ਸ਼੍ਰੋਮਣੀ ਅਕਾਲੀ ਦਲ ਅਤੇ ਪੰਥਕ ਅਕਾਲੀ ਲਹਿਰ ਨੇ ਗੁਰਦਵਾਰਾ ਰਕਾਬ ਗੰਜ ਕੰਪਲੈਕਸ ਵਿਖੇ ਕੀਤਾ ਰੋਸ ਮਾਰਚ

ਏਜੰਸੀ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਅਤੇ ਪੰਥਕ ਅਕਾਲੀ ਲਹਿਰ ਨੇ ਗੁਰਦਵਾਰਾ ਰਕਾਬ ਗੰਜ ਕੰਪਲੈਕਸ ਵਿਖੇ ਕੀਤਾ ਰੋਸ ਮਾਰਚ

image

ਨਵੀਂ ਦਿੱਲੀ, 16 ਜੂਨ (ਅਮਨਦੀਪ ਸਿੰਘ): ਇਤਿਹਾਸਕ ਗੁਰਦਵਾਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀਸ਼ਾਹ ਵਣਜਾਰਾ ਹਾਲ ਵਿਖੇ ਸਪੀਕਰ ’ਤੇ ਫ਼ਿਲਮੀ ਗਾਣੇ ਵਜਾਉਣ ਲਈ ਦਿੱਲੀ ਕਮੇਟੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਪੰਥਕ ਅਕਾਲੀ ਲਹਿਰ ਨੇ ਸਿੱਖ ਸੰਗਤਾਂ ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਦੇ ਦਰ ਦੀ ਮਰਿਆਦਾ ਤੇ ਰਵਾਇਤਾਂ ਦੀ ਬਹਾਲੀ ਲਈ ਬਾਦਲਾਂ ਦੇ ਸਮਾਜਕ ਬਾਈਕਾਟ ਦਾ ਸੱਦਾ ਦਿਤਾ। 
ਅੱਜ ਇਥੋਂ ਦੇ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਖੇ ਵੱਡੀ ਤਾਦਾਦ ਵਿਚ ਪਾਰਟੀ ਕਾਰਕੁਨਾਂ, ਅਹੁਦੇਦਾਰਾਂ ਨਾਲ ਪੁੱਜੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ, ਸਕੱਤਰ ਜਨਰਲਾਂ ਸ.ਹਰਵਿੰਦਰ ਸਿੰਘ ਸਰਨਾ, ਸ.ਗੁਰਮੀਤ ਸਿੰਘ ਸ਼ੰਟੀ, ਪੰਥਕ ਅਕਾਲੀ ਲਹਿਰ ਦੇ ਮੋਢੀ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਨੂੰ ਦੂਜਾ ਮੱਸਾ ਰੰਗੜ ਆਖ ਕੇ, ਗੁਰੂ ਘਰ ਦੀ ਮਰਿਆਦਾ ਨੂੰ ਢਾਹ ਲਾਉਣ ਲਈ ਸੰਗਤਾਂ ਸਾਹਮਣੇ ਪੇਸ਼ ਹੋ ਕੇ ਮਾਫ਼ੀ ਮੰਗਣ ਲਈ ਜ਼ੋਰ ਪਾਇਆ। ਸਰਨਾ ਤੇ ਭਾਈ ਰਣਜੀਤ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ,“ਸਿੱਖਾਂ ਦੇ ਵਿਰੋਧ ਦੇ ਬਾਵਜੂਦ ਸਿਰਸਾ ਨੇ ਅਪਣੇ ਹੰਕਾਰ ਨੂੰ ਪੱਠੇ ਪਾਉਣ ਲਈ ਕਿਸੇ ਸਕੂਲ ਜਾਂ ਕਾਲਜ ਵਿਚ ਕੋਵਿਡ ਕੇਅਰ ਸੈਂਟਰ ਬਣਾਉਣ ਦੀ ਥਾਂ ਲੱਖੀਸ਼ਾਹ ਵਣਜਾਰਾ ਹਾਲ ਵਿਖੇ ਸੈਂਟਰ ਬਣਾ ਦਿਤਾ ਅਤੇ ਫਿਰ ਇਥੇ ਸਪੀਕਰ ’ਤੇ ਫ਼ਿਲਮੀ ਗਾਣੇ ਵਜਾ ਕੇ ਬੇਅਦਬੀ ਕੀਤੀ ਗਈ। ਸਿਰਸਾ ਸੰਗਤਾਂ ਤੋਂ ਅਪਣੀ ਭੁੱਲ ਲਈ ਮਾਫ਼ੀ ਮੰਗੇ ਅਤੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕੋਵਿਡ ਸੈਂਟਰ ਕਿਸੇ ਹੋਰ ਥਾਂ ਤਬਦੀਲ ਕੀਤਾ ਜਾਵੇ।’’ਉਨ੍ਹਾਂ ਸਿੱਖਾਂ ਨੂੰ ਗੁਰਦਵਾਰਾ ਚੋਣਾਂ ਵਿਚ ਬਾਦਲਾਂ ਤੋਂ ਗੁਰੂ ਘਰ ਆਜ਼ਾਦ ਕਰਵਾਉਣ ਦਾ ਹੋਕਾ ਦਿਤਾ ਤੇ ਗੁਰਦਵਾਰਿਆਂ ਦੀ ਮਾਣ ਮਰਿਆਦਾ ਬਹਾਲ ਕਰਵਾਉਣ ਲਈ ਕਿਹਾ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਸ.ਕਰਤਾਰ ਸਿੰਘ ਚਾਵਲਾ, ਸ.ਕੁਲਵੰਤ ਸਿੰਘ ਬਾਠ, ਸ.ਮਹਿੰਦਰ ਸਿੰਘ ਭੁੱਲਰ, ਸੁਖਬੀਰ ਸਿੰਘ ਕਾਲਰਾ, ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਰਮਨਦੀਪ ਸਿੰਘ, ਸ.ਅਮਰੀਕ ਸਿੰਘ ਮਾਨਸਰੋਵਰ ਗਾਰਡਨ, ਹਰਦੀਪ ਸਿੰਘ ਵਿਰਦੀ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਮਨਜੀਤ ਕੌਰ ( ਨੀਤੀ ਜੱਗੀ) ਤੇ ਹੋਰ ਅਹੁਦੇਦਾਰ ਸ਼ਾਮਲ ਹੋਏ।