨਦੀਪ ਕੌਰ ਸੈਣੀ):  8 ਕਿੱਲਿਆਂ ਦਾ ਮਾਲਕ ਜੋ ਅੱਜ ਮਸਜਿਦ ’ਚ ਰਹਿਣ ਲਈ ਮਜਬੂਰ ਹੈ। ਅਸੀਂ ਮਹਿਲਕਲਾਂ ਦੇ ਇਕ 29 ਸਾਲਾ ਨੌਜਵਾਨ ਬੇਅੰਤ ਸਿੰਘ ਦੀ ਗੱਲ ਕਰ ਰਹੇ ਹਾਂ। ਬੇਅੰਤ ਨੇ ਅਪਣੀ ਸਾਰੀ ਜ਼ਮੀਨ ਨਸ਼ਿਆਂ ਦੇ ਲੇਖੇ ਲਗਾ ਦਿਤੀ। ਬੇਅੰਤ ਨੂੰ ਨਸ਼ੇ ਦੀ ਇਸ ਕਦਰ ਲਤ ਲੱਗੀ ਹੋਈ ਹੈ ਕਿ ਉਸ ਨੇ ਅਪਣੇ ਸਰੀਰ ਦੀ ਇਕ ਵੀ ਨਸ ਅਜਿਹੀ ਨਹੀਂ ਛੱਡੀ ਜਿਸ ਵਿਚ ਚਿੱਟੇ ਦਾ ਟੀਕਾ ਨਾ ਲਗਾਇਆ ਹੋਵੇ। ਇਸ ਦੀ ਗਵਾਹੀ ਉਸ ਦੇ ਸਰੀਰ ’ਤੇ ਹੋਏ ਜ਼ਖ਼ਮ ਭਰਦੇ ਹਨ।

ਹੁਣ ਬੇਅੰਤ ਇਹ ਨਸ਼ੇ ਦੀ ਦੁਨੀਆਂ ਤਿਆਗ ਕੇ ਪਹਿਲਾਂ ਵਰਗਾ ਹੋਣਾ ਚਾਹੁੰਦਾ ਹੈ। ਉਸ ਨੂੰ ਇਸ ਨਰਕ ਤੋਂ ਕੱਢਣ ਲਈ ਡਾ. ਪਰਵਿੰਦਰ ਤੇ ਸਤਪਾਲ ਸਿੰਘ ਨੇ ਉਸ ਦੀ ਜ਼ਿੰਦਗੀ ’ਚ ਦਸਤਕ ਦਿਤੀ ਹੈ। ਬੇਅੰਤ ਸਿੰਘ ਨਾਲ ਗੱਲਬਾਤ ਕਰਨ ਲਈ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਲੰਕੇਸ਼ ਤਿ੍ਰਖਾ ਉਸ ਦੇ ਪਿੰਡ ਪਹੁੰਚੇ। ਉਸ ਨੇ ਪੱਤਰਕਾਰ ਨੂੰ ਅਪਣੀ ਸਾਰੀ ਹੱਡਬੀਤੀ ਸੁਣਾਈ। ਪਿੰਡ ਵਾਸੀਆਂ ਨੇ ਦਸਿਆ ਕਿ ਉਹ ਅਪਣੇ ਨਾਨਕੇ ਪਿੰਡ ਰਹਿੰਦਾ ਹੈ। ਉਸ ਨੂੰ ਛੋਟੀ ਉਮਰੇ ਹੀ ਨਸ਼ੇ ਦੀ ਲਤ ਲੱਗ ਗਈ ਸੀ, ਜਿਸ ਦੇ ਚਲਦਿਆਂ ਉਸ ਨੇ ਅਪਣਾ ਘਰ-ਬਾਰ ਸੱਭ ਕੁੱਝ ਵੇਚ ਦਿਤਾ ਤੇ ਹੁਣ ਉਹ ਮਸਜਿਦ ’ਚ ਰਹਿੰਦਾ ਹੈ। ਉਨ੍ਹਾਂ ਦਸਿਆ ਕਿ ਬੇਅੰਤ ਕੋਲ 4-5 ਹੋਰ ਮੁੰਡੇ ਵੀ ਨਸ਼ਾ ਕਰਨ ਆਉਂਦੇ ਹਨ।

ਬੇਅੰਤ ਸਿੰਘ ਦੇ ਕਪੜਿਆਂ ਤੇ ਸਰੀਰਕ ਹਾਲਤ ਨੂੰ ਦੇਖ ਕੇ ਸਾਫ਼ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਉਹ ਨਸ਼ੇ ’ਚ ਅਪਣੀ ਸਾਰੀ ਸੁਧ-ਬੁੱਧ ਗੁਆ ਚੁਕਾ ਹੈ। ਉਸ ਦੇ ਇਕ ਪੈਰ ਦੀ ਹੱਡੀ ਵੀ ਟੁਟ ਚੁਕੀ ਹੈ। ਹੁਣ ਉਹ ਬੀਤੇ ਵੇਲੇ ਨੂੰ ਪਛਤਾ ਰਿਹਾ ਹੈ ਤੇ ਹੁਣ ਨਸ਼ਿਆਂ ਦੇ ਜਾਲ ਵਿਚ ਉਲਝਿਆ ਬੇਅੰਤ ਇਸ ਅਲਾਮਤ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ। ਉਹ ਠੀਕ ਹੋਣਾ ਚਾਹੁੰਦਾ ਹੈ। ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨਾ ਚਾਹੁੰਦਾ ਹੈ। ਪਿੰਡ ਵਾਸੀਆਂ ਦੀਆਂ ਅੱਖਾਂ ਵਿਚ ਇਹੀ ਉਮੀਦ ਹੈ ਕਿ ਉਹ ਨਸ਼ਾ ਛੱਡ ਦੇਵੇ। ਉਸ ਦੇ ਇਸ ਨੇਕ ਕੰਮ ਵਿਚ ਡਾ. ਪਰਵਿੰਦਰ ਸਿੰਘ, ਸਤਪਾਲ ਸਿੰਘ ਤੇ ਪਿੰਡ ਵਾਸੀਆਂ ਨੇ ਉਸ ਦੀ ਮਦਦ ਕਰਨ ਦੀ ਠਾਨ ਲਈ ਹੈ। ਬੇਅੰਤ ਸਿੰਘ ਨਸ਼ਾ ਛੱਡ ਦੇਵੇਗਾ ਇਸ ਉਮੀਦ ਤੇ ਆਸ ਨਾਲ ਪਿੰਡ ਵਾਸੀਆਂ ਨੇ ਬੇਅੰਤ ਨੂੰ ਡਾ. ਪਰਵਿੰਦਰ ਸਿੰਘ ਤੇ ਸਤਪਾਲ ਸਿੰਘ ਨਾਲ ਭੇਜ ਦਿਤਾ।