CM ਦੇ ਸਪੇਨ ਵਾਲੇ ਬਿਆਨ ਨੂੰ ਲੈ ਕੇ ਕੇਵਲ ਢਿੱਲੋਂ ਦਾ ਸਵਾਲ, ਕਿਹਾ- ਉਮੀਦ ਹੈ ਜਵਾਬ ਦੇਣਗੇ 

ਏਜੰਸੀ

ਖ਼ਬਰਾਂ, ਪੰਜਾਬ

ਕੀ ਸਪੇਨ 'ਚ ਰਹਿਣ ਵਾਲਾ ਹਰ ਵਿਅਕਤੀ ਸਮੱਗਲਰ ਹੈ?

Bhagwant Mann, Kewal Singh Dhillon

 

ਬਰਨਾਲਾ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀਂ ਸੰਗਰੂਰ ਲੋਕ ਸਭਾ ਸੀਟ 'ਤੇ ਹੋਣ ਜਾ ਰਹੀ ਜ਼ਿਮਨੀ ਚੋਣ ਨੂੰ ਲੈ ਕੇ 'ਆਪ' ਉਮੀਦਵਾਰ ਦੇ ਹੱਕ 'ਚ ਪ੍ਰਚਾਰ ਕੀਤਾ ਗਿਆ। ਇਸ ਪ੍ਰਚਾਰ ਦੌਰਾਨ ਉਹਨਾਂ ਵੱਲੋਂ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਬਾਰੇ ਦਿੱਤਾ ਇਕ ਬਿਆਨ ਚਰਚਾ ਵਿਚ ਹੈ। ਅਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ''ਕੇਵਲ ਢਿੱਲੋਂ ਨੇ ਅਪਣੇ 2 ਘਰ ਤਾਂ ਸਪੇਨ ਵਿਚ ਦਿਖਾਏ ਨੇ ਤੇ ਸਪੇਨ ਦਾ ਮਤਲਬ ਪਤਾ ਕੀ ਹੈ ਸਮੱਗਲਿੰਗ। ਸਭ ਦੇ ਘਰ ਉੱਤੇ ਹੀ ਨੇ ਜੋ ਇੰਟਰਨੈਸ਼ਨਲ ਤੌਰ 'ਤੇ ਸਭ ਵੇਚਦੇ ਨੇ ਤੇ ਤੁਹਾਨੂੰ ਸਪੇਨ ਲੈ ਜਾਵੇਗਾ ਉਹ। ਦੁਨੀਆ ਭਰ ਦੇ ਸਮੱਗਲਰ ਸਪੇਨ 'ਚ ਹੀ ਘਰ ਖ਼ਰੀਦਦੇ ਹਨ। ਕੇਵਲ ਢਿੱਲੋਂ ਸੰਗਰੂਰ 'ਚ ਏਅਰਪੋਰਟ ਬਣਾਉਣ ਦੀ ਗੱਲ ਕਰ ਰਹੇ ਹਨ ਪਰ ਅਸੀਂ ਤਾਂ ਬੱਸ ਚੜ੍ਹਨ ਜੋਗੇ ਨਹੀਂ ਹੈਗੇ ਜਿਸ ਏਅਰਪੋਰਟ ਨੂੰ ਬਣਾਉਣ ਦੀ ਉਹ ਗੱਲ ਕਰ ਰਹੇ ਹਨ ਉਹ ਵੀ ਢਿੱਲੋਂ ਦੇ ਹੀ ਕੰਮ ਆਵੇਗਾ।'' 

ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਕੇਵਲ ਢਿੱਲੋਂ ਨੇ ਵੀ ਅਪਣੀ ਪ੍ਰਤੀਕਿਰਿਆ ਦਿੱਤੀ ਹੈ ਤੇ ਕਿਹਾ ਹੈ ਕਿ ਜੇ ਮੁੱਖ ਮੰਤਰੀ ਮਾਨ ਏਅਰਪੋਰਟ ਦੀ ਗੱਲ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਰ ਮਹੀਨੇ ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਦੇ ਹਜ਼ਾਰਾਂ ਲੋਕ ਦਿੱਲੀ ਹਵਾਈ ਅੱਡੇ 'ਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਪੇਨ ਦਾ ਨਾਮ ਲੈ ਕੇ ਜੋ ਮਾਨ ਨੇ ਟਿੱਪਣੀ ਕੀਤੀ ਹੈ ਉਹ ਠੀਕ ਨਹੀਂ। ਪੰਜਾਬ ਦੇ ਹਜ਼ਾਰਾਂ ਨੌਜਵਾਨ ਰੁਜ਼ਗਾਰ ਲਈ ਸਪੇਨ ਜਾਂਦੇ ਹਨ। ਢਿੱਲੋਂ ਨੇ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਕੀ ਸਪੇਨ 'ਚ ਰਹਿਣ ਵਾਲਾ ਹਰ ਵਿਅਕਤੀ ਸਮੱਗਲਰ ਹੈ? ਢਿੱਲੋਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਮੁੱਖ ਮੰਤਰੀ ਮੇਰੀ ਇਸ ਗੱਲ ਦਾ ਜਵਾਬ ਜ਼ਰੂਰ ਦੇਣਗੇ।