ਸਕੂਲੋਂ ਵਾਪਸ ਆਉਂਦਿਆਂ ਰਸਤੇ 'ਚ ਪਿਓ-ਪੁੱਤ ਤੇ ਭਤੀਜੇ ਨਾਲ ਵਾਪਰਿਆ ਹਾਦਸਾ, ਪੁੱਤ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੇਜ਼ ਰਫਤਾਰ ਟਰੈਕਟਰ-ਟਰਾਲੀ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ

photo

 

ਮਲੋਟ: ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਮਿੱਟੀ ਨਾਲ ਭਰੀ ਟਰਾਲੀ ਹੇਠਾਂ ਆਉਣ ਕਾਰਨ ਇਕ ਸਕੂਲੀ ਵਿਦਿਆਰਥੀ ਦੀ ਮੌਤ ਹੋ ਗਈ ਜਦਕਿ ਉਸ ਦਾ ਪਿਤਾ ਅਤੇ ਭਤੀਜਾ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਹਾਲਤ ਨਾਜ਼ੁਕ ਹੋਣ ਕਾਰਨ ਦੋਵਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਬਠਿੰਡਾ ਰੈਫਰ ਕਰ ਦਿਤਾ ਗਿਆ। ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਫਰਾਰ ਹੋ ਗਿਆ।

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮਲੋਟ ਨੇੜਲੇ ਪਿੰਡ ਦਾਨੇਵਾਲਾ ਦਾ ਰਹਿਣ ਵਾਲਾ ਰਾਜੇਸ਼ ਕੁਮਾਰ ਉਰਫ਼ ਲਵਲੀ ਬੁੱਧਵਾਰ ਦੁਪਹਿਰ ਆਪਣੇ ਬੇਟੇ ਅਰਸ਼ ਤੇ ਭਤੀਜੇ ਨੂੰ ਲੈਣ ਸਕੂਲ ਪਹੁੰਚਿਆ ਸੀ। ਅਰਸ਼ ਦਾਨੇਵਾਲਾ ਪਿੰਡ ਦੇ ਸਰਕਾਰੀ ਹਾਈ ਸਕੂਲ ਵਿਚ 7ਵੀਂ ਜਮਾਤ ਦਾ ਵਿਦਿਆਰਥੀ ਸੀ। ਜਦੋਂ ਰਾਜੇਸ਼ ਦੋਵਾਂ ਬੱਚਿਆਂ ਨੂੰ ਲੈ ਕੇ ਘਰ ਵੱਲ ਜਾ ਰਿਹਾ ਸੀ ਤਾਂ ਪਿੰਡ ਦਾਨੇਵਾਲਾ ਦੇ ਸਤਨਾਮ ਚੌਕ ਕੋਲ ਮਿੱਟੀ ਨਾਲ ਭਰੀ ਟਰੈਕਟਰ-ਟਰਾਲੀ ਨੇ ਉਸ ਨੂੰ ਟੱਕਰ ਮਾਰ ਦਿਤੀ। ਹਾਦਸਾ ਇੰਨਾ ਭਿਆਨਕ ਸੀ ਕਿ ਰਾਜੇਸ਼ ਦੀ ਬਾਈਕ ਟਰੈਕਟਰ-ਟਰਾਲੀ ਦੇ ਹੇਠਾਂ ਫਸ ਗਈ। ਹਾਦਸੇ 'ਚ ਬਾਈਕ ਚਲਾ ਰਹੇ ਰਾਜੇਸ਼ ਦੇ ਨਾਲ ਅਰਸ਼ ਅਤੇ ਧਨੰਜੈ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। 

ਹਾਦਸੇ ਤੋਂ ਬਾਅਦ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਤੁਰੰਤ 108 ਐਂਬੂਲੈਂਸ ਦੀ ਮਦਦ ਨਾਲ ਤਿੰਨਾਂ ਜ਼ਖ਼ਮੀਆਂ ਨੂੰ ਟਰਾਲੀ ਹੇਠੋਂ ਬਾਹਰ ਕੱਢਿਆ ਅਤੇ ਮਲੋਟ ਦੇ ਸਿਵਲ ਹਸਪਤਾਲ ਪਹੁੰਚਾਇਆ। ਹਸਪਤਾਲ ਦੇ ਡਾਕਟਰਾਂ ਨੇ ਅਰਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਗੰਭੀਰ ਜ਼ਖ਼ਮੀ ਹੋਣ ਕਾਰਨ ਚਾਚੇ ਅਤੇ ਭਤੀਜੇ ਨੂੰ ਬਠਿੰਡਾ ਰੈਫ਼ਰ ਕਰ ਦਿਤਾ ਗਿਆ। ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਅਰਸ਼ ਦੇ ਪਰਿਵਾਰ ਦੇ ਬਿਆਨਾਂ ’ਤੇ ਟਰੈਕਟਰ-ਟਰਾਲੀ ਨੂੰ ਕਬਜ਼ੇ ਵਿੱਚ ਲੈ ਕੇ ਕੇਸ ਦਰਜ ਕਰ ਲਿਆ ਹੈ।