ਵੱਖੋ-ਵੱਖ ਜਥੇਬੰਦੀਆਂ ਵਲੋਂ ਨਸ਼ਿਆਂ ਵਿਰੁਧ ਮੋਮਬੱਤੀ ਮਾਰਚ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੇਜ਼ੀ ਨਾਲ ਨਸ਼ਿਆਂ ਦੀ ਦਲਦਲ ਵਿਚ ਫਸ ਰਹੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋ ਬਚਾਉਣ ਲਈ ਸੁਨੇਹਾ ਦੇਣ ਹਿਤ ਇਸ ਇਲਾਕੇ ਦੀਆਂ ਵੱਖੋ ਵੱਖ ਸਮਾਜਿਕ, ਧਾਰਮਿਕ...

Candlelight march against Drugs

ਅਮਲੋਹ, ਤੇਜ਼ੀ ਨਾਲ ਨਸ਼ਿਆਂ ਦੀ ਦਲਦਲ ਵਿਚ ਫਸ ਰਹੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋ ਬਚਾਉਣ ਲਈ ਸੁਨੇਹਾ ਦੇਣ ਹਿਤ ਇਸ ਇਲਾਕੇ ਦੀਆਂ ਵੱਖੋ ਵੱਖ ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਵਪਾਰਕ ਜਥੇਬੰਦੀਆਂ ਵੱਲੋਂ ਇਸ ਸ਼ਹਿਰ ਵਿਚ ਸ਼ਾਂਤਮਈ ਕੈਂਡਲ ਮਾਰਚ ਕੱਢਿਆ ਗਿਆ ਜਿਸ ਵਿਚ ਹਜ਼ਾਰਾਂ ਦੀ ਗਿਣਤੀ 'ਚ ਨਸ਼ਿਆਂ ਤੋ ਚਿੰਤਤ ਲੋਕ ਸ਼ਾਮਲ ਹੋਏ। 

ਮੰਡੀ ਗੋਬਿੰਦਗੜ੍ਹ ਚੌਂਕ ਤੋਂ ਸ਼ੁਰੂ ਹੋਏ ਇਸ ਕੈਂਡਲ ਮਾਰਚ 'ਚ ਸ਼ਾਮਲ ਲੋਕਾਂ ਨੇ ਜਿੱਥੇ ਮੋਮਬਤੀਆਂ ਜਲਾ ਕੇ ਰਾਜਸੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਨਾਮੁਰਾਦ ਬਿਮਾਰੀ ਨੂੰ ਠੱਲ੍ਹ ਪਾਉਣ ਲਈ ਰੌਸ਼ਨੀ ਦਿਖਾਈ ਉੱਥੇ ਹੱਥਾਂ ਵਿਚ ਤਖ਼ਤੀਆਂ ਫੜ੍ਹ ਬਹੁਤ ਹੀ ਸੰਵੇਦਨਸ਼ੀਲ ਸਲੋਗਨਾਂ ਦੇ ਜਰੀਏ ਬੇਹੱਦ ਭਾਵਪੂਰਤ ਸੁਨੇਹੇ ਵੀ ਦਿੱਤੇ।

ਇਸ ਮਾਰਚ ਵਿਚ ਸ਼ਾਮਲ ਡਾ. ਕਰਨੈਲ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਪੰਜ ਪੱਤਣਾਂ ਦੇ ਤਾਰੂ ਪੰਜਾਬੀਆਂ ਨੂੰ ਨਸ਼ਿਆਂ ਦਾ ਛੇਵਾਂ ਦਰਿਆ ਤੇਜ਼ੀ ਨਾਲ ਰੋੜ੍ਹ ਦੇ ਲਿਜਾ ਰਿਹਾ ਹੈ ਜਿਸ ਲਈ ਸਿੱਧੇ ਤੌਰ ਤੇ ਰਾਜਸੀ ਅਤੇ ਪ੍ਰਸ਼ਾਸਨਿਕ ਢਾਂਚਾ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਹਰ ਵਿਅਕਤੀ ਦਾ ਮੌਲਿਕ ਕਰਤੱਵ ਬਣਦਾ ਹੈ ਕਿ ਉਹ ਨਸ਼ਿਆਂ ਦੀ ਲੱਗੀ ਇਸ ਅੱਗ ਉੱਪਰ ਕਾਬੂ ਪਾਉਣ ਲਈ ਸਹਿਯੋਗ ਦੇਵੇ ਕਿਉਂਕਿ ਜਦੋਂ ਕਿਤੇ ਵੀ ਅੱਗ ਲੱਗਦੀ ਹੈ

