ਹੁਕਮਨਾਮੇ ਤੋਂ ਭਗੌੜੇ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਕਦੇ ਮਜ਼ਬੂਤ ਨਹੀਂ ਹੋ ਸਕਦਾ: ਸੁਰਜੀਤ ਰੱਖੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਸਮੁੱਚੇ ਪੰਜਾਬੀਆਂ ਨੂੰ ਭਰਤੀ ਕਮੇਟੀ ਰਾਹੀਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੀ ਆਸ'

Akali Dal can never become strong under the leadership of Sukhbir Badal, who is absconding from Hukamnama: Rakhra

ਚੰਡੀਗੜ: ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸੁਖਬੀਰ ਧੜੇ ਵਲੋਂ ਲਗਾਤਾਰ ਕੀਤੇ ਜਾ ਰਹੇ ਸਿਆਸੀ ਕੂੜ ਪ੍ਰਚਾਰ ਤੇ ਤਿੱਖਾ ਹਮਲਾ ਕੀਤਾ ਹੈ। ਸਾਬਕਾ ਮੰਤਰੀ ਸਰਦਾਰ ਰੱਖੜਾ ਨੇ ਕਿਹਾ ਕਿ, ਸੁਖਬੀਰ ਬਾਦਲ ਦੀ ਅਗਵਾਈ ਹੇਠ ਲਗਾਤਾਰ ਪੰਜ ਵੱਡੀਆਂ ਜਮਾਨਤ ਜ਼ਬਤ ਹਾਰਾਂ ਪ੍ਰਤੱਖ ਪ੍ਰਮਾਣ ਹਨ ਕਿ, ਸੁਖਬੀਰ ਬਾਦਲ ਦੀ ਅਗਵਾਈ ਨੂੰ ਨਕਾਰ ਦਿੱਤਾ ਹੈ। ਆਪਣੇ ਧੜੇ ਦੇ ਮੁਖੀ ਹੋਣ ਦੇ ਨਾਤੇ ਸੁਖਬੀਰ ਬਾਦਲ, ਕੋਈ ਵੀ ਬਿਆਨ ਦੇਣ, ਓਹਨਾ ਵਲੋ ਦਿੱਤੇ ਬਿਆਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਬਿਆਨ ਹੋਣ ਦਾ ਦਾਅਵਾ ਕਰਨਾ, ਸਿਆਸੀ ਬੇ ਸਮਝੀ ਹੈ। ਇਸ ਦੇ ਨਾਲ ਹੀ ਸਰਦਾਰ ਰੱਖੜਾ ਨੇ ਕਿਹਾ ਕਿ, ਜਿਹੜਾ ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਨਹੀਂ ਮੰਨਦਾ, ਉਸ ਨੇ ਲੀਡਰਸ਼ਿਪ ਦੀ ਸਲਾਹ ਅਤੇ ਸੁਝਾਅ ਕਿੰਨੇ ਕੁ ਮੰਨੇ ਹੋਣਗੇ, ਇਸ ਦਾ ਲੋਕਾਂ ਨੂੰ ਇਲਮ ਹੋ ਚੁੱਕਾ ਹੈ।

 ਰੱਖੜਾ ਨੇ ਸਾਡੇ ਉਪਰ ਬੀਜੇਪੀ ਦਾ ਠੱਪਾ ਲਗਾਉਣ ਵਾਲਾ ਸੁਖਬੀਰ ਧੜਾ, ਅੱਜ ਬੀਜੇਪੀ ਨਾਲ ਗਠਜੋੜ ਕਰਨ ਨੂੰ ਲੈਕੇ ਤਰਲਿਆਂ ਤੇ ਆ ਚੁੱਕਾ ਹੈ। ਰੱਖੜਾ ਨੇ ਕਿਹਾ ਕਿ, ਸੁਖਬੀਰ ਬਾਦਲ ਆਪਣੇ ਧੜੇ ਦੇ ਮੁਖੀ ਬਣਦੇ ਹੀ 12 ਅਪ੍ਰੈਲ ਨੂੰ ਇਤਿਹਾਸਿਕ ਤੇਜ ਸਿੰਘ ਸਮੁੰਦਰੀ ਹਾਲ ਵਿੱਚ ਗੁਰੂ ਸਾਹਿਬਾਨ ਵਲੋ ਬਣਾਏ ਤਖ਼ਤ ਸਾਹਿਬਾਨ ਨੂੰ ਦਿੱਲੀ ਦੇ ਕਬਜੇ ਹੇਠ ਹੋਣ ਦਾ ਦੋਸ਼ ਲਗਾਕੇ ਸਿੱਖ ਕੌਮ ਨੂੰ ਸ਼ਰਮਸਾਰ ਕਰ ਚੁੱਕੇ ਹਨ।ਅੱਜ ਸੰਗਤ ਦੀ ਖੁੱਲ੍ਹੀ ਕਚਹਿਰੀ ਦੇ ਹਮਾਮ ਵਿੱਚ ਧੜੇ ਦੇ ਮੁਖੀ ਸੁਖਬੀਰ ਬਾਦਲ ਸਮੇਤ, ਸਾਰੇ ਅਲਫ਼ ਨੰਗੇ ਹੋ ਚੁੱਕੇ ਹਨ ਕਿ, ਬੀਜੇਪੀ ਤੇ ਆਰਐਸਐਸ ਦੀ ਲੋੜ ਕਿਸ ਨੂੰ ਹੈ। ਸੁਖਬੀਰ ਧੜੇ ਦੇ ਸੀਨੀਅਰ ਆਗੂਆਂ ਵੱਲੋ ਬੀਜੇਪੀ ਨਾਲ ਗਠਜੋੜ ਲਈ ਕੀਤੇ ਜਾਣ ਵਾਲੇ ਮਿੰਨਤ ਤਰਲੇ ਇਸ ਗੱਲ ਤੇ ਮੋਹਰ ਹਨ ਕਿ, ਆਪਣੇ ਬਲਬੂਤੇ ਸੁਖਬੀਰ ਧੜਾ, ਇਹ ਮੰਨ ਚੁੱਕਾ ਹੈ ਕਿ ਓਹਨਾ ਦਾ ਸਿਆਸੀ ਭਵਿੱਖ ਬੀਜੇਪੀ ਦੇ ਰਹਿਮੋ ਕਰਮ ਤੇ ਬਚਿਆ ਹੋਇਆ ਹੈ।

