ਪਹਿਲ-ਕਦਮੀ: ਕਰੋਨਾ ਦੇ ਮਰੀਜ਼ਾਂ ਲਈ ਵੱਖਰੇ ਲੇਬਰ ਰੂਮ ਸਥਾਪਤ ਕੀਤੇ : ਬਲਬੀਰ ਸਿੰਘ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

5929 ਗਰਭਵਤੀ ਮਹਿਲਾਵਾਂ ਦੀ ਕੋਵਿਡ ਲਈ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 90 ਪਾਜ਼ੇਟਿਵ

Balbir Singh Sudhu

ਚੰਡੀਗੜ੍ਹ : ਗਰਭਵਤੀ ਮਹਿਲਾਵਾਂ ਵਿਚ ਕੋਵਿਡ-19 ਦੇ ਫ਼ੈਲਣ ਨੂੰ ਰੋਕਣ ਤੋਂ ਯਕੀਨੀ ਬਣਾਉਣ ਲਈ ਸਿਹਤ ਤੇ ਪਰਵਾਰ ਭਲਾਈ ਵਿਭਾਗ ਵਲੋਂ ਪਾਜ਼ੇਟਿਵ ਪਾਏ ਜਾਣ ਵਾਲੀਆਂ ਗਰਭਵਤੀ ਮਹਿਲਾਵਾਂ ਦੇ ਸੁਰੱਖਿਅਤ ਜਣੇਪਿਆਂ ਵਾਸਤੇ ਸਾਰੇ ਜ਼ਿਲ੍ਹਾ ਹਸਪਤਾਲਾਂ ਵਿਚ ਵੱਖਰੇ ਲੇਬਰ ਰੂਪ ਸਥਾਪਤ ਕੀਤੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦÎਸਿਆ ਕਿ ਗਰਭਵਤੀ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਗਰਭ ਅਵਸਥਾ ਦੀ ਤੀਜੀ ਤਿਮਾਹੀ ਦੌਰਾਨ ਕੋਵਿਡ ਟੈਸਟ ਲਾਜ਼ਮੀ ਕੀਤਾ ਗਿਆ ਹੈ ਜਿਸ ਤਹਿਤ ਅਪ੍ਰੈਲ ਮਹੀਨੇ ਤਕ 5929 ਗਰਭਵਤੀ ਮਹਿਲਾਵਾਂ ਦੀ ਕੋਵਿਡ ਲਈ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 90 ਮਹਿਲਾਵਾਂ ਪਾਜ਼ੇਟਿਵ ਪਾਈਆਂ ਗਈਆਂ। ਪਿਛਲੇ ਤਿੰਨ ਮਹੀਨਿਆਂ ਦੌਰਾਨ ਕੀਤੇ ਗਏ 39 ਸਫ਼ਲਤਾਪੂਰਵਕ ਜਣੇਪਿਆਂ ਵਿਚੋਂ 11 ਸਧਾਰਨ ਅਤੇ 28 ਜਣੇਪੇ ਆਪ੍ਰੇਸ਼ਨ ਨਾਲ ਕੀਤੇ ਗਏ।

ਪਟਿਆਲਾ ਜ਼ਿਲ੍ਹੇ ਨੇ ਗਰਭਵਤੀ ਮਹਿਲਾਵਾਂ ਦੇ 1715 ਟੈਸਟ ਕਰਵਾ ਕੇ ਬਿਹਤਰੀਨ ਕਾਰਗੁਜ਼ਾਰੀ ਵਿਖਾਈ ਜਿਨ੍ਹਾਂ ਵਿਚੋਂ 61 ਮਹਿਲਾਵਾਂ ਪਾਜ਼ੇਟਿਵ ਪਾਈਆਂ ਗਈਆਂ। ਉਨ੍ਹਾਂ ਅੱਗੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿਚ ਹੁਣ ਤਕ 16 ਜਣੇਪੇ ਸੁਰੱਖਿਅਤ ਢੰਗ ਨਾਲ ਕੀਤੇ ਗਏ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਖਰੇ ਲੇਬਰ ਰੂਮ ਸਥਾਪਤ ਕਰਨ ਤੋਂ ਇਲਾਵਾ ਸਿਵਲ ਸਰਜਨਾਂ ਨੂੰ ਇਸ ਸਬੰਧੀ ਜਾਰੀ ਕੀਤੇ ਐਸਓਪੀਜ਼ ਅਨੁਸਾਰ ਜ਼ਿਲ੍ਹਾ ਹਸਪਤਾਲਾਂ ਵਿਖੇ ਪ੍ਰਭਾਵਿਤ ਮਰੀਜ਼ਾਂ ਲਈ ਇੱਕ ਸਮਰਪਿਤ ਆਪ੍ਰੇਸ਼ਨ ਥੀਏਟਰ ਸਥਾਪਤ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।