ਅੰਮ੍ਰਿਤਸਰ ਵਿਚ NCB ਦਫ਼ਤਰ ਖੋਲ੍ਹਣ 'ਤੇ ਐੱਮਪੀ ਗੁਰਜੀਤ ਔਜਲਾ ਨੇ ਕੀਤਾ ਗ੍ਰਹਿ ਮੰਤਰੀ ਦਾ ਧੰਨਵਾਦ
ਅੰਮ੍ਰਿਤਸਰ ਵਿਖੇ ਆਉਣ ਵਾਲੇ ਨਸ਼ੀਲੇ ਪਦਾਰਥਾਂ ਨੂੰ ਰੋਕਣ ਅਤੇ ਇਸ ਦੀ ਜਾਂਚ ਕਰਨ ਵਿਚ ਇਹ ਬਹੁਤ ਸਹਾਈ ਹੋਵੇਗਾ - ਗੁਰਜੀਤ ਔਜਲਾ
ਅੰਮ੍ਰਿਤਸਰ - ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਨਲਾਈਨ ਅੰਮ੍ਰਿਤਸਰ ਵਿਚ ਨਵੇਂ ਐੱਨਸੀਬੀ ਦਫ਼ਤਰ ਦਾ ਉਦਘਾਟਨ ਕੀਤਾ ਜਿਸ ਤੋਂ ਬਾਅਦ ਅੰਮ੍ਰਿਤਸਰ ਤੋਂ ਐੱਮਪੀ ਗੁਰਜੀਤ ਔਜਲਾ ਨੇ ਗ੍ਰਹਿ ਮੰਤਰੀ ਦਾ ਧੰਨਵਾਦ ਕੀਤਾ ਹੈ। ਉਹਨਾਂ ਨੇ ਟਵੀਟ ਕਰ ਕੇ ਲਿਖਿਆ ਕਿ ''ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਅੰਮ੍ਰਿਤਸਰ ਵਿਚ NCB ਦਾ ਦਫ਼ਤਰ ਖੋਲ੍ਹਣ ਲਈ ਧੰਨਵਾਦ ਕਰਦਾ ਹਾਂ। ਅੰਮ੍ਰਿਤਸਰ ਵਿਖੇ ਆਉਣ ਵਾਲੇ ਨਸ਼ੀਲੇ ਪਦਾਰਥਾਂ ਨੂੰ ਰੋਕਣ ਅਤੇ ਇਸ ਦੀ ਜਾਂਚ ਕਰਨ ਵਿਚ ਇਹ ਬਹੁਤ ਸਹਾਈ ਹੋਵੇਗਾ''
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ 193 ਰੂਲ ਦੇ ਅਧੀਨ ਭਾਰਤ ਸਮੇਤ ਪੰਜਾਬ ’ਚ ਵੱਧ ਰਹੇ ਡਰੱਗ ਤੇ ਨਸ਼ਿਆ ਦਾ ਮੁੱਦਾ ਚੁੱਕਿਆ ਸੀ। ਉਹਨਾਂ ਨੇ ਕਿਹਾ ਕਿ ਏਸ਼ੀਆਂ ਪ੍ਰਾਂਤ ’ਚ ਭਾਰਤ ਇਕ ਅਜਿਹਾ ਦੇਸ਼ ਹੈ ਜਿਸ ਦਾ ਮੁਕਾਬਲਾ ਚੀਨ, ਪਾਕਿਸਤਾਨ ਅਤੇ ਨਾਲ ਲੱਗਦੇ ਹੋਰ ਅਜਿਹੇ ਦੇਸ਼ਾਂ ਨਾਲ ਹੈ ਜੋ ਕਦੇ ਵੀ ਨਹੀਂ ਚਾਹੁੰਣਗੇ ਕਿ ਇੰਟਰਨੈਸ਼ਨਲ ਮੁਕਾਬਲੇ ਭਾਰਤ ਮਜ਼ਬੂਤ ਦੇਸ਼ ਵਜੋਂ ਉਭਰੇ।
ਗੁਰਜੀਤ ਔਜਲਾ ਨੇ ਜੋ ਵੀਡੀਓ ਜਾਰੀ ਕੀਤੀ ਹੈ ਉਸ ਵਿਚ ਗੁਰਜੀਤ ਔਜਲਾ ਨੇ ਜੋ ਬਹੁ ਕਰੋੜੀ ਡਰੱਗ ਰਿਪੋਰਟ ਹੈ ਉਸ ਦਾ ਵੀ ਜ਼ਿਕਰ ਕੀਤਾ ਸੀ ਤੇ ਅਂਮਿਤ ਸ਼ਾਹ ਨੂੰ ਅਪੀਲ ਕੀਤੀ ਸੀ ਕਿ ਇਹ ਰਿਪੋਰਟ ਜਲਦ ਤੋਂ ਜਲਦ ਖੋਲ੍ਹੀ ਜਾਵੇ ਤੇ ਉਸ ਰਿਪੋਰਟ ਵਿਚ ਜਿਨ੍ਹਾਂ ਦੇ ਨਾਮ ਹਨ ਉਹਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇ।