ਪੁਲਿਸ ਦੀ ਡਾਕੂ ਹਸੀਨਾ ਨੂੰ ਚੁਣੌਤੀ, ''ਜਿੱਥੋ ਤੱਕ ਭੇਜ ਸਕਦੇ ਹੋ ਭੱਜ ਲਓ, ਜਲਦ ਪਿੰਜਰੇ 'ਚ ਕੈਦ ਕਰਾਂਗੇ''

ਏਜੰਸੀ

ਖ਼ਬਰਾਂ, ਪੰਜਾਬ

ਮਾਮਲੇ ਦੀ ਮਾਸਟਰਮਾਈਂਡ ਤੇ ਉਸ ਦੇ ਪਤੀ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ   

Mandeep Kaur Mona

ਲੁਧਿਆਣਾ - ਲੁਧਿਆਣਾ ਡਕੈਤੀ ਦੀ ਮਾਸਟਰ ਮਾਈਂਡ ਹਸੀਨਾ ਮਨਦੀਪ ਕੌਰ ਉਰਫ਼ ਮੋਨਾ ਅਤੇ ਉਸਦੇ ਪਤੀ ਜਸਵਿੰਦਰ ਸਿੰਘ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਇਹਨਾਂ ਦੋਹਾਂ ਦੇ ਨੇਪਾਲ ਭੱਜਣ ਦਾ ਸ਼ੱਕ ਹੈ। ਲੁੱਕ ਆਊਟ ਦੇ ਨੋਟਿਸ ਦੇ ਨਾਲ ਪੰਜਾਬ ਪੁਲਿਸ ਨੇ ਦੋਹਾਂ ਨੂੰ ਖੁੱਲ੍ਹੀ ਚੁਣੌਤੀ ਵੀ ਦਿੱਤੀ ਹੈ। ਲੁਧਿਆਣਾ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿਚ ਉਹਨਾਂ ਨੇ ਕਿਹਾ ਕਿ ਮਨਦੀਪ ਕੌਰ ਉਰਫ਼ ਮੋਨਾ ਅਤੇ ਜਸਵਿੰਦਰ ਸਿੰਘ ਤੁਸੀਂ ਜਿੰਨੀ ਤੇਜ਼ੀ ਨਾਲ ਭੱਜ ਸਕਦੇ ਹੋ ਭੱਜ ਲਓ ਪਰ ਤੁਸੀਂ ਬਚ ਨਹੀਂ ਸਕਦੇ। ਤੁਹਾਨੂੰ ਜਲਦ ਹੀ ਪਿੰਜਰੇ ਵਿਚ ਪਾ ਦਿੱਤਾ ਜਾਵੇਗਾ।  

ਜ਼ਿਕਰਯੋਗ ਹੈ ਕਿ ਪੁਲਿਸ ਦੀਆਂ ਟੀਮਾਂ ਮੋਨਾ ਨੂੰ ਫੜਨ ਲਈ ਪੰਜਾਬ ਤੋਂ ਬਾਹਰ ਵੀ ਛਾਪੇਮਾਰੀ ਕਰ ਰਹੀਆਂ ਹਨ। ਹੁਣ ਤੱਕ ਪੁਲਿਸ ਇਸ ਮਾਮਲੇ ਵਿਚ 6 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। 5 ਲੋਕਾਂ ਦੀ ਗ੍ਰਿਫ਼ਤਾਰੀ ਬਾਕੀ ਹੈ। ਪੁਲਿਸ ਨੇ 5 ਕਰੋੜ 75 ਲੱਖ ਰੁਪਏ ਬਰਾਮਦ ਕੀਤੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਬਾਕੀ ਪੈਸੇ ਮਨਦੀਪ ਕੌਰ ਕੋਲ ਹਨ।  

ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਕਿਹਾ ਕਿ ਦੋਸ਼ੀਆਂ ਨੂੰ ਫੜਨ ਲਈ ਹੁਣ ਤੱਕ ਕਰੀਬ 1 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਸ ਨਾਲ ਮਜ਼ਦੂਰਾਂ ਨੂੰ ਪੈਸੇ ਦੀ ਭਾਲ ਲਈ ਸੀਵਰੇਜ ਲਾਈਨਾਂ ਵਿਚ ਵੜਨਾ ਪਿਆ। ਮੁਲਜ਼ਮਾਂ ਨੇ ਵਾਰਦਾਤ ਵਾਲੇ ਦਿਨ ਕਾਲੇ ਕੱਪੜੇ ਪਹਿਨਣ ਦੀ ਯੋਜਨਾ ਬਣਾਈ ਸੀ, ਤਾਂ ਜੋ ਰਾਤ ਸਮੇਂ ਕੁਝ ਨਜ਼ਰ ਨਾ ਆਵੇ। ਉਨ੍ਹਾਂ ਦੱਸਿਆ ਸੀ ਕਿ ਮਾਮਲੇ ਨੂੰ ਸੁਲਝਾਉਣ ਲਈ ਆਏ ਸਾਰੇ ਖਰਚੇ ਦੀ ਵਸੂਲੀ ਕੰਪਨੀ ਤੋਂ ਹੀ ਕਰਵਾਉਣ ਲਈ ਡੀਜੀਪੀ ਨਾਲ ਗੱਲਬਾਤ ਚੱਲ ਰਹੀ ਹੈ।

ਮਾਂਸਟਰਮਾਈਂਡ ਮੋਨਾ ਬਚਪਨ ਤੋਂ ਹੀ ਆਪਣੇ ਨਾਨਾ-ਨਾਨੀ ਨਾਲ ਰਹਿ ਰਹੀ ਹੈ। ਉਹ ਦਿੱਲੀ ਆਉਂਦੀ-ਜਾਂਦੀ ਰਹਿੰਦੀ ਸੀ। ਉਹ ਕੁਝ ਸਾਲਾਂ ਤੋਂ ਇੱਥੇ ਰਹਿ ਰਹੀ ਸੀ। ਵੱਡਾ ਭਰਾ ਕਾਕਾ ਅਕਸਰ ਮੋਨਾ ਦਾ ਉਸ ਦੀਆਂ ਹਰਕਤਾਂ ਕਰਕੇ ਵਿਰੋਧ ਕਰਦਾ ਸੀ। ਉਹ ਕਈ ਦਿਨ ਘਰੋਂ ਬਾਹਰ ਰਹਿੰਦੀ ਸੀ। ਮੋਨਾ ਦਾ ਇਹ ਤੀਜਾ ਵਿਆਹ ਹੈ। ਉਸ ਦਾ ਵਿਆਹ 4 ਮਹੀਨੇ ਪਹਿਲਾਂ ਹੀ ਬਰਨਾਲਾ ਦੇ ਜਸਵਿੰਦਰ ਸਿੰਘ ਨਾਲ ਹੋਇਆ ਸੀ। ਇਸ ਦੌਰਾਨ ਉਸ ਨੇ ਮਨਜਿੰਦਰ ਮੈਣੀ ਨੂੰ ਵੀ ਆਪਣੇ ਜਾਲ ਵਿਚ ਫਸਾ ਲਿਆ।