ਜਲੰਧਰ 'ਚ ਮਾਪਿਆਂ ਤੋਂ ਘਰ ਖ਼ਾਲੀ ਕਰਵਾਉਣ ਪਹੁੰਚੀ ਧੀ, ਲਗਾਏ ਕੁੱਟਮਾਰ ਦੇ ਇਲਜ਼ਾਮ
ਕਿਹਾ, ਮੈਂ ਪ੍ਰੇਮ ਵਿਆਹ ਕਰਵਾਇਆ ਸੀ ਤੇ ਪ੍ਰਵਾਰ ਮੇਰੇ ਵਿਰੁਧ ਹੈ
ਪੇਕੇ ਪ੍ਰਵਾਰ ਨੇ ਮੇਰੇ ਹੀ ਘਰ ਵਿਚੋਂ ਮੈਨੂੰ ਧੱਕੇ ਨਾਲ ਕਢਿਆ ਬਾਹਰ : ਲੜਕੀ
ਲੜਕੀ ਵਲੋਂ ਲਗਾਏ ਇਲਜ਼ਾਮ ਝੂਠੇ ਤੇ ਬੇਬੁਨਿਆਦ : ਪੇਕਾ ਪ੍ਰਵਾਰ
ਜਲੰਧਰ : ਸ਼ਹਿਰ 'ਚ ਇਕ ਵਿਆਹੀ ਧੀ ਅਪਣੇ ਮਾਪਿਆਂ ਤੋਂ ਘਰ ਖ਼ਾਲੀ ਕਰਵਾਉਣ ਪਹੁੰਚੀ। ਵਿਆਹੁਤਾ ਔਰਤ ਦਾ ਦੋਸ਼ ਹੈ ਕਿ ਉਸ ਨੇ ਅਪਣੀ ਮਰਜ਼ੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਜਿਸ ਤੋਂ ਬਾਅਦ ਪ੍ਰਵਾਰਕ ਮੈਂਬਰਾਂ ਨੇ ਉਸ ਨਾਲ ਸਬੰਧ ਤੋੜ ਲਏ। ਜਿਸ ਘਰ ਵਿਚ ਉਸ ਦੇ ਪੇਕੇ ਪ੍ਰਵਾਰ ਵਾਲੇ ਰਹਿ ਰਹੇ ਹਨ ਅਸਲ ਵਿਚ ਉਹ ਉਸ ਦਾ ਹੈ ਅਤੇ ਉਹ ਘਰ ਦੀਆਂ ਕਿਸ਼ਤਾਂ ਵੀ ਭਰ ਰਹੀ ਹੈ। ਇਸੇ ਲਈ ਉਹ ਘਰ ਖ਼ਾਲੀ ਕਰਵਾਉਣ ਆਈ ਹੈ। ਵਿਆਹੁਤਾ ਔਰਤ ਨੇ ਦਸਿਆ ਕਿ ਜਦੋਂ ਤੋਂ ਉਸ ਦਾ ਪ੍ਰੇਮ ਵਿਆਹ ਹੋਇਆ ਹੈ, ਉਦੋਂ ਤੋਂ ਹੀ ਪ੍ਰਵਾਰਕ ਮੈਂਬਰ ਉਸ 'ਤੇ ਦਬਾਅ ਬਣਾਉਣ ਲਈ ਸ਼ਿਕਾਇਤਾਂ ਕਰਦੇ ਆ ਰਹੇ ਹਨ।
ਬਸਤੀ ਸ਼ੇਖ 'ਚ ਵਿਆਹੁਤਾ ਨੇ ਅਪਣੇ ਭਰਾ ਤੇ ਮਾਂ 'ਤੇ ਦੋਸ਼ ਲਾਇਆ ਕਿ ਅੱਜ ਘਰ ਆ ਕੇ ਦੋਵਾਂ ਨੇ ਉਸ ਨਾਲ ਕੁੱਟਮਾਰ ਕੀਤੀ। ਵਿਆਹੁਤਾ ਔਰਤ ਨੇ ਦਸਿਆ ਕਿ ਜਿਵੇਂ ਹੀ ਉਸ ਨੇ ਘਰ ਦਾ ਗੇਟ ਖੜਕਾਇਆ ਤਾਂ ਉਸ ਦੇ ਭਰਾ ਨੇ ਉਸ 'ਤੇ ਹਮਲਾ ਕਰ ਦਿਤਾ। ਉਸ ਨੂੰ ਜੁੱਤੀਆਂ ਨਾਲ ਮਾਰਿਆ ਅਤੇ ਉਸ ਦੇ ਕੱਪੜੇ ਪਾੜ ਦਿਤੇ। ਇਸ ਤੋਂ ਬਾਅਦ ਉਸ ਦੀ ਮਾਂ ਨੇ ਉਸ ਨੂੰ ਘਰੋਂ ਧੱਕਾ ਦੇ ਦਿਤਾ।
ਇਹ ਵੀ ਪੜ੍ਹੋ : ਇਕ ਸਾਲ ਵਿਚ 29684 ਸਰਕਾਰੀ ਨੌਕਰੀਆਂ ਦਿਤੀਆਂ ਤੇ ਹੋਰ ਭਰਤੀਆਂ ਜਾਰੀ : ਮੁੱਖ ਮੰਤਰੀ
ਵਿਆਹੁਤਾ ਔਰਤ ਦਾ ਕਹਿਣਾ ਹੈ ਕਿ ਜਿਸ ਘਰ ਤੋਂ ਉਸ ਨੂੰ ਧੱਕੇ ਨਾਲ ਬਾਹਰ ਕੱਢਿਆ ਗਿਆ, ਉਹ ਘਰ ਉਸ ਦਾ ਹੈ। ਉਸ ਨੇ ਕਿਹਾ ਕਿ ਜੇਕਰ ਉਸ ਦੇ ਪੇਕੇ ਪਰਵਾਰ ਕੋਲ ਘਰ ਦਾ ਕੋਈ ਸਬੂਤ ਹੈ ਤਾਂ ਦਿਖਾਉਣ। ਉਸ ਦਾ ਕਹਿਣਾ ਹੈ ਕਿ ਕਿ ਜਿਸ ਤਰੀਕੇ ਨਾਲ ਉਸ ਨੂੰ ਘਰ ਵਿਚੋਂ ਬਾਹਰ ਕੱਢਿਆ ਗਿਆ ਹੈ, ਉਸ ਤੋਂ ਬਾਅਦ ਉਹ ਇਕ ਦੂਜੇ ਲਈ ਮਰ ਗਏ ਹਨ।
ਉਧਰ ਪੇਕੇ ਪ੍ਰਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਵਲੋਂ ਲਗਾਏ ਗਏ ਸਾਰੇ ਇਲਜ਼ਾਮ ਝੂਠੇ ਹਨ। ਉਸ 'ਤੇ ਕੋਈ ਹਮਲਾ ਨਹੀਂ ਹੋਇਆ। ਜੇ ਉਸਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਹੈ, ਤਾਂ ਉਸ ਨੂੰ ਅਪਣੀ ਜ਼ਿੰਦਗੀ ਨੂੰ ਜਿਉਣੀ ਚਾਹੀਦੀ ਹੈ। ਉਨ੍ਹਾਂ ਦਾ ਲੜਕੀ ਦੀ ਜ਼ਿੰਦਗੀ ਵਿਚ ਕੋਈ ਦਖ਼ਲ ਨਹੀਂ ਹੈ ਅਤੇ ਨਾ ਹੀ ਕੋਈ ਰਿਸ਼ਤਾ ਹੈ। ਉਹ ਇਥੋਂ ਸਾਰੇ ਗਹਿਣੇ ਅਪਣੇ ਨਾਲ ਲੈ ਕੇ ਜਾ ਚੁੱਕੀ ਹੈ।