PSEB Compartment Exam : 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਹੁਣ 20 ਜੂਨ ਤੱਕ ਭਰ ਸਕਣਗੇ ਕੰਪਾਰਟਮੈਂਟ ਪ੍ਰੀਖਿਆ ਲਈ ਫਾਰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਤੋਂ ਬਾਅਦ ਕਿਸੇ ਨੂੰ ਵੀ ਅਪਲਾਈ ਕਰਨ ਦਾ ਮੌਕਾ ਨਹੀਂ ਮਿਲੇਗਾ ,ਜੁਲਾਈ 'ਚ ਹੋਵੇਗੀ ਪ੍ਰੀਖਿਆ

PSEB Compartment Exam

PSEB Compartment Exam : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਪੰਜਾਬ ਦੇ ਉਨ੍ਹਾਂ ਵਿਦਿਆਰਥੀਆਂ ਨੂੰ 20 ਜੂਨ ਤੱਕ ਦਾ ਸਮਾਂ ਦਿੱਤਾ ਹੈ, ਜਿਨ੍ਹਾਂ ਨੇ ਅਜੇ ਤੱਕ 10ਵੀਂ ਅਤੇ 12ਵੀਂ ਜਮਾਤ ਦੀ ਕੰਪਾਰਟਮੈਂਟ ਪ੍ਰੀਖਿਆ ਦੇ ਫਾਰਮ ਨਹੀਂ ਭਰੇ ਹਨ। ਇਸ ਤੋਂ ਬਾਅਦ ਕਿਸੇ ਨੂੰ ਵੀ ਅਪਲਾਈ ਕਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ।

ਬੋਰਡ ਨੇ ਇਸ ਸਬੰਧੀ ਸਾਰੀ ਜਾਣਕਾਰੀ ਆਪਣੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੀ ਹੈ। ਵਿਦਿਆਰਥੀਆਂ ਨੂੰ ਵਿਭਾਗੀ ਵੈੱਬਸਾਈਟ ਤੋਂ ਸਾਰੀ ਜਾਣਕਾਰੀ ਪ੍ਰਾਪਤ ਕਰਨੀ ਪਵੇਗੀ। ਹਾਲਾਂਕਿ, ਪ੍ਰੀਖਿਆ ਦੀ ਡੇਟਸ਼ੀਟ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਸੀ। ਪ੍ਰੀਖਿਆ ਜੁਲਾਈ ਦੇ ਪਹਿਲੇ ਹਫ਼ਤੇ ਸ਼ੁਰੂ ਹੋਵੇਗੀ।

ਇਸ ਤੋਂ ਪਹਿਲਾਂ PSEB ਦੁਆਰਾ 5ਵੀਂ ਅਤੇ 8ਵੀਂ ਜਮਾਤ ਦਾ ਸ਼ਡਿਊਲ ਜਾਰੀ ਕੀਤਾ ਗਿਆ ਸੀ। ਇਸ ਅਨੁਸਾਰ ਵਿਦਿਆਰਥੀਆਂ ਲਈ ਪ੍ਰੀਖਿਆ ਫਾਰਮ ਅਤੇ ਫੀਸਾਂ ਆਨਲਾਈਨ ਭਰਨ ਦਾ ਸਮਾਂ 20 ਜੂਨ ਨਿਰਧਾਰਿਤ ਕੀਤਾ ਗਿਆ ਹੈ ਜਦੋਂਕਿ ਵਿਦਿਆਰਥੀਆਂ ਨੂੰ ਪ੍ਰੀਖਿਆ ਫਾਰਮ ਦੀ ਹਾਰਡ ਕਾਪੀ ਖੇਤਰੀ ਦਫ਼ਤਰਾਂ ਵਿੱਚ 25 ਜੂਨ ਤੱਕ ਜਮ੍ਹਾਂ ਕਰਵਾਉਣੀ ਪਵੇਗੀ। ਪੰਜਵੀਂ ਜਮਾਤ ਲਈ ਪ੍ਰੀਖਿਆ ਫਾਰਮ ਫੀਸ 600 ਰੁਪਏ ਰੱਖੀ ਗਈ ਹੈ। ਜਦੋਂ ਕਿ ਜੇਕਰ ਵਿਦਿਆਰਥੀ ਸਰਟੀਫਿਕੇਟ ਦੀ ਹਾਰਡ ਕਾਪੀ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 200 ਰੁਪਏ ਵੱਖਰੀ ਫੀਸ ਜਮ੍ਹਾ ਕਰਵਾਉਣੀ ਪਵੇਗੀ। ਇਸੇ ਤਰ੍ਹਾਂ 8ਵੀਂ ਜਮਾਤ ਲਈ ਫੀਸ 950 ਰੁਪਏ ਅਤੇ ਸਰਟੀਫਿਕੇਟ ਲਈ 200 ਰੁਪਏ ਜਮ੍ਹਾਂ ਕਰਵਾਉਣੇ ਹੋਣਗੇ।

ਬੋਰਡ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਵੀਂ ਜਮਾਤ ਦੀਆਂ ਪ੍ਰੀਖਿਆਵਾਂ 4 ਜੁਲਾਈ ਤੋਂ ਸ਼ੁਰੂ ਹੋ ਕੇ 11 ਜੁਲਾਈ ਤੱਕ ਚੱਲਣਗੀਆਂ। ਅੱਠਵੀਂ ਜਮਾਤ ਦੀਆਂ ਪ੍ਰੀਖਿਆਵਾਂ 4 ਜੁਲਾਈ ਤੋਂ 16 ਜੁਲਾਈ ਦਰਮਿਆਨ ਹੋਣਗੀਆਂ। 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 4 ਜੁਲਾਈ ਤੋਂ 16 ਜੁਲਾਈ ਤੱਕ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 4 ਜੁਲਾਈ ਤੋਂ 19 ਜੁਲਾਈ ਤੱਕ ਹੋਣਗੀਆਂ।