ਪੰਥਦਰਦੀ ਪੁੱਜੇ ‘ਸਿੱਟ’ ਦੇ ਮੁਖੀ ਐਸਪੀਐਸ ਪਰਮਾਰ ਦੇ ਦੁਆਰ, ਪੁਛਿਆ, ਸੌਦਾ ਸਾਧ ਦਾ ਰਹੱਸ

ਏਜੰਸੀ

ਖ਼ਬਰਾਂ, ਪੰਜਾਬ

ਪੰਥਦਰਦੀ ਪੁੱਜੇ ‘ਸਿੱਟ’ ਦੇ ਮੁਖੀ ਐਸਪੀਐਸ ਪਰਮਾਰ ਦੇ ਦੁਆਰ, ਪੁਛਿਆ, ਸੌਦਾ ਸਾਧ ਦਾ ਰਹੱਸ

image

ਕੋਟਕਪੂਰਾ, 16 ਜੂਨ (ਗੁਰਿੰਦਰ ਸਿੰਘ) : ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਮਾਮਲੇ ’ਚ ਸੌਦਾ ਸਾਧ ਨੂੰ ਚੁੱਪ-ਚਪੀਤੇ ਬਾਹਰ ਕਰਨ ਬਾਰੇ ਚੱਲ ਰਹੀ ਚਰਚਾ ਸਬੰਧੀ ਅੱਜ ਸਿੱਖ ਜਥੇਬੰਦੀ ‘ਦਰਬਾਰ-ਏ-ਖ਼ਾਲਸਾ’ ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ, ਭਾਈ ਹਰਜੀਤ ਸਿੰਘ ਢਪਾਲੀ, ਗੁਰਦਿਆਲ ਸਿੰਘ ਸਲਾਬਤਪੁਰਾ ’ਤੇ ਆਧਾਰਤ ਤਿੰਨ ਮੈਂਬਰੀ ਵਫ਼ਦ ਨੇ ਅੰਮ੍ਰਿਤਸਰ ਵਿਖੇ ਐਸਆਈਟੀ ਦੇ ਦੇ ਮੁਖੀ ਐਸ.ਪੀ.ਐਸ. ਪਰਮਾਰ ਨਾਲ ਉਨ੍ਹਾਂ ਦੀ ਟੀਮ ਵਲੋਂ ਪਿਛਲੀ 9 ਜੁਲਾਈ 2021 ਨੂੰ ਅਦਾਲਤ ’ਚ ਪੇਸ਼ ਕੀਤੇ ਗਏ ਚਲਾਨ ਬਾਰੇ ਮੁਲਾਕਾਤ ਕੀਤੀ। 
ਉਨ੍ਹਾਂ ‘ਸਿੱੱਟ’ ਦੇ ਮੁਖੀ ਸ. ਪਰਮਾਰ ਨੂੰ ਕਿਹਾ ਕਿ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਵਲੋਂ ਮੈਜਿਸਟ੍ਰੇਟ ਅੱਗੇ ਦਿਤੇ ਬਿਆਨਾਂ ਮੁਤਾਬਕ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਚੋਰੀ ਕਰਨ ਵਾਲਾ ਅਪਰਾਧ ਇਨ੍ਹਾਂ ਨੇ ਡੇਰਾ ਮੁਖੀ ਰਾਮ ਰਹੀਮ ਦੇ ਕਹਿਣ ’ਤੇ ਹੀ ਕੀਤਾ ਸੀ, ਇਸ ਸਬੰਧੀ ਪੰਜਾਬ ਅੰਦਰ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਲਈ ਸਿੱਧੇ ਰੂਪ ’ਚ ਡੇਰਾ ਮੁਖੀ ਹੀ ਦੋਸ਼ੀ ਹੈ, ਇਸ ਲਈ ਹੁਣ ਰਾਮ ਰਹੀਮ ਨੂੰ ਵੀ ਪ੍ਰੋਟੈਕਸ਼ਨ ਵਾਰੰਟ ’ਤੇ ਲਿਆ ਕੇ ਪੁੱਛ-ਪੜਤਾਲ ਕੀਤੀ ਜਾਵੇ ਤਾਂ ਹੀ ਇਸ ਸਾਰੇ ਮਾਮਲੇ ਨਾਲ ਇਨਸਾਫ਼ ਹੋਣ ਦੀ ਉਮੀਦ ਬਣਦੀ ਹੈ।
‘ਸਿੱਟ’ ਦੇ ਮੁਖੀ ਸ. ਪਰਮਾਰ ਨੇ ਇਸ ਮਾਮਲੇ ’ਤੇ ਗੱਲ ਕਰਦਿਆਂ ਸਪੱਸ਼ਟ ਕੀਤਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਇਹ ਜਾਂਚ ਬਿਨਾਂ ਕਿਸੇ ਪੱਖਪਾਤ ਅਤੇ ਸਿਆਸੀ ਦਬਾਅ ਤੋਂ ਕਾਨੂੰਨੀ ਬਾਰੀਕੀਆਂ ਅਨੁਸਾਰ ਕਰ ਰਹੇ ਹਾਂ ਤਾਂ ਜੋ ਅਦਾਲਤ ’ਚ ਇਸ ਕੇਸ ਨੂੰ ਮਜ਼ਬੂਤੀ ਨਾਲ ਰਖਿਆ ਜਾ ਸਕੇ। ਸ. ਪਰਮਾਰ ਨੇ ਭਰੋਸਾ ਦਿਤਾ ਕਿ ‘ਸਿੱਟ’ ਵਲੋਂ ਸ਼ੁਰੂ ਕੀਤੀ ਗਈ ਜਾਂਚ ਸਹੀ ਦਿਸ਼ਾ ਵਲ ਜਾ ਰਹੀ ਹੈ ਅਤੇ ਅਸੀ ਜਲਦ ਹੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦੇਵਾਂਗੇ।