ਐਸ.ਆਈ.ਟੀ. ਹੁਣ 22 ਜੂਨ ਨੂੰ  ਐਮ.ਐਲ.ਏ. ਹੋਸਟਲ 'ਚ ਕਰੇਗੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁਛਗਿੱਛ

ਏਜੰਸੀ

ਖ਼ਬਰਾਂ, ਪੰਜਾਬ

ਐਸ.ਆਈ.ਟੀ. ਹੁਣ 22 ਜੂਨ ਨੂੰ  ਐਮ.ਐਲ.ਏ. ਹੋਸਟਲ 'ਚ ਕਰੇਗੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁਛਗਿੱਛ

image

ਕਿਸ ਦੇ ਕਹਿਣ 'ਤੇ ਚਲੀ ਸੀ ਗੋਲੀ, ਇਹ ਪਤਾ ਕਰਨਾ ਚਾਹੁੰਦੀ ਹੈ ਐਸ.ਆਈ.ਟੀ.

ਕੋਟਕਪੂਰਾ, 16 ਜੂਨ (ਗੁਰਿੰਦਰ ਸਿੰਘ) : ਕੋਟਕਪੂਰਾ ਗੋਲੀਕਾਂਡ ਦੀ ਪੜਤਾਲ ਕਰ ਰਹੀ ਐਸ.ਆਈ.ਟੀ (ਸਿੱਟ) ਹੁਣ 22 ਜੂਨ ਨੂੰ  ਐਮ.ਐਲ.ਏ. ਹੋਸਟਲ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁਛਗਿੱਛ ਕਰੇਗੀ | ਹਾਲਾਂਕਿ ਐਸ.ਆਈ.ਟੀ ਨੇ ਇਹ ਪੁੱਛਗਿੱਛ 16 ਜੂਨ ਨੂੰ  ਕਰਨੀ ਸੀ ਪਰ ਸਾਬਕਾ ਮੁੱਖ ਮੰਤਰੀ ਨੇ ਅਪਣੀ ਸਿਹਤ ਦਾ ਹਵਾਲਾ ਦੇ ਕੇ ਕੱੁਝ ਸਮਾਂ ਮੰਗਿਆ ਸੀ | 'ਸਿੱਟ' ਨੇ ਪ੍ਰਕਾਸ਼ ਸਿੰਘ ਬਾਦਲ ਨੂੰ  ਪੱਤਰ ਲਿਖ ਕੇ ਆਖਿਆ ਹੈ ਕਿ ਉਹ 22 ਜੂਨ ਨੂੰ  ਸੈਕਟਰ 4 ਦੇ ਐਮਐਲਏ ਹੋਸਟਲ 'ਚ ਮੌਜੂਦ ਰਹਿਣ, ਜਿਥੇ ਉਨ੍ਹਾਂ ਤੋਂ ਕੋਟਕਪੂਰਾ ਗੋਲੀਕਾਂਡ ਸਬੰਧੀ ਪੁੱਛ-ਪੜਤਾਲ ਕੀਤੀ ਜਾਵੇਗੀ | 
ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਸਬੰਧ 'ਚ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਟੀਮ ਅੱਗੇ ਪੁੱਛ-ਪੜਤਾਲ ਲਈ ਪੇਸ਼ ਹੋ ਚੁੱਕੇ ਹਨ | ਐਸਆਈਟੀ ਨੇ ਸਾਬਕਾ ਡੀਜੀਪੀ ਸਮੇਤ ਪੰਜ ਹੋਰ ਆਈਪੀਐਸ ਅਧਿਕਾਰੀਆਂ ਤੋਂ ਪੁੱਛ-ਪੜਤਾਲ ਮੁਕੰਮਲ ਕਰ ਕੇ ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ  ਜਾਂਚ ਲਈ ਸੱਦਿਆ ਹੈ | ਇਕੱਤਰ ਕੀਤੀ ਜਾਣਕਾਰੀ ਮੁਤਾਬਕ ਗੋਲੀਕਾਂਡ ਤੋਂ ਪਹਿਲਾਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫ਼ਰੀਦਕੋਟ ਪ੍ਰਸ਼ਾਸਨ ਨਾਲ ਲੰਬੀ ਗੱਲਬਾਤ ਹੋਈ ਸੀ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਪ੍ਰਸ਼ਾਸਨ ਨੂੰ  ਗੱਲਬਾਤ ਰਾਹੀਂ ਮਾਮਲਾ ਨਜਿੱਠਣ ਲਈ ਕਿਹਾ ਸੀ ਪਰ ਗੱਲਬਾਤ ਹੋਣ ਦੇ ਕਰੀਬ ਇਕ ਘੰਟੇ ਬਾਅਦ ਹੀ ਕੋਟਕਪੂਰਾ 'ਚ ਗੋਲੀ ਚਲ ਗਈ ਸੀ | ਜਾਂਚ ਟੀਮ ਇਹ ਜਾਣਨਾ ਚਾਹੁੰਦੀ ਹੈ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਵਜੋਂ ਮਾਮਲਾ ਗੱਲਬਾਤ ਰਾਹੀਂ ਨਿਬੇੜਨ ਦੇ ਆਦੇਸ਼ ਦਿਤੇ ਸਨ ਤਾਂ ਫਿਰ ਗੋਲੀ ਕਿਸ ਦੇ ਹੁਕਮਾਂ 'ਤੇ ਚਲਾਈ ਗਈ | ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ 'ਚ ਅਨੇਕਾਂ ਲੋਕ ਜਿਥੇ ਗੰਭੀਰ ਜ਼ਖ਼ਮੀ ਹੋ ਗਏ ਸਨ, ਉਥੇ ਹੀ ਦੋ ਸਿੰਘ ਵੀ ਸ਼ਹੀਦ ਹੋ ਗਏ ਸਨ, ਜਿਨ੍ਹਾਂ ਦੇ ਵਾਰਸਾਂ ਵਲੋਂ ਕਰੀਬ ਛੇ ਸਾਲ ਤੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਪਰ ਅਜੇ ਤਕ ਜਾਂਚ ਦੀ ਘੁੰਮਣ ਘੇਰੀ ਵਿਚ ਮਾਮਲਾ ਉਲਝਿਆ ਹੋਇਆ ਹੈ |