ਪਟਰੌਲ ਤੇ ਡੀਜ਼ਲ ਕੀਮਤਾਂ ਵਿਚ ਵਾਧਾ ਲੋਕਾਂ ਦੀਆਂ ਜੇਬਾਂ 'ਤੇ ਸ਼ਰੇਆਮ ਡਾਕਾ : ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਦਾ ਕੇਂਦਰ 'ਤੇ ਵੱਡਾ ਸਿਆਸੀ ਹਮਲਾ

Sadhu Singh Dharmsot

ਖੰਨਾ, 16 ਜੂਨ : ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਅੱਜ ਲਗਾਤਾਰ 10ਵੇਂ ਦਿਨ ਤੇਲ ਦੀਆਂ ਕੀਮਤਾਂ 'ਚ ਕੀਤੇ ਇਜ਼ਾਫ਼ੇ ਨੂੰ ਲੈ ਕੇ ਮੋਦੀ ਸਰਕਾਰ 'ਤੇ ਤਿੱਖਾ ਸਿਆਸੀ ਹਮਲਾ ਬੋਲਿਆ ਹੈ। ਅੱਜ ਇਥੇ ਰੋਜ਼ਾਨਾ ਸਪੋਕਸਮੈਨ ਦੇ ਇਸ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸੂਬੇ ਦੇ ਜੰਗਲਾਤ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਅੱਜ ਫਿਰ 16 ਜੂਨ ਨੂੰ ਪਟਰੌਲ 47 ਪੈਸੇ ਅਤੇ ਡੀਜਲ 57 ਪੈਸੇ ਪ੍ਰਤੀ ਲੀਟਰ ਮਹਿੰਗਾ ਕਰ ਕੇ ਦੇਸ਼ ਦੇ ਲੋਕਾਂ ਦੀਆਂ ਜੇਬਾਂ 'ਤੇ ਸ਼ਰੇਆਮ ਦਿਨ-ਦਿਹਾੜੇ ਆਰਥਕ ਡਾਕਾ ਮਾਰਿਆ ਗਿਆ ਹੈ, ਕਿਉਂਕਿ ਕੋਰੋਨਾ ਮਾਹਾਂਮਾਰੀ ਦੀ ਮਾਰ ਝੱਲ ਰਹੇ ਦੇਸ਼ ਦੇ ਲੋਕ ਪਹਿਲਾਂ ਹੀ ਕਾਰੋਬਾਰ ਠੱਪ ਹੋਣ ਕਰ ਕੇ ਆਰਥਕ ਪੱਖੋਂ ਟੁੱਟੇ ਪਏ ਹਨ।

ਉਨ੍ਹਾਂ ਕਿਹਾ ਕਿ ਜੇ 10 ਦਿਨਾਂ 'ਚ ਕੀਤੇ ਤੇਲ ਵਾਧੇ ਦਾ ਜੋੜ ਕਰੀਏ ਤਾਂ ਪਟਰੌਲ 5.47 ਪੈਸੇ ਅਤੇ ਡੀਜ਼ਲ 5.80 ਪੈਸੇ ਪ੍ਰਤੀ ਲੀਟਰ ਮਹਿੰਗਾ ਕੀਤਾ ਗਿਆ ਹੈ ਜੋ ਕਿ ਬੇਹੱਦ ਜ਼ਿਆਦਾ ਹੈ। ਜਦਕਿ ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਲਵਾਈ ਦੇ ਸੀਜ਼ਨ 'ਚ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦਾ ਅਸਰ ਸਿੱਧਾ ਕਿਸਾਨ ਦੀ ਅਰਥਿਕਤਾ 'ਤੇ ਪੈ ਰਿਗਾ ਹੈ, ਜਿਸ ਨਾਲ ਕਰਜੇ ਦੀ ਮਾਰ ਝੱਲ ਰਿਹਾ ਪੰਜਾਬ ਦਾ ਕਿਸਾਨ ਹੋਰ ਕਰਜ਼ੇ ਦੀ ਪੰਡ ਥੱਲੇ ਨੱਪਿਆ ਜਾਵੇਗਾ। ਉਨ੍ਹਾਂ ਸਵਾਲ ਪੁੱਛਿਆ ਕਿ ਦੁਨੀਆਂ 'ਚ ਤੇਲ ਦੀਆਂ ਕੀਮਤਾਂ ਘੱਟ ਹਨ, ਪਰ ਭਾਰਤ 'ਚ ਵੱਧ ਕਿਉਂ? ਸਰਦਾਰ ਧਰਮਸੋਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਤੇਲ ਕੀਮਤਾਂ 'ਚ ਕੀਤਾ ਗਿਆ ਵਾਧਾ ਤੁਰਤ ਵਾਪਸ ਲਿਆ ਜਾਵੇ। ਕੇਂਦਰੀ ਮੰਤਰੀ ਗਡਕਰੀ ਵਲੋਂ ਐਮਐਸਪੀ ਸਬੰਧੀ ਦਿਤੇ ਗਏ ਬਿਆਨ ਬਾਰੇ ਕੈਪਟਨ ਸਰਕਾਰ ਦੇ ਮੰਤਰੀ ਧਰਮਸੋਤ ਨੇ ਕਿਹਾ ਕਿ ਇਸ ਬਿਆਨ ਨਾਲ ਬਿੱਲੀ ਥੈਲਿਉਂ ਬਾਹਰ ਆ ਗਈ ਹੈ ਤੇ ਸਾਬਤ ਹੋ ਗਿਆ ਹੈ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਡੋਬਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੂੰ ਲਾਗੂ ਨਹੀਂ ਹੋਣ ਦੇਵੇਗੀ ਅਤੇ ਨਾ ਹੀ ਬਰਦਾਸ਼ਤ ਕਰੇਗੀ।