'ਤਖ਼ਤ ਪਟਨਾ ਸਾਹਿਬ ਦੇ ਜਥੇਦਾਰਾਂ/ਗ੍ਰੰਥੀਆਂ ਵਿਰੁਧ ਅਦਾਲਤ ਵਿਚ ਜਾਵਾਂਗਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਤਖ਼ਤ ਪਟਨਾ ਸਾਹਿਬ ਦੇ ਜਥੇਦਾਰਾਂ/ਗ੍ਰੰਥੀਆਂ ਵਿਰੁਧ ਅਦਾਲਤ ਵਿਚ ਜਾਵਾਂਗਾ'

1

ਨਵੀਂ ਦਿੱਲੀ, 17 ਜੂਨ (ਅਮਨਦੀਪ ਸਿੰਘ): ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਤੇ ਤਖ਼ਤ ਸਾਹਿਬ ਦੀ ਕਮੇਟੀ ਦੇ ਮੁੱਖ ਪ੍ਰਸ਼ਾਸਕ ਭਾਈ ਭੁਪਿੰਦਰ ਸਿੰਘ ਸਾਧੂ ਆਹਮੋ-ਸਾਹਮਣੇ ਹੋ ਗਏ ਹਨ।


ਗਿਆਨੀ ਰਣਜੀਤ ਸਿੰਘ ਨੇ 11 ਜੂਨ ਨੂੰ ਇਕ ਚਿੱਠੀ ਜਾਰੀ ਕਰ ਕੇ, ਅਖੌਤੀ ਤਨਖ਼ਾਹੀਆ ਦੱੱਸ ਕੇ, ਸ.ਸਾਧੂ ਨੂੰ 30 ਜੂਨ ਤਕ ਤਖ਼ਤ ਪਟਨਾ ਸਾਹਿਬ ਵਿਖੇ ਪੇਸ਼ ਹੋਣ ਦੀ ਹਦਾਇਤ ਕੀਤੀ ਹੈ ਤੇ ਪੇਸ਼ ਨਾ ਹੋਣ ਦੀ ਸੂਰਤ ਵਿਚ ਪੰਥਕ ਰਵਾਇਤਾਂ ਮੁਤਾਬਕ ਕਾਰਵਾਈ ਕਰਨ ਦੀ ਚਿਤਾਵਨੀ ਦਿਤੀ ਗਈ ਹੈ। ਇਸ ਵਿਚਕਾਰ ਤਖ਼ਤ ਪਟਨਾ ਸਾਹਿਬ ਦੇ ਚਾਰ ਜਥੇਦਾਰਾਂ (ਗ੍ਰੰਥੀਆਂ) ਨੂੰ ਈ-ਮੇਲ ਤੇ ਵੱਟਸਐਪ ਰਾਹੀਂ 15 ਜੂਨ ਨੂੰ ਭਾਈ ਸਾਧੂ ਨੇ ਚਿੱਠੀ ਭੇਜ ਕੇ, ਅਪਣੇ 'ਤੇ ਲਾਏ ਗਏ ਦੋਸ਼ਾਂ ਬਾਰੇ ਪੁਛਿਆ ਹੈ ਤੇ ਉਲਟਾ ਜਥੇਦਾਰਾਂ/ਗ੍ਰੰਥੀਆਂ ਨੂੰ ਚਿਤਾਵਨੀ ਤਕ ਦੇ ਦਿਤੀ ਹੈ ਕਿ ਜੇ ਸਬੰਧਤ ਸਵਾਲਾਂ ਦੇ ਜਵਾਬ ਨਹੀਂ ਦਿਤੇ ਗਏ ਤਾਂ ਉਹ ਜਥੇਦਾਰਾਂ ਨੂੰ ਕਾਨੂੰਨੀ ਕਟਹਿਰੇ ਵਿਚ ਖੜਾ ਕਰਨਗੇ ਅਤੇ ਜਥੇਦਾਰਾਂ ਵਿਰੁਧ ਅਕਾਲ ਤਖ਼ਤ ਸਾਹਿਬ 'ਤੇ ਵੀ ਸ਼ਿਕਾਇਤ ਦੇਣਗੇ। ਸੰਗਤਾਂ ਤੇ ਮੀਡੀਆ ਵਿਚ ਵੀ ਪੂਰਾ ਮਾਮਲਾ ਲਿਜਾਉਣ ਲਈ ਮਜਬੂਰ ਹੋਣਗੇ ਕਿਉਂਕਿ ਇਹ ਉਨ੍ਹਾਂ ਦੇ ਕਿਰਦਾਰ, ਪਰਵਾਰ ਤੇ ਰਿਸ਼ਤੇਦਾਰੀਆਂ ਨਾਲ ਜੁੜਿਆ ਹੋਇਆ ਹੈ।


ਅਪਣੀ ਚਿੱਠੀ ਵਿਚ ਸ.ਸਾਧੂ ਨੇ ਲਿਖਿਆ ਹੈ, ''ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਆਗਿਆ ਪੱਤਰ ਨੰ. ਅ.ਤ.19/83, ਮਿਤੀ- 3 ਸਤੰਬਰ, 2019 ਅਨੁਸਾਰ ਮੌਜੂਦਾ ਪ੍ਰਧਾਨ ਸ.ਅਵਤਾਰ ਸਿੰਘ ਹਿਤ (ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ) ਵਲੋਂ ਜਥੇਦਾਰ ਗਿਆਨੀ ਰਣਜੀਤ ਸਿੰਘ ਨਾਲ ਸਲਾਹ-ਮਸ਼ਵਰਾ ਕਰ ਕੇ, ਪੰਜ ਮੈਂਬਰੀ ਜਾਂਚ ਕਮੇਟੀ ਬਣਾਈ ਗਈ ਸੀ, ਜਿਸ ਨੇ ਬਹੁਤ ਹੀ ਗਹਿਰਾਈ ਨਾਲ ਇਸ ਮਾਮਲੇ ਦੀ ਜਾਂਚ ਕਰ ਕੇ, ਰੀਪੋਰਟ ਪੇਸ਼ ਕੀਤੀ ਸੀ, ਜਿਸ ਵਿਚ ਵੀ ਇਹ ਲਿਖਿਆ ਹੈ ਕਿ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਸਮੇਤ ਹੋਰ ਸਿੰਘ ਸਾਹਿਬਾਨ ਵਲੋਂ ਉਸ ਸਮੇਂ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਸਮੇਤ ਸਤਿਕਾਰਤ ਹਸਤੀਆਂ ਅਤੇ ਸੰਤ ਮਹਾਂਪੁਰਸ਼ਾਂ ਨੂੰ ਤਨਖ਼ਾਹੀਆ ਕਰਨਾ ਪੂਰੀ ਤਰ੍ਹਾਂ ਨਾਜਾਇਜ਼ ਅਸੰਵਿਧਾਨਕ ਅਤੇ ਗ਼ਲਤ ਹੈ ਜਿਸ ਸਮੇਂ ਉਨ੍ਹਾਂ (ਗਿਆਨੀ ਇਕਬਾਲ ਸਿੰਘ, ਸਾਬਕਾ ਜਥੇਦਾਰ) ਵਲੋਂ ਉਹ ਕਾਰਵਾਈਆਂ (ਤਨਖ਼ਾਹੀਆ) ਕਰਨ ਦਾ ਜ਼ਿਕਰ ਆਉਂਦਾ ਹੈ, ਉਹ ਅਪਣੇ ਅਹੁਦੇ 'ਤੇ ਬਰਕਰਾਰ ਨਹੀਂ ਸਨ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਅਖ਼ਤਿਆਰ ਸਨ।''