ਰੱਖੜਾ ਨੇ ਕਿਹਾ ਕਿ, ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸਿਆਸੀ ਜਮਾਤ ਨਹੀਂ, ਸਗੋ ਪੰਜਾਬ ਦੀ ਲਾਈਫ ਲਾਈਨ ਹੈ। ਦੋ ਦਸੰਬਰ ਨੂੰ ਜਾਰੀ ਹੋਇਆ ਹੁਕਮਨਾਮਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀ ਸ਼ਕਤੀ ਦਾ ਕੇਂਦਰ ਹੈ। ਹੁਕਮਨਾਮਾ ਸਾਹਿਬ ਦੀ ਭਾਵਨਾ ਤੇ ਪਹਿਰਾ ਦੇਣ ਦਾ ਬਜਾਏ ਕਾਨੂੰਨੀ ਅੜਚਨਾਂ ਦਾ ਰਸਤਾ ਅਖ਼ਤਿਆਰ ਕਰਕੇ, ਦੁਨਿਆਵੀ ਕਾਨੂੰਨ ਨੂੰ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ਤੋ ਉਪਰ ਕਰਾਰ ਦੇਣ ਵਾਲੇ ਸੁਖਬੀਰ ਧੜੇ ਲਈ ਹੁਕਮਨਾਮਾ ਸਾਹਿਬ ਦੀ ਕੋਈ ਪ੍ਰਵਾਨਤਾ ਨਹੀਂ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮਾ ਸਾਹਿਬ ਦੇ ਹੁਕਮਾਂ ਤਹਿਤ ਸ਼੍ਰੋਮਣੀ ਅਕਾਲੀ ਦਲ ਢਾਂਚਾ ਭੰਗ ਹੋ ਚੁੱਕਾ ਹੈ, ਪ੍ਰਧਾਨ ਸਮੇਤ ਦੂਜੇ ਅਹੁਦੇਦਾਰਾਂ ਦੀ ਚੋਣ ਲਈ ਭਰਤੀ ਮੁਹਿੰਮ ਜਾਰੀ। ਇਸ ਲਈ ਸੁਖਬੀਰ ਬਾਦਲ ਸ਼੍ਰੋਮਣੀ  ਅਕਾਲੀ ਦਲ ਦੇ ਪ੍ਰਧਾਨ ਨਾ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੇਮੁੱਖ ਹੋਏ ਧੜੇ ਦੇ ਆਪੇ ਬਣੇ ਮੁਖੀ ਹਨ, ਓਹਨਾ ਦੇ ਮੁਖੀ ਬਣਨ ਦੀ ਪ੍ਰਕਿਰਿਆ ਠੀਕ ਉਸੇ ਤਰ੍ਹਾਂ ਦੀ ਹੈ, ਜਿਸ ਤਰਾਂ ਜੰਗਲਾਂ ਵਿੱਚ ਰਹਿਣ ਵਾਲਾ ਡਾਕੂ ਆਪਣੇ ਆਪ ਨੂੰ ਮੁਖੀ ਐਲਾਨ ਕਰਦਾ ਹੈ।

ਇਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੇ ਥਾਪੜੇ ਤਹਿਤ ਹੋ ਰਹੀ ਭਰਤੀ ਜਰੀਏ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ, ਸਰਵ ਪ੍ਰਵਾਨਿਤ, ਪੰਥ ਪ੍ਰਸਤ ਅਤੇ ਪੰਜਾਬ ਪ੍ਰਸਤ ਪ੍ਰਧਾਨ ਸਮੇਤ ਦੂਜੀ ਲੀਡਰਸ਼ਿਪ ਜਲਦ ਮਿਲਣ ਜਾ ਰਹੀ ਹੈ।