ਅਨੈਤਿਕ ਕਾਰਵਾਈਆਂ ਦੇ ਦੋਸ਼ ’ਚ ਸ਼੍ਰੋਮਣੀ ਕਮੇਟੀ ਵਲੋਂ ਮੈਨੇਜਰ ਤੇ ਕਲਰਕ ਸਮੇਤ ਚਾਰ ਬਰਖ਼ਾਸਤ

ਏਜੰਸੀ

ਖ਼ਬਰਾਂ, ਪੰਜਾਬ

ਅਨੈਤਿਕ ਕਾਰਵਾਈਆਂ ਦੇ ਦੋਸ਼ ’ਚ ਸ਼੍ਰੋਮਣੀ ਕਮੇਟੀ ਵਲੋਂ ਮੈਨੇਜਰ ਤੇ ਕਲਰਕ ਸਮੇਤ ਚਾਰ ਬਰਖ਼ਾਸਤ

image

ਦੋਸ਼ੀ ਮੁਲਾਜ਼ਮਾਂ ਵਿਰੁਧ ਹੋਰ ਸਖ਼ਤ ਧਾਰਾਵਾਂ ਦਾ ਕਰਾਵਾਂਗੇ ਵਾਧਾ : ਬੀਬੀ ਜਗੀਰ ਕੌਰ

ਕੋਟਕਪੂਰਾ, 16 ਜੂਨ (ਗੁਰਿੰਦਰ ਸਿੰਘ) : ਗੁਰਦਵਾਰਾ ਸਾਹਿਬ ਪਾਤਸ਼ਾਹੀ ਦਸਵੀਂ ਗੰਗਸਰ ਜੈਤੋ ਵਿਖੇ ਵਾਪਰੀ ਸ਼ਰਮਨਾਕ ਘਟਨਾ ਦੇ ਵਿਰੋਧ ਵਿਚ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਸਬੰਧਤ ਚਾਰ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ, ਉਨ੍ਹਾਂ ਵਿਰੁਧ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਾਉਣ, ਬਾਕੀ ਮੁਲਾਜ਼ਮਾਂ ਦੀ ਬਦਲੀ ਕਰਨ ਤੋਂ ਬਾਅਦ ਜੈਤੋ ਇਲਾਕੇ ਦੀ ਸੰਗਤ ਦਾ ਧਨਵਾਦ ਕੀਤਾ ਗਿਆ ਹੈ ਕਿ ਉਨ੍ਹਾਂ ਉਕਤ ਮਾਮਲਾ ਸ਼੍ਰੋਮਣੀ ਕਮੇਟੀ ਦੇ ਧਿਆਨ ਵਿਚ ਲਿਆਂਦਾ। ਬੀਬੀ ਜਗੀਰ ਕੌਰ ਨੇ ਦਸਿਆ ਕਿ ਸ਼੍ਰੋਮਣੀ ਕਮੇਟੀ ਦੇ ਦੋਸ਼ੀ ਮੁਲਾਜ਼ਮਾਂ ਵਿਰੁਧ ਦਰਜ ਮਾਮਲੇ ਵਿਚ ਸਖ਼ਤ ਧਾਰਾਵਾਂ ਦਾ ਵਾਧਾ ਕਰਾਵਾਂਗੇ। 
ਜ਼ਿਕਰਯੋਗ ਹੈ ਕਿ ਉਕਤ ਘਟਨਾ ਨਾਲ ਸਬੰਧਤ ਮੈਨੇਜਰ ਕੁਲਵਿੰਦਰ ਸਿੰਘ, ਕਲਰਕ ਸੁਖਮੰਦਰ ਸਿੰਘ ਅਤੇ ਦੋ ਸੇਵਾਦਾਰਾਂ ਕ੍ਰਮਵਾਰ ਗੁਰਬਾਜ ਸਿੰਘ ਅਤੇ ਲਖਵੀਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਵਲੋਂ ਸੇਵਾ ਤੋਂ ਵਿਹਲਿਆਂ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਅੱਜ ਦੂਜੇ ਦਿਨ ਵੀ ਸੰਗਤਾਂ ਦਾ ਗੁੱਸਾ ਚਰਮ ਸੀਮਾ ’ਤੇ ਦੇਖਣ ਨੂੰ ਮਿਲਿਆ, ਕਿਉਂਕਿ ਬੀਤੀ ਦੇਰ ਰਾਤ 11:00 ਵਜੇ ਤਕ ਇਲਾਕੇ ਦੀਆਂ ਸੰਗਤਾਂ ਰੋਸ ਧਰਨੇ ’ਤੇ ਬੈਠੀਆਂ ਰਹੀਆਂ ਅਤੇ ਸੰਗਤਾਂ ਨੂੰ ਸ਼ਾਂਤ ਕਰਨ ਲਈ ਪੁੱਜੇ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਗੁਰਥੜੀ ਅਤੇ ਐਗਜੈਕਟਿਵ ਮੈਂਬਰ ਨਵਤੇਜ ਸਿੰਘ ਕਾਉਣੀ ਨੇ ਵਿਸ਼ਵਾਸ ਦਿਵਾਇਆ ਕਿ ਜੇਕਰ 21 ਜੂਨ ਤਕ ਮੁਲਜ਼ਮ ਗਿ੍ਰਫ਼ਤਾਰ ਨਾ ਹੋਏ ਤਾਂ ਉਹ ਖ਼ੁਦ ਵੀ ਅਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦੇਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਰਜਿੰਦਰ ਕੌਰ ਨੇ ਦਸਿਆ ਕਿ ਗੁਰੂ ਜੀ ਦੀ ਚਰਨਛੋਹ ਪ੍ਰਾਪਤ ਗੁਰਦਵਾਰਾ ਸਾਹਿਬ ਅੰਦਰ ਅਨੈਤਿਕ ਕਾਰਵਾਈਆਂ ਬਰਦਾਸ਼ਤ ਤੋਂ ਬਾਹਰ ਹਨ। ਡਾਕਟਰ ਜਸਵਿੰਦਰ ਸਿੰਘ ਕਾਕਾ ਅਤੇ ਜਸਵੰਤ ਸਿੰਘ ਧਾਲੀਵਾਲ ਨੇ ਦਸਿਆ ਕਿ ਉਨ੍ਹਾਂ ਚਾਰ ਸਾਲ ਪਹਿਲਾਂ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਕਲਰਕ ਸੁਖਮੰਦਰ ਸਿੰਘ ਨੂੰ ਗ਼ੈਰ ਔਰਤਾਂ ਗੁਰਦਵਾਰੇ ਦੀ ਸਰਾਂ ਵਿਚ ਲਿਆਉਣ ਦਾ ਇਤਰਾਜ਼ ਕੀਤਾ ਸੀ ਤਾਂ ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਠ ਨੇ ਸੁਖਮੰਦਰ ਸਿੰਘ ਦਾ ਪੱਖ ਪੂਰਦਿਆਂ ਉਸ ਵਿਰੁਧ ਕਾਰਵਾਈ ਨਾ ਹੋਣ ਦਿਤੀ। 
ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਲਖਵਿੰਦਰ ਸਿੰਘ ਲੱਖਾ ਅਤੇ ਜਸਵਿੰਦਰ ਸਿੰਘ ਗ੍ਰੰਥੀ ਸਮੇਤ ਕੌਂਸਲਰ ਨਰਿੰਦਰਪਾਲ ਸਿੰਘ ਰਾਮੇਆਣਾ ਅਤੇ ਕੁਲਦੀਪ ਸਿੰਘ ਖ਼ਾਲਸਾ ਨੇ ਵੀ ਉਕਤ ਮੁਲਾਜ਼ਮਾਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਗੁਰਦਵਾਰਾ ਸਾਹਿਬ ਦੇ ਸੇਵਾਦਾਰ ਬਲਰਾਜ ਸਿੰਘ ਨੇ ੱਸਿਆ ਕਿ ਕਲਰਕ ਸੁਖਮੰਦਰ ਸਿੰਘ, ਸੇਵਾਦਾਰ ਗੁਰਬਾਜ ਸਿੰਘ ਅਤੇ ਸੇਵਾਦਾਰ ਲਖਵੀਰ ਸਿੰਘ ਗ਼ੈਰ ਔਰਤਾਂ ਲੈ ਕੇ ਆਏ ਤਾਂ ਉਸ ਨੇ ਵਿਰੋਧ ਕੀਤਾ। ਉਸ ਨੇ ਮੰਨਿਆ ਕਿ ਉਕਤਾਨ ਮੁਲਾਜ਼ਮ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਸ਼ਰੇਆਮ ਅੰਜਾਮ ਦਿੰਦੇ ਰਹੇ ਹਨ ਪਰ ਅਕਾਲੀ ਆਗੂਆਂ ਅਤੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਅਹੁਦੇਦਾਰਾਂ ਦੀ ਸਰਪ੍ਰਸਤੀ ਕਰ ਕੇ ਉਕਤਾਨ ਵਿਰੁਧ ਕਾਰਵਾਈ ਨਾ ਹੋ ਸਕੀ। ਸੰਪਰਕ ਕਰਨ ’ਤੇ ਕੁਲਦੀਪ ਸਿੰਘ ਸੋਹੀ ਐਸ.ਪੀ. ਫ਼ਰੀਦਕੋਟ ਨੇ ਦਸਿਆ ਕਿ ਬੀਬੀ ਰਜਿੰਦਰ ਕੌਰ ਸਾਬਕਾ ਮੈਂਬਰ ਲੋਕਲ ਗੁਰਦਵਾਰਾ ਪ੍ਰਬੰਧਕ ਕਮੇਟੀ ਜੈਤੋ ਪਤਨੀ ਕੁਲਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਸੁਖਮੰਦਰ ਸਿੰਘ ਕਲਰਕ ਅਤੇ ਗੁਰਬਾਜ਼ ਸਿੰਘ ਸੇਵਾਦਾਰ ਵਿਰੁਧ ਆਈਪੀਸੀ ਦੀ ਧਾਰਾ 295ਏ ਤਹਿਤ ਮਾਮਲਾ ਦਰਜ ਕਰਨ ਉਪਰੰਤ ਉਕਤਾਨ ਨੂੰ ਅੱਜ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ।