ਪੌਸ਼ਟਿਕ ਮਿਡ-ਡੇਅ ਮੀਲ ਮੁਹਈਆ ਕਰਵਾਉਣ ਲਈ ਸਰਕਾਰ ਵਚਨਬੱਧ : ਸਿੰਗਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੌਸ਼ਟਿਕ ਖ਼ੁਰਾਕ ਲਈ ਲੋੜੀਂਦੇ ਫ਼ੰਡ ਤੇ ਖ਼ੁਰਾਕ ਦੀ ਵੰਡ ਕੀਤੀ

Vijay Inder Singla

ਚੰਡੀਗੜ੍ਹ, 16 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਸਿਖਿਆ ਮੰਤਰੀ ਸ਼੍ਰੀ ਵਿਜੇ ਇੰਦਰ ਸਿੰਗਲਾ ਨੇ ਵੀਰਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਮਿਡ-ਡੇਅ ਮੀਲ ਦਾ ਖਾਣਾ ਲਗਾਤਾਰ ਸਕੂਲਾਂ ਦੇ 15.79 ਲੱਖ ਵਿਦਿਆਰਥੀਆਂ ਨੂੰ ਮੁਹਈਆ ਕਰਵਾ ਰਹੀ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਕੋਵਿਡ-19 ਕਾਰਨ ਭਾਵੇਂ ਇਹ ਯਤਨ ਪ੍ਰਭਾਵਿਤ ਹੋਏ ਪਰ ਅਧਿਆਪਕਾਂ ਦੀ ਸਮਰਪਣ ਭਾਵਨਾ ਤੇ ਸਿਰੜ ਸਦਕਾ ਅਜਿਹੀ ਸੰਕਟਕਾਲੀ ਘੜੀ ਵਿਚ ਵੀ ਇਹ ਸਭ ਸੰਭਵ ਹੋ ਸਕਿਆ। ਸ਼੍ਰੀ ਸਿੰਗਲਾ ਨੇ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਹਾਂਮਾਰੀ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ, ਅਧਿਆਪਕ ਆਨਲਾਈਨ ਕਲਾਸਾਂ ਲੈਣ, ਅਨਾਜਾਂ ਤੋਂ ਇਲਾਵਾ ਕਿਤਾਬਾਂ ਵੰਡਣ ਵਿੱਚ ਸੱਚਮੁੱਚ ਸ਼ਲਾਘਾਯੋਗ ਕੰਮ ਕਰ ਰਹੇ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਅਕਾਦਮਿਕ ਸ਼ੈਸਨ 2020-21 ਦੀ ਪਹਿਲੇ  ਵਿੱਤੀ ਤਿਮਾਹੀ ਲਈ ਵਿਦਿਆਰਥੀਆਂ ਨੂੰ ਸੀਲਬੰਦ ਪੈਕਟਾਂ ਵਿਚ ਚਾਵਲ ਅਤੇ ਕਣਕ ਪਹੁੰਚਾਉਣ ਲਈ ਸਕੂਲਾਂ ਨੂੰ 8262.23 ਮੀਟਿ੍ਰਕ ਟਨ ਖਾਣਾ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੂਜੀ ਤਿਮਾਹੀ ( 20 ਜੁਲਾਈ ਤੋਂ 20 ਸਤੰਬਰ ) ਲਈ, 11,974 ਮੀਟਿ੍ਰਕ ਟਨ ਦੀ ਵੰਡ ਨੂੰ ਮਨਜੂਰੀ ਦਿੱਤੀ ਗਈ ਹੈ ।