ਨਸ਼ਿਆਂ ਵਿਰੁਧ ਇਤਲਾਹ ਦੇਣਾ ਮੁਖਬਰੀ ਨਹੀਂ ਬਲਕਿ ਧਰਮ ਹੈ : ਥਾਣਾ ਮੁਖੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਣਾ ਸਦਰ ਰਾਮਪੁਰਾ ਵਿਖੇ ਨਵੇਂ ਤੈਨਾਤ ਥਾਣਾ ਮੁੱਖੀ ਹਰਜੀਤ ਸਿੰਘ ਨੇ ਸਾਂਝ ਕੇਂਦਰ ਅੰਦਰ ਇਲਾਕੇ ਭਰ ਵਿਚਲੇ ਮੋਹਤਬਰ ਵਿਅਕਤੀਆਂ ਸਣੇ ਗ੍ਰਾਮ ਪੰਚਾਇਤਾਂ ...

Police Chief During Meeting

ਚਾਉਕੇ (ਬਠਿੰਡਾ),  ਥਾਣਾ ਸਦਰ ਰਾਮਪੁਰਾ ਵਿਖੇ ਨਵੇਂ ਤੈਨਾਤ ਥਾਣਾ ਮੁੱਖੀ ਹਰਜੀਤ ਸਿੰਘ ਨੇ ਸਾਂਝ ਕੇਂਦਰ ਅੰਦਰ ਇਲਾਕੇ ਭਰ ਵਿਚਲੇ ਮੋਹਤਬਰ ਵਿਅਕਤੀਆਂ ਸਣੇ ਗ੍ਰਾਮ ਪੰਚਾਇਤਾਂ ਦੇ ਨੁੰਮਾਇੰਦਿਆਂ ਨਾਲ ਨਸ਼ਿਆਂ ਦੇ ਮਾਮਲੇ ਵਿਚ ਭਰਵੀ ਮੀਟਿੰਗ ਕੀਤੀ। ਜਿਸ ਵਿਚ ਥਾਣੇ ਅਧੀਨ ਪੈਣ ਵਾਲੇ ਪਿੰਡਾਂ ਵਿਚ ਵੱਡੀ ਪੱਧਰ 'ਤੇ ਲੋਕਾਂ ਨੇ ਸਮੂਲੀਅਤ ਕੀਤੀ। 

ਥਾਣਾ ਮੁੱਖੀ ਹਰਜੀਤ ਸਿੰਘ ਨੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਨਸ਼ਿਆਂ ਦੇ ਸੋਦਾਗਰਾਂ ਦੇ ਮਾੜੇ ਪਰਛਾਵੇ ਤੋ ਕੋਈ ਹੀ ਘਰ ਬਚਿਆ ਹੈ। ਜਿਸ ਕਾਰਨ ਹੁਣ ਅਜਿਹੇ ਸਮਾਜ ਵਿਰੋਧੀਆਂ ਨੂੰ ਫੜਾਉਣ ਜਾਂ ਇਨ੍ਹਾਂ ਬਾਰੇ ਇਤਲਾਹ ਦੇਣਾ ਕੋਈ ਮੁਖਬਰੀ ਨਹੀ ਬਲਕਿ ਸਾਡਾ ਸਭ ਦਾ ਧਰਮ ਹੈ ਤਾਂ ਜੋ ਅਸੀ ਸਾਡੀ ਨੌਜਵਾਨ ਪੀੜੀ ਨੂੰ ਇਸ ਦਲਦਲ ਵਿਚੋ ਬਾਹਰ ਕੱਢ ਸਕੀਏ। 

ਥਾਣਾ ਮੁੱਖੀ ਹਰਜੀਤ ਸਿੰਘ ਨੇ ਖੁੱਲੇ ਤੋਰ 'ਤੇ ਹਾਜਰੀਨ ਨੂੰ ਕਿਹਾ ਕਿ ਬਿਨ੍ਹਾਂ ਝਿਜਕ ਤੋ ਉਨ੍ਹਾਂ ਨੂੰ ਅਜਿਹੇ ਸੋਦਾਗਰਾਂ ਬਾਰੇ ਇਤਲਾਹ ਦਿਓ। ਜਿਸ ਉਪਰ ਢੁੱਕਵੀ ਕਾਰਵਾਈ ਹੋਵੇਗੀ ਜਦਕਿ ਇਤਲਾਹ ਦੇਣ ਵੇਲੇ ਐਨਾ ਜਰੂਰ ਖਿਆਲ ਰੱਖਿਆ ਜਾਵੇ ਕਿ ਕਿਸੇ ਨਿਰਦੋਸ਼ ਜਾਂ ਫੇਰ ਨਿੱਜੀ ਕਿੜ ਕੱਢਣ ਕਾਰਨ ਝੂਠੀ ਇਤਲਾਹ ਪੁਲਿਸ ਨੂੰ ਨਾ ਦਿੱਤੀ ਜਾਵੇ ਤਾਂ ਜੋ ਉਕਤ ਵਿਅਕਤੀ ਦੀ ਇੱਜਤ ਉਛਾਲਣ ਦੇ ਨਾਲ ਸਾਡੇ ਅਤੇ ਤੁਹਾਡੇ ਉਪਰ ਵੀ ਕੋਈ ਸਵਾਲ ਖੜਾ ਹੋ ਜਾਣ। ਮੀਟਿੰਗ ਵਿਚ ਹਾਜਰੀਨ ਦੇ ਕਈ ਸਵਾਲਾਂ ਦੇ ਜਵਾਬ ਬੜੇ ਹੀ ਸੁਖਾਲੇ ਅਤੇ ਹਲੀਮੇ ਤਰੀਕੇ ਨਾਲ ਥਾਣਾ ਮੁੱਖੀ ਨੇ ਦਿੱਤੇ।

ਮੀਟਿੰਗ ਵਿਚ ਪਿੰਡ ਜੇਠੂਕੇ ਦੇ ਪੰਚ ਧਰਮ ਸਿੰਘ ਅਤੇ ਭਾਕਿਯੂ ਆਗੂ ਬਲਵਿੰਦਰ ਸਿੰਘ ਜੇਠੂਕੇ ਨੇ ਅਪਣੇ ਪਿੰਡ ਅੰਦਰ ਵਿਕ ਰਹੇ ਨਸ਼ਿਆਂ ਦੇ ਸਮਾਨ ਬਾਰੇ ਪੁਲਿਸ ਨੂੰ ਜਾਣੂ ਕਰਵਾਇਆ। ਜਿਸ ਉਪਰ ਥਾਣਾ ਮੁੱਖੀ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਅਜਿਹੇ ਅਸਮਾਜਿਕ ਤੱਤਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

ਉਧਰ ਪਿੰਡ ਜਿਉਦ ਦੇ ਇਕ ਵਿਅਕਤੀ ਨੇ ਪੁਲਿਸ ਨੂੰ ਦਲਿਤ ਵਰਗ ਨਾਲ ਜੁੜੇ ਦਿਹਾੜੀਦਾਰ ਕਾਮਿਆਂ ਨੂੰ ਨਸ਼ਿਆਂ ਦੇ ਛਡਾਉਣ ਵਿਚ ਪੁਲਿਸ ਤੋ ਮੱਦਦ ਦੀ ਗੁਹਾਰ ਲਗਾਈ ਜਦਕਿ ਥਾਣਾ ਮੁੱਖੀ ਨੇ ਮੌਕੇ 'ਤੇ ਹੀ ਸਮਾਜ ਸੇਵੀ ਕਲੱਬ ਮਾਲਵਾ ਮਿਸ਼ਨ ਮੌੜ ਦੇ ਡਾ ਯਾਦਵਿੰਦਰ ਸਿੰਘ ਅਤੇ ਡਾ ਬੂਟਾ ਸਿੰਘ ਕਲੇਰ ਨੂੰ ਮੀਟਿੰਗ ਵਿਚ ਬੁਲਾ ਕੇ ਅਜਿਹੇ ਨਸ਼ੇ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਨੂੰ ਉਕਤ ਕੋਹੜ ਨੂੰ ਛੱਡਣ ਦੀ ਸੂਰਤ ਵਿਚ ਹਰੇਕ ਪ੍ਰਕਾਰ ਦੀ ਲੋੜੀਦੀ ਦਵਾਈ ਦਿਵਾਉਣ ਦਾ ਭਰੋਸਾ ਦਿਵਾਇਆ। 

ਮੀਟਿੰਗ ਵਿਚ ਸਾਬਕਾ ਸਰਪੰਚ ਗਮਦੁਰ ਸਿੰਘ, ਮਿੱਠੂ ਸਿੰਘ ਭੈਣੀ ਵਾਲਾ, ਕੌਸਲਰ ਰਾਮ ਸਿੰਘ, ਜੈਲਦਾਰ ਬਲਵਿੰਦਰ ਸਿੰਘ, ਸਰਪੰਚ ਬਲਵੀਰ ਸਿੰਘ ਬੁੱਗਰ, ਜਗਮੀਤ ਘੜੈਲੀ, ਸੁਖਵਿੰਦਰ ਸਿੰਘ ਜੈਦ, ਰਣਜੀਤ ਪਿੱਥੋ, ਗੁਰਪਿਆਰ ਸਿੰਘ ਚਾਉਕੇ, ਬਲਜੀਤ ਸਿੰਘ ਘੜੈਲਾ, ਗੁਰਜੰਟ ਸਿੰਘ ਪਿੱਥੋ, ਧਰਮ ਸਿੰਘ ਜੇਠੂਕੇ, ਹਰਜੀਤ ਸਿੰਘ, ਜਸਵਿੰਦਰ ਸਿੰਘ, ਰੁਪਿੰਦਰ ਸਿੰਘ, ਜਗਜੀਤ ਸਿੰਘ, ਭੋਲਾ ਸਿੰਘ ਨੰਬਰਦਾਰ, ਗੁਰਨੈਬ ਸਿੰਘ ਕਰਾੜਵਾਲਾ ਸਰਪੰਚ, ਜਸਵਿੰਦਰ ਸਿੰਘ ਘੜੈਲੀ, ਸਰਪੰਚ ਗੁਰਮੀਤ ਸਿੰਘ ਬੱਲੋ ਸਣੇ ਸਮੁੱਚਾ ਸਟਾਫ ਹਾਜਰ ਸੀ।