ਹਰੀਸ਼ ਚੌਧਰੀ ਬੋਲੇ - 'ਆਪ' ਬਦਲਾਅ ਨਹੀਂ ਲਿਆ ਸਕੀ ਤਾਂ ਬਦਲਾ ਲੈਣ 'ਤੇ ਉਤਰੀ
ਕਾਂਗਰਸੀਆਂ 'ਤੇ ਕੇਸ ਦਰਜ ਹੋਣ ਨੂੰ ਲੈ ਕੇ ਹਰੀਸ਼ ਚੌਧਰੀ ਦਾ ਬਿਆਨ
ਚੰਡੀਗੜ੍ਹ - ਪੰਜਾਬ 'ਚ ਕਾਂਗਰਸ ਦੇ ਸਾਬਕਾ ਮੰਤਰੀਆਂ 'ਤੇ ਹੋਈ ਕਾਰਵਾਈ ਦੇ ਵਿਰੋਧ 'ਚ ਕਾਂਗਰਸ ਦਾ ਬਿਆਨ ਸਾਹਮਣੇ ਆਇਆ ਹੈ। ਚੰਡੀਗੜ੍ਹ ਵਿਚ ਹੋਈ ਮੀਟਿੰਗ ਵਿਚ ਇਸ ਬਾਰੇ ਸਖ਼ਤ ਇਤਰਾਜ਼ ਜਤਾਇਆ ਗਿਆ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿਚ ਬਦਲਾਅ ਦਾ ਵਾਅਦਾ ਕੀਤਾ ਸੀ। ਜਦੋਂ ਉਹ ਕੋਈ ਬਦਲਾਅ ਨਾ ਲਿਆ ਸਕਿਆ ਤਾਂ ਉਸ ਨੇ ਹੁਣ ਬਦਲਾ ਲੈਣਾ ਸ਼ੁਰੂ ਕਰ ਦਿੱਤਾ। ਕਾਂਗਰਸ ਦੀ ਮੀਟਿੰਗ ਵਿਚ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਵੱਲੋਂ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਦਾ ਵਿਰੋਧ ਵੀ ਪ੍ਰਗਟਾਇਆ ਗਿਆ।
ਹਰੀਸ਼ ਚੌਧਰੀ ਨੇ ਕਿਹਾ ਕਿ ਮੀਟਿੰਗ 'ਚ ਪੰਜਾਬ ਦੇ ਹਾਲਾਤ 'ਤੇ ਚਰਚਾ ਕੀਤੀ ਗਈ। ਲੋਕਾਂ ਨੇ ਬਦਲਾਅ ਲਈ 'ਆਪ' ਦੀ ਸਰਕਾਰ ਬਣਾਈ। ਕਿਸੇ ਵੀ ਦਿਸ਼ਾ ਵਿਚ ਕੋਈ ਬਦਲਾਅ ਨਹੀਂ ਹੈ। ਤੇ ਜਦੋਂ ਹੁਣ ਉਹ ਬਦਲਾਅ ਨਾ ਲਿਆ ਸਕੇ ਤਾਂ ਬਦਲੇ ਦੀ ਰਾਜਨੀਤੀ 'ਤੇ ਉਤਰ ਆਏ ਹਨ। ਦਿੱਲੀ ਵਿਚ ਬੈਠ ਕੇ ਪੰਜਾਬ ਦੀ ਸਰਕਾਰ ਦਿੱਲੀ ਵਾਲੇ ਚਲਾ ਰਹੇ ਹਨ। ਇਹ ਪੰਜਾਬ ਹੈ। ਸੰਗਰੂਰ ਚੋਣ ਨਤੀਜਿਆਂ ਨੇ ਇਨ੍ਹਾਂ ਨੂੰ ਸੁਨੇਹਾ ਦੇ ਦਿੱਤਾ ਹੈ।
ਚੌਧਰੀ ਨੇ ਦੱਸਿਆ ਕਿ ਆਸ਼ੂ ਬੰਗੜ ਅਤੇ ਸੰਗਤ ਸਿੰਘ ਗਿਲਜੀਆਂ ਖਿਲਾਫ਼ ਬਿਨ੍ਹਾਂ ਕਿਸੇ ਸਬੂਤ ਦੇ ਮਾਮਲਾ ਦਰਜ ਕਰ ਲਿਆ ਗਿਆ ਹੈ। ਹਰੀਸ਼ ਚੌਧਰੀ ਨੇ ਸਵਾਲ ਉਠਾਇਆ ਕਿ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ 'ਤੇ ਸਰਕਾਰ ਨੇ ਅਜੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ। ਬਠਿੰਡਾ ਵਿਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ਨਾਲ ਜੋ ਵਾਪਰਿਆ, ਉਹ ਸੋਚ ਤੋਂ ਬਾਹਰ ਹੈ।