ਖਹਿਰਾ ਵਲੋਂ ਰੈਫ਼ਰੈਂਡਮ- 2020 ਦੇ ਬਹਾਨੇ ਸੂਬਾਈ ਅਤੇ ਪੰਥਕ ਸਿਆਸਤ ਨੂੰ ਟੋਹਣ ਦੀ ਕੋਸ਼ਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਰਗਾੜੀ ਮੋਰਚੇ ਦੀ ਪਿੱਠਭੂਮੀ 'ਚ ਪਨਪ ਰਹੇ ਸਿੱਖ ਰੈਫ਼ਰੈਂਡਮ-2020 ਦੇ ਮੁੱਦੇ ਉਤੇ ਇਸ ਵੇਲੇ ਪੰਜਾਬ 'ਚ ਸਿਆਸੀ ਅਤੇ ਪੰਥਕ ਸਫ਼ਾਂ ਪੂਰੀ ਤਰ੍ਹਾਂ ....

Sukhpal Singh Khaira

ਚੰਡੀਗੜ੍ਹ : ਬਰਗਾੜੀ ਮੋਰਚੇ ਦੀ ਪਿੱਠਭੂਮੀ 'ਚ ਪਨਪ ਰਹੇ ਸਿੱਖ ਰੈਫ਼ਰੈਂਡਮ-2020 ਦੇ ਮੁੱਦੇ ਉਤੇ ਇਸ ਵੇਲੇ ਪੰਜਾਬ 'ਚ ਸਿਆਸੀ ਅਤੇ ਪੰਥਕ ਸਫ਼ਾਂ ਪੂਰੀ ਤਰ੍ਹਾਂ ਸਰਗਰਮ ਹਨ। ਪਿਛਲੇ ਕਾਫੀ ਅਰਸੇ ਤੋਂ ਹਾਸ਼ੀਏ ਉਤੇ ਲੱਗੇ ਮੰਨੇ ਜਾ ਰਹੇ ਸਿੱਖ ਸੰਘਰਸ਼ ਪ੍ਰਤੀ ਬਿਆਨਬਾਜ਼ੀ ਤੋਂ ਕਿਨਾਰਾ ਕਰ ਗਏ ਪੰਜਾਬ ਦੇ ਕਈ ਮੋਹਰੀ ਸਿਆਸਤਦਾਨਾਂ ਅਤੇ ਸਿਆਸੀ ਪਾਰਟੀਆਂ ਲਈ ਮੌਜਦਾ ਵਰਤਾਰੇ ਨੇ ਕਾਫੀ ਰੌਚਕ ਪਰ ਫਸਵੀਂ ਸਥਿਤੀ ਪੈਦਾ ਕਰ ਦਿਤੀ ਹੈ।

ਇਸ ਦੌਰਾਨ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਨਾ ਸਿਰਫ² ਰੈਫ਼ਰੈਂਡਮ-2020 ਦੇ ਬਹਾਨੇ ਸੂਬਾਈ ਅਤੇ ਪੰਥਕ ਸਿਆਸਤ ਨੂੰ ਟੋਹਣ ਦੀ ਕੋਸ਼ਿਸ਼ ਕੀਤੀ ਹੈ ਬਲਕਿ  ਅਪਣੀ ਪਾਰਟੀ ਸਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਖਾਸਕਰ ਇਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੀ ਨਵੀਂ ਪੀੜ੍ਹੀ ਮੰਨੇ ਜਾਂਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸਿੱਖ ਸੰਘਰਸ਼ ਅਤੇ ਪੰਥਕ ਮੁੱਦਿਆਂ 'ਤੇ ਸਟੈਂਡ ਸਪੱਸ਼ਟ ਕਰਨ ਲਈ ਮਜਬੂਰ ਕਰ ਦਿਤਾ। 

ਖਹਿਰਾ ਨੇ ਨਾ ਸਿਰਫ਼ ਇਸ ਮੁੱਦੇ ਉਤੇ ਅਪਣਾ ਰੁਖ਼ ਸਪੱਸ਼ਟ ਕੀਤਾ ਹੈ ਸਗੋਂ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਖ਼ਾਲਿਸਤਾਨ ਜਿਹੇ ਮੁੱਦੇ ਉਤੇ ਉਨ੍ਹਾਂ ਦੀ ਪਹਿਲੀ ਭੂਮਿਕਾ ਅਤੇ ਮੌਜਦਾ ਸਮੇਂ ਅਪਣਾ ਰੁਖ਼ ਸਪੱਸ਼ਟ ਕਰਨ ਲਈ ਇਕ ਤਰ੍ਹਾਂ ਨਾਲ ਸ਼ਸੋਪੰਜ ਵਿਚ ਪਾ ਦਿਤਾ ਹੈ।  ਖਹਿਰਾ ਨੇ ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਤਹਿਤ ਕਿਹਾ ਕਿ ਸਿੱਖਾਂ ਦੇ ਵੱਖਰੇ ਰਾਜ ਦੀ ਮੰਗ ਵਾਲੇ 2029 ਰੈਫ਼ਰੈਂਡਮ ਦਾ ਭਾਵੇਂ ਉਨ੍ਹਾਂ ਨੇ ਕਦੇ ਵੀ  ਸਮਰਥਨ ਨਹੀਂ ਕੀਤਾ ਪਰ ਉਹ ਸਵੀਕਾਰ ਕਰਨ ਤੋਂ ਵੀ ਨਹੀਂ ਝਿਜਕਦੇ ਕਿ ਇਹ ਬਟਵਾਰੇ ਤੋਂ ਬਾਅਦ ਦੀਆਂ ਕੇਂਦਰੀ ਸਰਕਾਰਾਂ ਦੇ ਸਿੱਖਾਂ ਪ੍ਰਤੀ ਪੱਖਪਾਤ ਅਤੇ ਵਿਤਕਰੇ ਦਾ ਨਤੀਜਾ ਹੈ।

ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਸਭਨਾਂ ਨੂੰ ਯਾਦ ਦਿਵਾਇਆ ਕਿ ਇਹ ਸਿੱਖਾਂ ਅਤੇ ਪੰਜਾਬੀਆਂ ਦੀਆਂ ਮਹਾਨ ਕੁਰਬਾਨੀਆਂ ਦਾ ਹੀ ਨਤੀਜਾ ਹੈ ਕਿ ਭਾਰਤ ਨੇ ਆਜ਼ਾਦੀ ਪ੍ਰਾਪਤ ਕੀਤੀ। ਭਾਵੇਂ ਕਿ ਬਰਤਾਨਵੀ ਸਰਕਾਰ ਨੇ ਸਿੱਖਾਂ ਨੂੰ ਇਕ ਵਖਰੇ ਪੂਰਨ ਰਾਜ ਦੀ ਪੇਸ਼ਕਸ਼ ਕੀਤੀ ਸੀ ਪਰ ਫਿਰ ਵੀ ਉਨ੍ਹਾਂ ਨੇ ਭਾਰਤ ਦਾ ਹਿੱਸਾ ਬਣਨ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਇਹ ਤੱਥ ਹੈ ਕਿ ਬਟਵਾਰੇ ਦੀ ਸੱਭ ਤੋਂ ਵੱਡਾ ਸੰਤਾਪ ਸਿੱਖਾਂ ਨੇ ਝੱਲਿਆ ਜਦ ਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਉਜੜ ਕੇ ਭਾਰਤ ਆਉਣਾ ਪਿਆ।

ਖਹਿਰਾ ਨੇ ਕਿਹਾ ਕਿ ਸਿੱਖਾਂ ਨੂੰ ਸੱਭ ਤੋਂ ਪਹਿਲਾਂ ਝਟਕਾ ਲੰਗੜੇ ਪੰਜਾਬੀ ਸੂਬੇ ਦੇ ਰੂਪ ਵਿਚ ਮਿਲਿਆ ਹਾਲਾਂਕਿ ਭਾਰਤ ਦੇ ਸਾਰੇ ਸੂਬਿਆਂ ਨੂੰ ਭਾਸ਼ਾਈ ਆਧਾਰ ਉੱਪਰ ਪੁਨਰਗਠਤ ਕੀਤਾ ਪਰ ਸਿੱਖਾਂ ਨੂੰ ਪੰਜਾਬੀ ਬੋਲਦਾ ਸੂਬਾ ਹਾਸਲ ਕਰਨ ਲਈ 1966 ਵਿਚ ਮੋਰਚਾ ਲਾਉਣਾ ਪਿਆ ਸੀ। ਖਹਿਰਾ ਨੇ ਕਿਹਾ ਕਿ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੂੰ ਬਿਨਾਂ ਕਿਸੇ ਵੀ ਸੰਘਰਸ਼ ਜਾਂ ਕੋਸ਼ਿਸ਼ ਤੋਂ ਪੰਜਾਬ ਦੇ ਮੁਕਾਬਲੇ ਜ਼ਿਆਦਾ ਫਾਇਦਾ ਮਿਲਿਆ।

ਖਹਿਰਾ ਨੇ ਕਿਹਾ ਕਿ ਦੂਜਾ ਝਟਕਾ ਸਾਡੇ ਦਰਿਆਈ ਪਾਣੀਆਂ ਦੀ ਪੱਖਪਾਤੀ ਵੰਡ ਦੇ ਰੂਪ ਵਿਚ ਆਇਆ ਜਦ ਸਾਡੇ ਪਾਣੀ ਰਾਜਸਥਾਨ ਅਤੇ ਹਰਿਆਣਾ ਨੂੰ ਰਿਪੇਰੀਅਨ ਕਾਨੂੰਨ ਦੇ ਸਿਧਾਂਤਾਂ ਵਿਰੁਧ ਅਤੇ ਪੁਨਰਗਠਨ ਐਕਟ ਦੇ ਸੈਕਸ਼ਨ 18, 19 ਅਤੇ 20 ਦੀ ਉਲੰਘਣਾ ਕਰ ਕੇ ਗ਼ਲਤ ਢੰਗ ਨਾਲ ਦਿਤੇ।  ਖਹਿਰਾ ਨੇ ਕਿਹਾ ਕਿ ਸਿੱਖਾਂ ਨੂੰ ਸੱਭ ਤੋਂ ਵੱਡਾ ਝਟਕਾ ਦਰਬਾਰ ਸਾਹਿਬ ਉੱਪਰ ਹਮਲੇ ਦੇ ਰੂਪ ਵਿਚ ਦਿਤਾ ਜੋ ਆਪ੍ਰੇਸ਼ਨ ਬਲਿਊ ਸਟਾਰ ਨਾਲ ਜਾਣਿਆ ਜਾਂਦਾ ਹੈ ਅਤੇ ਜਿਸ ਵਿਚ ਅਕਾਲ ਤਖ਼ਤ ਨੂੰ ਤਬਾਹ ਕਰਨ ਦੇ ਨਾਲ ਨਾਲ ਦਰਬਾਰ ਸਾਹਿਬ ਵਿਚਲੇ ਸੈਂਕੜਿਆਂ ਸ਼ਰਧਾਲੂ ਮਾਰੇ ਜਾਣ ਦੇ ਜ਼ਖ਼ਮ ਕਦੇ ਵੀ ਭਰੇ ਨਹੀਂ ਜਾ ਸਕਦੇ।