Punjab News: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਡੰਕਰਾਂ ਦੇ ਚੁੰਗਲ ’ਚੋਂ ਛੁਡਵਾਏ 7 ਪੰਜਾਬੀ  

ਏਜੰਸੀ

ਖ਼ਬਰਾਂ, ਪੰਜਾਬ

ਕੋਲੰਬੀਆ ਤੋਂ ਨੌਜਵਾਨਾਂ ਦੀ ਵੀਡੀਉ ਹੋਈ ਸੀ ਵਾਇਰਲ 

Cabinet Minister Kuldeep Singh Dhaliwal

Punjab News: ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬੀਤੇ ਦਿਨ ਕੋਲੰਬੀਆ ਤੋਂ ਆਈ ਇੱਕ ਵੀਡੀਉ, ਜਿਸ ਵਿੱਚ ਕੁਝ ਪੰਜਾਬੀ ਮੁੰਡਿਆਂ ਨੂੰ ਉਥੇ ਡੰਕਰਾਂ ਵੱਲੋਂ ਅਗ਼ਵਾ ਕਰ ਕੇ ਫ਼ਿਰੌਤੀ ਮੰਗੀ ਜਾ ਰਹੀ ਸੀ, ਉੱਤੇ ਤੁਰੰਤ ਕਾਰਵਾਈ ਕਰਦੇ ਹੋਏ 7 ਪੰਜਾਬੀ ਮੁੰਡਿਆਂ ਨੂੰ ਛੁਡਵਾ ਲਿਆ ਹੈ। 

ਉਕਤ ਜਾਣਕਾਰੀ ਦਿੰਦੇ ਧਾਲੀਵਾਲ ਨੇ ਦੱਸਿਆ ਕਿ ਇਹ ਵੀਡੀਓ ਮਿਲਣ ਮਗਰੋਂ ਉਹਨਾਂ ਨੇ ਤੁਰੰਤ ਵਿਦੇਸ਼ ਵਿਭਾਗ ਰਾਹੀਂ ਕੋਲੰਬੀਆ ਦੇ ਦੂਤ ਘਰ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਕੁਝ ਹੀ ਘੰਟਿਆਂ ਵਿੱਚ ਕਾਰਵਾਈ ਕਰਦੇ ਹੋਏ ਉਕਤ ਮੁੰਡਿਆਂ ਨਾਲ ਰਾਬਤਾ ਕਾਇਮ ਕਰ ਲਿਆ, ਜਿਸ ਦਾ ਸਿੱਟਾ ਇਹ ਹੋਇਆ ਕਿ ਇਹਨਾਂ ਵਿੱਚੋਂ ਦੋ ਪੰਜਾਬੀ ਮੁੰਡੇ ਕੋਲੰਬੀਆ ਤੋਂ ਵਾਪਸ ਦਿੱਲੀ ਪਹੁੰਚ ਚੁੱਕੇ ਹਨ ਜਦ ਕਿ ਬਾਕੀ ਪੰਜ ਮੁੰਡੇ ਕੋਲੰਬੀਆ ਦੂਤ ਘਰ ਦੇ ਸੰਪਰਕ ਵਿੱਚ ਹਨ ਅਤੇ ਆਉਣ ਵਾਲੇ ਇੱਕ ਦੋ ਦਿਨਾਂ ਵਿੱਚ ਉਹ ਵੀ ਵਾਪਸ ਭਾਰਤ ਪਹੁੰਚ ਜਾਣਗੇ। 

ਧਾਲੀਵਾਲ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਗ਼ਲਤ ਤਰੀਕਿਆਂ ਰਾਹੀਂ ਵਿਦੇਸ਼ਾਂ ਵਿੱਚ ਨਾ ਭੇਜਣ। ਉਹਨਾਂ ਕਿਹਾ ਕਿ ਇਹ ਰਸਤੇ ਜਿੱਥੇ ਬਹੁਤ ਮਹਿੰਗੇ ਅਤੇ ਖ਼ਤਰਿਆਂ ਭਰੇ ਹਨ। ਉਹਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਾਂ ਪਿਓ ਨੂੰ ਵਿਦੇਸ਼ਾਂ ਪਿੱਛੇ ਬਲੈਕਮੇਲ ਕਰਨ ਨਾਲੋਂ ਇੱਥੇ ਕੋਈ ਕਾਰੋਬਾਰ ਕਰ ਕੇ ਵਧੀਆ ਰੋਟੀ ਪਾਣੀ ਦਾ ਪ੍ਰਬੰਧ ਕਰਨ, ਜਿਸ ਨਾਲ ਜਿੱਥੇ ਉਹ ਆਪ ਵਧੀਆ ਪੈਸੇ ਕਮਾ ਸਕਣਗੇ ਉੱਥੇ ਉਹ ਕਈਆਂ ਨੂੰ ਰੁਜ਼ਗਾਰ ਵੀ ਦੇ ਸਕਣਗੇ।