ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਹੀਪਾਲ ਗਿੱਲ ਦੀ ਕੈਨੇਡਾ ’ਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਹੀਪਾਲ ਸਿੰਘ ਗਿੱਲ ਵਾਸੀ ਪਿੰਡ ਮੁੱਲਾਂਪੁਰ ਦੀ ਕੈਨੇਡਾ ‘ਚ ਸੰਖੇਪ ਬੀਮਾਰੀ ਪਿੱਛੋਂ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਮਿਲਿਆ।

Photo

ਲੁਧਿਆਣਾ, 16 ਜੁਲਾਈ (ਪਪ) : ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਹੀਪਾਲ ਸਿੰਘ ਗਿੱਲ ਵਾਸੀ ਪਿੰਡ ਮੁੱਲਾਂਪੁਰ ਦੀ ਕੈਨੇਡਾ ‘ਚ ਸੰਖੇਪ ਬੀਮਾਰੀ ਪਿੱਛੋਂ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਮਿਲਿਆ। ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀ ਮਹੀਪਾਲ ਪੰਜਾਬ ਦੇ ਕਬੱਡੀ ਕੱਪਾਂ ‘ਚ ਦੇਵੀ ਦਿਆਲ ਉੱਘੇ ਕੋਚ ਦੀ ਅਕੈਡਮੀ ਕੁੱਬੇ ਵਜੋਂ ਖੇਡਦਾ ਸੀ ਅਤੇ ਹਰ ਖੇਡ ਮੈਦਾਨ ‘ਚ ਉਸ ਦੀ ਝੰਡੀ ਹੁੰਦੀ ਸੀ। ਕੈਨੇਡਾ, ਇੰਗਲੈਂਡ ਤੇ ਹੋਰ ਦੇਸ਼ਾਂ ਵਿਚ ਉਸ ਨੇ ਆਪਣੀ ਖੇਡ ਦਾ ਲੋਹਾ ਮੰਨਵਾਇਆ ਸੀ। ਪਿਛਲੇ ਕੁੱਝ ਦਿਨਾਂ ਤੋਂ ਬੀਮਾਰ ਹੋਣ ਕਾਰਨ ਕੈਨੇਡਾ ‘ਚ ਸਰੀ ਮੈਮੋਰੀਅਲ ਹਸਪਤਾਲ ‘ਚ ਦਾਖਲ ਸੀ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਮੌਤ ਤੋਂ ਹਾਰ ਗਿਆ। ਮ੍ਰਿਤਕ ਮਹੀਪਾਲ ਗਿੱਲ ਮਾਂ-ਪਿਓ ਦਾ ਇਕਲੌਤਾ ਪੁੱਤਰ ਸੀ।

ਰੋਜ਼ੀ ਰੋਟੀ ਕਮਾਉਣ ਗਏ ਡੇਹਰੀਵਾਲ ਦੇ ਨੌਜਵਾਨ ਦੀ ਦੁਬਈ ’ਚ ਮੌਤ
ਬਟਾਲਾ, 16 ਜੁਲਾਈ (ਪਪ) : ਨਜ਼ਦੀਕੀ ਪਿੰਡ ਡੇਹਰੀਵਾਲ ਦਰੋਗਾ ਦੇ ਨੌਜਵਾਨ ਦੀ ਦੁਬਈ ਵਿਚ ਸੜਕ ਹਾਦਸੇ ’ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮ੍ਰਿਤਕ ਗੁਰਪ੍ਰੀਤ ਸਿੰਘ ਉਰਫ ਗੋਪੀ (33) ਦੇ ਪਿਤਾ ਮੇਜਰ ਸਿੰਘ ਅਤੇ ਪਤਨੀ ਰੁਪਿੰਦਰ ਕੌਰ ਨੇ ਦਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਦੁਬਈ ਵਿਚ ਅਪਣਾ ਕਾਰੋਬਾਰ ਕਰ ਰਹੇ ਸਨ ਅਤੇ ਇਕ ਸਾਲ ਪਹਿਲਾਂ ਹੀ ਉਹ ਪਿੰਡੋਂ ਛੁੱਟੀ ਕੱਟ ਕੇ ਵਾਪਸ ਦੁਬਈ ਕੰਮ ਕਰਨ ਲਈ ਗਏ ਸਨ, ਜਿਨ੍ਹਾਂ ਦੀ ਬੀਤੀ ਰਾਤ ਸੜਕ ਹਾਦਸੇ ਵਿਚ ਮੌਤ ਹੋ ਗਈ, ਜਿਸ ਦੀ ਸੂਚਨਾ ਉਨ੍ਹਾਂ ਨੂੰ ਬੀਤੀ ਰਾਤ ਕਰੀਬ 2 ਵਜੇ ਮਿਲੀ।

ਮ੍ਰਿਤਕ ਦੇ ਪਿਤਾ ਮੇਜਰ ਸਿੰਘ ਨੇ ਦਸਿਆ ਕਿ ਉਸ ਦਾ ਵਿਆਹ ਕਰੀਬ 4 ਸਾਲ ਪਹਿਲਾਂ ਰਈਆ ਵਿਖੇ ਹੋਇਆ ਸੀ ਅਤੇ ਉਸ ਦਾ ਡੇਢ ਸਾਲ ਦਾ ਇਕ ਬੱਚਾ ਹੈ। ਉਨ੍ਹਾਂ ਦਾ ਕਮਾਉਣ ਵਾਲਾ ਇਕੋਂ ਇਕ ਸਹਾਰਾ ਗੁਰਪ੍ਰੀਤ ਸੀ। ਇਸ ਸਬੰਧੀ ਮ੍ਰਿਤਕ ਦੇ ਪ੍ਰਵਾਰ ਅਤੇ ਪਿੰਡ ਵਾਸੀਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੇ ਮੁੰਡੇ ਗੁਰਪ੍ਰੀਤ ਸਿੰਘ ਦੀ ਮ੍ਰਿਤਕਦੇਹ ਨੂੰ ਦੁਬਈ ਤੋਂ ਪਿੰਡ ਜਲਦੀ ਪਹੁੰਚਿਆ ਜਾਵੇ ਤਾਂ ਜੋ ਉਨ੍ਹਾਂ ਦੀਆਂ ਅੰਤਮ ਰਸਮਾਂ ਅਦਾ ਕਰ ਸਕਣ।