ਤਾਂ ਉਸ ਦਾ ਸੇਕ ਗੁਆਂਢੀਆਂ ਨੂੰ ਵੀ ਲੱਗਦਾ ਹੈ ਅਤੇ ਜੇਕਰ ਇਸ ਅੱਗ ਉੱਪਰ ਤੁਰੰਤ ਕਾਬੂ ਨਾ ਪਾਇਆ ਜਾਵੇ ਤਾਂ ਇਹ ਅੱਗ ਦੀ ਲਪੇਟ ਵਿਚ ਇਕ ਤੋ ਬਾਅਦ ਇਕ ਘਰ ਆਉਂਦਾ ਜਾਦਾ ਹੈ। ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਦਰਸਨ ਸਿੰਘ ਚੀਮਾ ਨੇ ਕਿਹਾ ਕਿ ਕੁਲ ਦੁਨੀਆਂ ਵਿਚ ਆਪਣੇ ਅਮੀਰ ਵਿਰਸੇ ਦੇ ਸਦਕਾ ਪੰਜਾਬੀਆਂ ਨੇ ਜੋ ਮਾਨ ਸਨਮਾਨ ਕਮਾਇਆ ਹੈ ਉੱਪਰ ਨਸ਼ਿਆਂ ਨੇ ਸਵਾਲੀਆਂ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ ਕਿਉਂਕਿ ਨਸ਼ੇੜੀਆਂ ਦੀ ਸਭ ਤੋ ਪਹਿਲਾਂ ਅਣਖ ਮਰਦੀ ਹੈ ਅਤੇ ਬਾਅਦ ਵਿਚ ਉਹ ਸਮਾਜ ਉੱਪਰ ਬੋਝ ਬਣ ਜਾਦੇ ਹਨ।

ਮਾਰਚ 'ਚ ਸ਼ਾਮਲ ਰਾਜਸੀ ਆਗੂ ਪ੍ਰਦੀਪ ਗਰਗ ਅਤੇ  ਉੱਘੇ ਕਵੀ ਤੇ ਸੇਵਾ ਮੁਕਤ ਅਧਿਆਪਕ ਕੈਲਾਸ਼ ਅਮਲੋਹੀ ਨੇ ਸਾਂਝੇ ਤੋਰ ਤੇ ਕਿਹਾ ਕਿ ਜਿਸ ਤਰ੍ਹਾਂ ਨਸ਼ਿਆਂ ਵਿਰੁੱਧ ਅੱਜ ਦੇ ਮਾਰਚ ਵਿਚ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ ਹੈ ਤੋ ਸੰਕੇਤ ਮਿਲਦਾ ਹੈ ਕਿ ਲੋਕ ਨਸ਼ਿਆਂ ਵਿਰੁੱਧ ਜੰਗ ਛੇੜਨ ਲਈ ਤਿਆਰ ਹਨ ਜੋ ਸ਼ੁੱਭ ਸ਼ਗਨ ਹੈ। ਸੀਨੀਅਰ ਪੱਤਰਕਾਰ ਹਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਦੁਨੀਆਂ ਭਰ ਵਿਚ ਹਥਿਆਰਾਂ ਅਤੇ ਤੇਲ ਦੇ ਵਪਾਰ ਤੋ ਬਾਅਦ ਤੀਜੇ ਨੰਬਰ ਤੇ ਨਸ਼ਿਆਂ ਦਾ ਵਪਾਰ ਆਉਂਦਾ ਹੈ

ਜਿਸ ਨੂੰ ਠੱਲ੍ਹ ਪਾਉਣ ਲਈ ਸਮੂਹਿਕ ਹੰਭਲੇ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਇਸ ਗੈਰ ਕਾਨੂੰਨੀ ਧੰਦੇ ਦੀ ਭਿਣਕ ਪਵੇ ਨੂੰ ਤੁਰੰਤ ਬੰਦ ਕਰਵਾਉਣਾ ਹਰ ਇਕ ਦੀ ਨੈਤਿਕ ਜ਼ਿੰਮੇਵਾਰੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਨੇ ਕਿਹਾ ਕਿ ਨਸ਼ਿਆਂ ਨੇ ਪੰਜਾਬ ਦੀ ਆਰਥਿਕਤਾ ਨੂੰ ਵੱਡੀ ਢਾਅ ਲਾਈ ਹੈ।

ਕਿਉਂਕਿ ਨਸ਼ੇੜੀ ਸਿਰਫ਼ ਨਸ਼ਾ ਕਰਨ ਉੱਪਰ ਹੀ ਪੈਸਾ ਬਰਬਾਦ ਕਰਦੇ ਸਗੋਂ ਉਹ ਸਰੀਰਕ ਅਤੇ ਮਾਨਸਿਕ ਤੌਰ ਤੇ ਇੰਨੇ ਕਮਜ਼ੋਰ ਹੋ ਜਾਦੇ ਹਨ ਕਿ ਉਨ੍ਹਾਂ ਦਾ ਸਮਾਜਿਕ ਵਿਕਾਸ ਵਿਚ ਯੋਗਦਾਨ ਬਿਲਕੁਲ ਮਨਫ਼ੀ ਹੋ ਜਾਦਾ ਹੈ।ਇਸ ਮਾਰਚ ਦੀ ਖ਼ਾਸੀਅਤ ਇਹ ਰਹੀ ਕਿ ਅੰਤਾਂ ਦੀ ਗਰਮੀ ਵਿਚ ਵੀ ਮੰਡੀ ਗੋਬਿੰਦਗੜ੍ਹ ਚੌਂਕ ਤੋ ਨਵੇਂ ਬੱਸ ਅੱਡੇ ਤੱਕ ਸੀਨੀਅਰ ਸਿਟੀਜਨਾਂ ਨੇ ਵੀ ਰੁਕ ਕੇ ਦਮ ਨਹੀ ਲਿਆ ਸਗੋਂ ਮਾਰਚ ਦੀ ਸਮਾਪਤੀ ਤੱਕ ਆਪਣੀ ਸ਼ਮੂਲੀਅਤ ਬਣਾਈ ਰੱਖੀ।