ਮੋਗਾ 'ਚ ਮੀਂਹ ਕਾਰਨ ਵਾਪਰਿਆ ਹਾਦਸਾ, ਕੰਧ ਡਿੱਗਣ ਕਾਰਨ 2 ਬੱਚੀਆਂ ਦੀ ਮੌਤ 

ਏਜੰਸੀ

ਖ਼ਬਰਾਂ, ਪੰਜਾਬ

5 ਸਾਲ ਦੀ ਬੱਚੀ ਤੇ ਡੇਢ ਸਾਲ ਦੀ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ

An accident occurred due to rain in Moga, 2 girls died due to wall collapse

 

ਮੋਗਾ : ਮੋਗਾ ਦੇ ਪਿੰਡ ਸੰਧੂਆਂ ਵਾਲਾ ਰੋਡ ਨੂੰ ਜਾਂਦੀ ਸੜਕ ਕਿਨਾਰੇ ਖੇਤਾਂ 'ਚ ਝੌਂਪੜੀ ਬਣਾ ਕੇ ਰਹਿ ਰਹੇ ਇਕ ਪਰਿਵਾਰ ’ਤੇ ਕਹਿਰ ਵਰਸ ਗਿਆ ਹੈ। ਦਰਅਸਲ ਸ਼ਨਿੱਚਰਵਾਰ ਦੇਰ ਰਾਤ ਮੀਂਹ ਤੇ ਤੇਜ਼ ਹਵਾਵਾਂ ਕਾਰਨ ਝੁੱਗੀ 'ਤੇ ਵੱਡੀ ਕੰਧ ਡਿੱਗ ਗਈ। ਇਸ ਦੌਰਾਨ ਝੌਂਪੜੀ ਅੰਦਰ ਸੁੱਤੇ ਹੋਏ ਕਰੀਬ 8 ਵਿਅਕਤੀ ਮਲਬੇ ਹੇਠ ਦੱਬ ਗਏ, ਜਿਨ੍ਹਾਂ 'ਚੋਂ 5 ਸਾਲ ਦੀ ਬੱਚੀ ਤੇ ਡੇਢ ਸਾਲ ਦੀ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਰੌਲਾ ਸੁਣ ਕੇ ਆਸਪਾਸ ਦੇ ਲੋਕਾਂ ਨੇ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।  

ਮੋਗਾ ਦੇ ਸੰਧੂਆਂ ਵਾਲਾ ਰੋਡ 'ਤੇ ਠੇਕੇ 'ਤੇ ਸਬਜ਼ੀ ਵੇਚਣ ਵਾਲੇ ਰਾਜੇਸ਼ ਸ਼ਾਹ ਪੁੱਤਰ ਚੰਦੇਸ਼ਵਰ ਸ਼ਾਹ ਨੇ ਦੱਸਿਆ ਕਿ ਉਹ ਪਿਛਲੇ 3 ਮਹੀਨਿਆਂ ਤੋਂ ਕੁਲਦੀਪ ਸਿੰਘ ਦੀ ਮੋਟਰ ਵਾਲੀ ਜ਼ਮੀਨ ਠੇਕੇ 'ਤੇ ਲੈ ਕੇ ਪਾਲਕ ਤੇ ਹੋਰ ਸਬਜ਼ੀਆਂ ਲਗਾ ਕੇ ਉਹਨਾਂ ਨੂੰ ਵੇਚਣ ਦਾ ਕੰਮ ਕਰ ਰਿਹਾ ਹੈ। ਸ਼ਨਿੱਚਰਵਾਰ ਦੀ ਰਾਤ ਨੂੰ ਉਹ ਆਪਣੇ ਪੂਰੇ ਪਰਿਵਾਰ ਤੇ ਹੋਰ ਲੋਕਾਂ ਨਾਲ ਖੇਤ 'ਚ ਬਣੀ ਝੌਂਪੜੀ 'ਚ ਸੌਂ ਰਿਹਾ ਸੀ ਕਿ ਰਾਤ ਕਰੀਬ 1 ਵਜੇ ਝੌਂਪੜੀ ਦੇ ਪਿੱਛੇ ਬਣੀ ਇਕ ਕੋਠੀ ਦੀ ਕੰਧ ਉਨ੍ਹਾਂ ਦੀ ਝੌਂਪੜੀ 'ਤੇ ਡਿੱਗ ਗਈ

 ਜਿਸ ਕਾਰਨ ਚੀਕ-ਚਿਹਾੜਾ ਮਚ ਗਿਆ। ਰੌਲਾ ਸੁਣ ਕੇ ਆਸਪਾਸ ਦੇ ਲੋਕ ਇਕੱਠੇ ਹੋਏ ਪਰ ਉਦੋਂ ਤਕ ਉਸ ਦੀਆਂ ਦੋਵਾਂ ਬੇਟੀਆਂ ਦੀ ਮੌਤ ਹੋ ਚੁੱਕੀ ਸੀ। ਹਾਦਸੇ ਦੌਰਾਨ ਛੇ ਹੋਰ ਲੋਕ ਵੀ ਜ਼ਖਮੀ ਹੋ ਗਏ। ਥਾਣਾ ਸਿਟੀ ਸਾਊਥ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਲੜਕੀਆਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।