ਰੋਡ ਕਿਸਾਨ ਸੰਘਰਸ਼ ਕਮੇਟੀ ਮੁੱਖ ਮੰਤਰੀ ਦੀ ਰਿਹਾਇਸ਼ ਨੇੜਿਉਂ ਧਰਨਾ ਚੁਕਣ ਨੂੰ ਲੈ ਕੇ ਦੋਫਾੜ

ਏਜੰਸੀ

ਖ਼ਬਰਾਂ, ਪੰਜਾਬ

ਰੋਡ ਕਿਸਾਨ ਸੰਘਰਸ਼ ਕਮੇਟੀ ਮੁੱਖ ਮੰਤਰੀ ਦੀ ਰਿਹਾਇਸ਼ ਨੇੜਿਉਂ ਧਰਨਾ ਚੁਕਣ ਨੂੰ ਲੈ ਕੇ ਦੋਫਾੜ

image

ਪਟਿਆਲਾ, 16 ਜੁਲਾਈ (ਅਵਤਾਰ ਸਿੰਘ ਗਿੱਲ) : ਕੈ.ਅਮਰਿੰਦਰ ਸਿੰਘ ਦੇ ਮੋਤੀ ਮਹਿਲ ਲਾਗੇ ਵਾਈ.ਪੀ.ਐਸ. ਚੌਂਕ ਵਿਚ ਲੰਮੇ ਸਮੇਂ ਚਲ ਰਹੇ ਰੋਡ ਸੰਘਰਸ਼ ਕਮੇਟੀ ਦੇ ਧਰਨੇ ਨੂੰ ਚੁੱਕੇ ਜਾਣ ਦੇ ਮਾਮਲੇ ’ਤੇ ਅੱਜ ਕਿਸਾਨ ਜਥੇਬੰਦੀਆਂ ਦੇ ਆਗੂ ਆਪ ਵਿੱਚ ਬਹਿਸ ਕੇ ਦੋਫ਼ਾੜ ਹੋ ਗਏ, ਜਿਥੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਜਗਜੀਤ ਸਿੰਘ ਗਲੋਲੀ ਵਲੋਂ ਧਰਨਾ ਚੁੱਕਣ ਦੀ ਗੱਲ ਕਹੀ ਗਈ, ਉਥੇ ਹੀ ਸੰਗਰੂਰ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਡਿੱਕੀ ਜੇਜੀ ਧਰਨਾ ਨਾ ਚੁੱਕਣ ’ਤੇ ਅੜ੍ਹ ਗਏ।
ਦਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਦਖ਼ਲ ਦੇਣ ਤੋਂ ਬਾਅਦ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਤਹਿਸੀਲ ਦੇ ਪਿੰਡਾਂ ਨੂੰ ਮੇਨ ਰੋਡ ਨਾਲ ਲਗਦੇ ਰਕਬੇ ਲਈ ਇਕ ਕਰੋੜ ਅਤੇ ਪਿੰਡਾਂ ਲਈ 58 ਲੱਖ ਮੁਆਵਜ਼ਾ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਵਲੋਂ ਦਿਤੇ ਜਾਣ ਦੀ ਗੱਲ ਕਹੀ, ਜਦੋਂ ਪਟਿਆਲਾ ਦੇ ਕਿਸਾਨ ਮੋਤੀ ਮਹਿਲ ਵਿਚ ਸ੍ਰੀਮਤੀ ਪ੍ਰਨੀਤ ਕੌਰ ਨਾਲ ਮੀਟਿੰਗ ਕਰਨ ਪੁੱਜੇ ਅਤੇ ਉਨ੍ਹਾਂ ਪੰਜਾਬ ਸਰਕਾਰ ਦਾ ਧਨਵਾਦ ਕੀਤਾ ਅਤੇ ਉਥੇ ਹੀ ਧਰਨਾ ਚੁੱਕਣ ਦਾ ਐਲਾਨ ਕਰ ਦਿਤਾ ਪਰ ਜਦੋਂ ਧਰਨੇ ’ਤੇ ਅੱਜ ਦੂਜੇ ਜ਼ਿਲ੍ਹੇ ਦੇ ਕਿਸਾਨ ਨੇਤਾਵਾਂ ਨਾਲ ਧਰਨਾ ਚੁੱਕਣੀ ਸਬੰਧੀ ਰਾਏ ਮਸ਼ਵਰਾ ਸ਼ੁਰੂ ਕੀਤਾ ਤਾਂ ਦੋਵੇਂ ਧੜੇ ਲੰਮੀ ਬਹਿਸਬਾਜ਼ੀ ਤੋਂ ਬਾਅਦ ਦੋਫ਼ਾੜ ਹੁੰਦੇ ਨਜ਼ਰ ਆਏ ਅਤੇ ਦੂਜੇ ਜ਼ਿਲ੍ਹੇ ਦੇ ਕਿਸਾਨਾਂ ਵਲੋਂ ਧਰਨਾ ਚੁੱਕਣ ਤੋਂ ਸਾਫ਼ ਇਨਕਾਰ ਕਰ ਦਿਤਾ ਗਿਆ, ਜਿਸ ਤੋਂ ਬਾਅਦ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਗਲੋਲੀ ਅਤੇ ਉਨ੍ਹਾਂ ਦੇ ਸਾਥੀ ਧਰਨੇ ਤੋਂ ਅਪਣੇ ਟਰੈਕਟਰ-ਟਰਾਲੀ ਅਤੇ ਹੋਰ ਸਾਜੋ ਸਮਾਨ ਲੈ ਕੇ ਰਵਾਨਾ ਹੋ ਗਏ।
ਗੱਲਬਾਤ ਕਰਦਿਆ ਗਲੋਲੀ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ ਜੋ ਉਨ੍ਹਾਂ ਦੀ ਸੁਣਵਾਈ ਹੋਈ ਹੈ, ਉਸਦੇ ਵਿੱਚ ਸ਼੍ਰੀਮਤੀ ਪ੍ਰਨੀਤ ਕੌਰ ਦਾ ਅਹਿਮ ਰੋਲ ਹੈ, ਜਿਸ ਦੇ ਲਈ ਉਹ ਮੋਤੀ ਮਹਿਲ ਵਿੱਚ ਜਾ ਕੇ ਉਨ੍ਹਾਂ ਦਾ ਧੰਨਵਾਦ ਵੀ ਪ੍ਰਗਟ ਕਰਕੇ ਆਏ ਹਨ। ਦੂਜੇ ਪਾਸੇ ਜਦੋਂ ਸੰਗਰੂਰ ਦੇ ਪ੍ਰਧਾਨ ਕਿਸਾਨ ਨੇਤਾ ਹਰਮਨਪ੍ਰੀਤ ਸਿੰਘ ਡਿੱਕੀ ਜੇਜੀ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਟਿਆਲਾ ਜਿਲ੍ਹੇ ਦੇ ਮੁੱਖ ਮੰਤਰੀ ਹੋਣ ਕਾਰਨ ਪਟਿਆਲਾ ਦੀ ਤਾਂ ਸੁਣੀ ਗਈ ਪਰ ਇੰਝ ਜਾਪਦਾ ਹੈ ਜਿਵੇਂ ਮੁੱਖ ਮੰਤਰੀ ਕੇਵਲ ਪਟਿਆਲਾ ਦੇ ਹੀ ਮੁੱਖ ਮੰਤਰੀ ਹੋਣ, ਕਿਉਂਕਿ ਉਨ੍ਹਾਂ ਦੂਜਿਆਂ ਜਿਲ੍ਹਿਆਂ ਨੂੰ ਮੁੱਢੋ ਵਿਸਾਰ ਦਿੱਤਾ ਹੈ ਜੋ ਕਾਬਿਲ ਏ ਬਰਦਾਸ਼ਤ ਨਹੀਂ ਹੈ। ਇਸ ਲਈ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇਂ, ਜਦੋਂ ਤੱਕ ਬਾਕੀ ਰਹਿੰਦੇ ਜਿਲ੍ਹਿਆਂ ਨੂੰ ਬਣਦਾ ਐਵਾਰਡ ਸਰਕਾਰ ਵੱਲੋਂ ਐਲਾਨ ਨਹੀਂ ਕੀਤਾ ਜਾਂਦਾ ਅਤੇ ਅੱਜ ਤੋਂ ਉਹ ਆਪਣਾ ਰੋਸ਼ ਪ੍ਰਦਰਸ਼ਨ ਹੋਰ ਵੀ ਤੇਜ ਕਰਨਗੇਂ ਤਾਂ ਜੋ ਸਰਕਾਰ ਨੂੰ ਇਹ ਗੱਲ ਜਤਾਈ ਜਾਵੇ ਕਿ ਮੁੱਖ ਮੰਤਰੀ ਇਕੱਲੇ ਪਟਿਆਲਾ ਸ਼ਹਿਰ ਦਾ ਨਹੀਂ ਬਲਕਿ ਪੂਰੇ ਸੂਬੇ ਦਾ ਹੁੰਦਾ ਹੈ ਅਤੇ ਅੱਜ ਬਾਕੀ ਸਾਰੇ ਰਹਿੰਦੇ ਜਿਲ੍ਹਿਆਂ ਦੇ ਕਿਸਾਨ ਨੇਤਾਵਾਂ ਦਾ ਇਕੱਠ ਕਰ ਹੰਗਾਮੀ ਮੀਟਿੰਗ ਕਰ ਅਗਲੀ ਰਣਨੀਤੀ ਉਲੀਕੀ ਜਾਵੇਗੀ।
ਦੂਜੇ ਪਾਸੇ ਪ੍ਰਸ਼ਾਸ਼ਨ ਪਟਿਆਲਾ ਵਿੱਚੋਂ ਰੋਡ ਕਿਸਾਨ ਸੰਘਰਸ਼ ਕਮੇਟੀ ਦਾ ਮੁਕੰਮਲ ਧਰਨਾ ਚੁੱਕੇ ਜਾਣ ਨੂੰ ਪ੍ਰਚਾਰ ਰਿਹਾ ਹੈ, ਜਦੋਂ ਕਿ ਸੱਚਾਈ ਕੁੱਝ ਹੋਰ ਹੀ ਹੈ।
ਫੋਟੋ ਨੰ: 16 ਪੀਏਟੀ 29
ਪਟਿਆਲਾ ਇਕਾਈ ਦੇ ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਗਲੋਲੀ ਆਪਣੇ ਸਾਥੀਆਂ ਸਮੇਤ ਸ਼੍ਰੀਮਤੀ ਪ੍ਰਨੀਤ ਕੌਰ ਨਾਲ ਗੱਲਬਾਤ ਕਰਦੇ ਹੋਏ ਨਾਲ ਸੰਗਰੂਰ ਇਕਾਈ ਦੇ ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਡਿੱਕੀ ਜੇਜੀ ਧਰਨੇ ਵਿੱਚ ਹੱਥ ਜੋੜ ਕੇ ਪਟਿਆਲਾ ਇਕਾਈ ਦੇ ਆਗੂਆਂ ਨੂੰ ਵਿਦਾ ਕਰਦੇ ਹੋਏ। ਫੋਟੋ : ਅਜੇ