ਕਾਲਜ ਪ੍ਰਬੰਧਕਾਂ 'ਤੇ ਦਲਿਤ ਵਿਦਿਆਰਥੀ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਹਿੰਦ-ਪਟਿਆਲਾ ਰੋਡ 'ਤੇ ਸਥਿਤ ਯੂਨੀਵਰਸਲ ਗਰੁੱਪ ਆਫ ਕਾਲਜਿਜ਼ ਦੇ ਇਕ ਪ੍ਰਬੰਧਕ ਵਲੋਂ ਦਲਿਤ ਵਿਦਿਆਰਥੀ ਨੂੰ ਉਸ ਦੇ ਸਰਟੀਫਿਕੇਟਾਂ ...

Dalit Student

ਸਰਹਿੰਦ, : ਸਰਹਿੰਦ-ਪਟਿਆਲਾ ਰੋਡ 'ਤੇ ਸਥਿਤ ਯੂਨੀਵਰਸਲ ਗਰੁੱਪ ਆਫ ਕਾਲਜਿਜ਼ ਦੇ ਇਕ ਪ੍ਰਬੰਧਕ ਵਲੋਂ ਦਲਿਤ ਵਿਦਿਆਰਥੀ ਨੂੰ ਉਸ ਦੇ ਸਰਟੀਫਿਕੇਟਾਂ ਬਦਲੇ ਦਿਹਾੜੀਆਂ ਕਰਨ ਲਈ ਦਬਾਅ ਬਣਾਉਣ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਪ੍ਰਧਾਨ ਰਣਦੇਵ ਸਿੰਘ ਦੇਬੀ ਵੱਲੋਂ ਇਸ ਸਬੰਧੀ ਇਕ ਆਡੀਓ ਰਿਕਾਰਡਿੰਗ ਵੀ ਜਾਰੀ ਕੀਤੀ ਗਈ। ਪਿੰਡ ਤਲਾਣੀਆਂ ਦੇ ਦਲਿੱਤ ਪਰਿਵਾਰ ਦਾ 20 ਸਾਲਾਂ ਲੜਕਾ,

ਜੋ ਕਿ ਇਸ ਕਾਲਜ ਵਿਚ ਬੀ. ਦੀ ਪੜ੍ਹਾਈ ਕਰ ਰਿਹਾ ਸੀ, ਜਿਸ ਵੱਲੋਂ ਕਾਲਜ ਵਿਚ 2 ਸਮੈਸਟਰਾਂ ਦੀ 4200 ਰੁਪਏ ਫੀਸ ਵੀ ਭਰਵਾਈ ਗਈ ਸੀ, ਜਿਸ ਦੀ ਉਸ ਨੂੰ ਰਸੀਦ ਵੀ ਨਹੀਂ ਮਿਲੀ ਸੀ। ਦੇਬੀ ਨੇ ਦੱਸਿਆ ਕਿ ਬਾਅਦ ਵਿਚ ਉਸ ਵਿਦਿਆਰਥੀ ਦੀ ਰੀ-ਪੇਅਰ ਆ ਗਈ ਸੀ ਤੇ ਘਰੇਲੂ ਹਾਲਾਤ ਵੀ ਠੀਕ ਨਾ ਹੋਣ ਕਾਰਨ ਉਸ ਨੇ ਕਾਲਜ ਵਿਚੋਂ ਹਟਣ ਦਾ ਮਨ ਬਣਾ ਲਿਆ ਤੇ ਜਦੋਂ ਉਸ ਵੱਲੋਂ ਕਾਲਜ ਪ੍ਰਬੰਧਕਾਂ ਤੋਂ ਸਰਟੀਫਿਕੇਟਾਂ ਦੀ ਮੰਗ ਕੀਤੀ ਗਈ ਤਾਂ ਉਨ੍ਹਾਂ ਕੋਈ ਰਾਹ ਨਾ ਦਿੱਤਾ। ਦੇਬੀ ਨੇ ਦੱਸਿਆ ਕਿ ਵਿਦਿਆਰਥੀ ਨੂੰ ਸਰਟੀਫਿਕੇਟ ਦੇਣ ਦਾ ਭਰੋਸਾ ਦਿੱਤਾ ਸੀ

ਪਰੰਤੂ ਕਾਲਜ ਦੇ ਚੇਅਰਮੈਨ ਨੇ ਵਿਦਿਆਰਥੀ ਨੂੰ ਸਰਟੀਫਿਕੇਟ ਬਦਲੇ ਕਥਿਤ ਤੌਰ ਤੇ ਫੀਸ ਭਰਨ ਜਾਂ 2 ਮਹੀਨੇ ਦਿਹਾੜੀਆਂ ਕਰਨ ਲਈ ਕਿਹਾ। ਜਿਸ ਦੀ ਵਿਦਿਆਰਥੀ ਵੱਲੋਂ ਰਿਕਾਰਡਿੰਗ ਵੀ ਕੀਤੀ ਗਈ ਸੀ। ਦੇਬੀ ਨੇ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਇਸ ਕਾਲਜ ਵਿਚ ਉਚ ਪੱਧਰੀ ਟੀਮ ਭੇਜ ਕੇ ਜਾਂਚ ਕਰਵਾਈ ਜਾਵੇ।

