ਮਹਾਂਮਾਰੀ  ਦੌਰਾਨ  ਕੈਂਪਸ 'ਚ ਪ੍ਰੀਖਿਆਵਾਂ ਕਰਵਾਉਣ ਦਾ ਫ਼ੈਸਲਾ ਗ਼ਲਤ : ਪ੍ਰਤਾਪ ਸਿੰਘ ਬਾਜਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਚ ਸਿਖਿਆ ਮੰਤਰੀ ਤ੍ਰਿਪਤ ਬਾਜਵਾ ਤੇ ਗੁਰੂ ਨਾਨਕ ਦੇਵ ਦੇ ਵੀ.ਸੀ. ਨੂੰ ਲਿਖਿਆ ਪੱਤਰ

Partap Singh Bajwa

ਚੰਡੀਗੜ੍ਹ 17 ਜੂਨ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕੋਵਿਡ ਮਹਾਂਮਾਰੀ ਦੇ ਚਲਦਿਆਂ ਆਉਣ ਵਾਲੇ ਦਿਨਾਂ 'ਚ ਪ੍ਰੀਖਿਆਵਾਂ ਕੈਂਪਸ 'ਚ ਕਰਵਾਉਣ ਸਬੰਧੀ ਕੀਤੇ ਫ਼ੈਸਲੇ 'ਤੇ ਇਤਰਾਜ਼ ਪ੍ਰਗਟ ਕੀਤਾ ਹੈ। ਇਸ ਬਾਰੇ ਯੂਨੀਵਰਸਿਟੀ  ਅਥਾਰਿਟੀ ਵਲੋਂ ਜਾਰੀ ਪ੍ਰਤੀਕਿਰਿਆ 'ਚ ਪ੍ਰਤਾਪ ਸਿੰਘ ਬਾਜਵਾ ਨੇ ਉੱਚ ਸਿਖਿਆ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਯੂਨੀਵਰਸਿਟੀ ਦੇ  ਵੀ.ਸੀ. ਜਸਪਾਲ ਸਿੰਘ ਸੰਧੂ ਨੂੰ ਪੱਤਰ  ਲਿਖ ਕੇ ਵਿਰੋਧ ਪ੍ਰਗਟ ਕੀਤਾ ਹੈ। ਇਸ ਸਬੰਧੀ ਜਾਣਕਾਰੀ ਉਨ੍ਹਾਂ ਖ਼ੁਦ ਟਵੀਟ ਕਰ ਕੇ ਦਿਤੀ।

ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਮਾਮਲੇ 'ਚ ਦਖ਼ਲ ਦੇ ਕੇ ਕੋਰੋਨਾ ਮਹਾਂਮਾਰੀ ਦੇ ਸੰਕਟ ਦੇ ਚਲਦੇ ਅਜਿਹੇ ਵਿਦਿਆਰਥੀ ਮਾਰੂ ਫ਼ੈਸਲੇ ਰੋਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਸੂਬੇ 'ਚ ਵਧ ਰਹੇ ਕੋਰੋਨਾ ਕੇਸਾਂ ਤੇ ਮੌਤਾਂ ਕਾਰਨ ਇੰਟਰ ਸਟੇਟ ਤੇ ਜ਼ਿਲ੍ਹਾ ਮੂਵਮੈਂਟ 'ਤੇ ਸਖ਼ਤੀ ਕਰ ਰਹੇ ਹਨ ਤੇ ਸਨਿਚਰਵਾਰ ਅਤੇ ਐਤਵਾਰ ਦੀ ਤਾਲਾਬੰਦੀ ਲਾਗੂ ਕੀਤੀ ਗਈ ਹੈ। ਰਾਤ ਦਾ ਕਰਫਿਊ ਸ਼ਕਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਯੂਨੀਵਰਸਿਟੀ ਚ ਪ੍ਰੀਖਿਆਵਾਂ ਕਰਵਾਉਣ ਦੀ ਯੋਜਨਾ ਬਣਾ ਕੇ ਵਿਧਿਆਰਥੀਆਂ ਨੂੰ ਮੌਤ ਦੇ ਮੂੰਹ ਵਲ ਧੱਕਣ ਦਾ ਕਦਮ ਚੁਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਾਂਰਾਸ਼ਟਰ ਸੂਬਾ ਸਾਰੀਆਂ ਪ੍ਰੀਖਿਆਵਾਂ ਰੱਦ ਕਰ ਸਕਦਾ ਹੈ ਤਾਂ ਪੰਜਾਬ ਨੂੰ ਵੀ ਕੈਂਪਸ 'ਚ ਪ੍ਰੀਖਿਆਵਾਂ ਦਾ ਫ਼ੈਸਲਾ ਰੱਦ ਕਰ ਕੇ ਕੋਈ ਹੋਰ ਹਲ ਲਭਣਾ ਚਾਹੀਦਾ ਹੈ।