ਕੀ ਕਹਿੰਦੇ ਹਨ ਕਾਲਜ ਦੇ ਪ੍ਰਬੰਧਕ

ਇਸ ਸਬੰਧੀ ਕਾਲਜ ਦੇ ਪ੍ਰਬੰਧਕ ਮੈਂਬਰ ਨਾਹਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਕਈ ਵਾਰ ਗੁਰਪ੍ਰੀਤ ਸਿੰਘ ਨੂੰ ਸਰਟੀਫਿਕੇਟ ਦੇਣ ਬਾਰੇ ਕਹਿ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਿਦਿਆਰਥੀ ਨਾਲ ਕਈ ਮਹੀਨੇ ਪਹਿਲਾ ਸੁਰੱਖਿਆ ਗਾਰਡ ਵਜੋਂ ਕੰਮ ਕਰਨ ਦੀ ਗੱਲ ਹੋਈ ਸੀ। ਉਨ੍ਹਾਂ ਦਿਹਾੜੀਆਂ ਕਰਾਉਣ ਬਾਰੇ ਲੱਗ ਰਹੇ ਦੋਸ਼ਾਂ ਨੂੰ ਬੇ-ਬੁਨਿਆਦ ਦੱਸਿਆ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਸਮੇਂ ਕਈ ਬੋਗਸ ਦਾਖਲੇ ਹੋਏ ਸੀ, ਜਿਸ ਦਾ ਖਾਮਿਆਜ਼ਾ ਕਾਲਜਾਂ ਨੂੰ ਭੁਗਤਣਾ ਪੈ ਰਿਹਾ ਹੈ ਤੇ ਸਰਟੀਫਿਕੇਟ ਜਦੋਂ ਤੱਕ ਉਨ੍ਹਾਂ ਕੋਲ ਨਹੀਂ ਰਹਿਣਗੇ ਸਰਕਾਰ ਵੱਲੋਂ ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਜਾਰੀ ਨਹੀਂ ਹੁੰਦੀ।

ਕੀ ਕਹਿੰਦੇ ਹਨ ਗੁਰਪ੍ਰੀਤ ਸਿੰਘ

ਜਦੋਂ ਕਾਲਜ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਨਾਲ ਸੰਪਰਕ ਕਰਕੇ ਰਿਕਾਰਡਿੰਗ ਸਬੰਧੀ ਪੁੱਛਿਆ ਤਾਂ ਉਨ੍ਹਾਂ ਪਾਸਾ ਵੱਟਦਿਆਂ ਕਿਹਾ ਕਿ ਦਲਿਤ ਵਿਦਿਆਰਥੀ ਤਾਂ ਉਨ੍ਹਾਂ ਕੋਲ ਪੜਾਈ ਕਰਕੇ ਚਲੇ ਜਾਂਦੇ ਹਨ ਪਰੰਤੂ ਸਰਕਾਰ ਵੱਲੋਂ ਕਾਲਜ ਨੂੰ ਫੀਸ ਨਹੀਂ ਅਦਾ ਕੀਤੀ ਜਾਂਦੀ, ਜਿਸ ਬਾਰੇ ਸਾਰੇ ਕਾਲਜਾਂ ਦੇ ਪ੍ਰਬੰਧਕਾਂ ਨੂੰ ਇਕਜੁੱਟ ਹੋ ਕੇ ਆਵਾਜ਼ ਚੁੱਕਣੀ ਚਾਹੀਦੀ ਹੈ।

 ਕੀ ਕਹਿੰਦੇ ਹਨ ਸਰਕਾਰੀ ਅਧਿਕਾਰੀ

 ਡੀ.ਪੀ.ਆਈ. ਨਾਲ ਸੰਪਰਕ ਨਹੀਂ ਹੋ ਸਕਿਆ ਤਾਂ ਐਸ.ਡੀ.ਐਮ. ਮਨਜੀਤ ਸਿੰਘ ਚੀਮਾਂ ਨੇ ਕਿਹਾ ਕਿ ਮਾਮਲੇ ਸਬੰਧੀ ਉਨ੍ਹਾਂ ਕੋਲ ਹਾਲੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਹੈ ਤੇ ਜੇਕਰ ਲਿਖਤੀ ਤੌਰ ਤੇ ਉਨ੍ਹਾਂ ਨੂੰ ਸ਼ਿਕਾਇਤ ਆਉਂਦੀ ਹੈ ਤਾਂ ਉਹ ਤਹਿਸੀਲਦਾਰ ਤੇ ਹੋਰ ਅਧਿਕਾਰੀਆਂ ਦੀ ਟੀਮ ਨੂੰ ਇਸ ਦੀ ਜਾਂਚ ਦਾ ਜਿੰਮਾ ਸੌਪਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਸਕਾਲਰਸ਼ਿਪ ਸਬੰਧੀ ਬਕਾਇਦਾ ਟੀਮ ਵੱਲੋਂ ਸੂਚੀਆਂ ਤਿਆਰ ਕੀਤੀਆਂ ਜਾਂਦੀਆਂ ਹਨ, ਜਿਸ ਵਿਚ ਵਿਦਿਆਰਥੀ ਦੀ ਅਟੈਂਡੈਂਸ ਤੇ ਹੋਰ ਗਤੀਵੀਧਿਆਂ ਦੀ ਵੀ ਜਾਂਚ ਕੀਤੀ ਜਾਂਦੀ ਹੈ।