ਜਵਾਨਾਂ ਅਤੇ ਕਿਸਾਨਾਂ ਦੀ ਜਾਣ ਬਚਾਉਣ ਵਾਲੇ ਪਟਵਾਰੀ ਨੂੰ ਕੀਤਾ ਜਾਵੇਗਾ ਸਨਮਾਨਤ

ਏਜੰਸੀ

ਖ਼ਬਰਾਂ, ਪੰਜਾਬ

ਇੰਜਣ ਖਰਾਬ ਹੋਣ 'ਤੇ 5 ਕਿਲੋਮੀਟਰ ਤਕ ਚੱਪੂ ਨਾਲ ਚਲਾਈ ਕਿਸ਼ਤੀ

Punjab News

6 ਜਵਾਨਾਂ ਅਤੇ 6 ਕਿਸਾਨਾਂ ਨੂੰ ਹੜ੍ਹ ਦੇ ਪਾਣੀ 'ਚੋਂ ਕੱਢਿਆ ਸੁਰੱਖਿਅਤ ਬਾਹਰ 
17 ਸਾਲ ਫ਼ੌਜ ਵਿਚ ਵੀ ਸੇਵਾਵਾਂ ਨਿਭਾਅ ਚੁੱਕੇ ਹਨ ਫ਼ਤਹਿ ਸਿੰਘ 

ਪਠਾਨਕੋਟ : ਮੰਜ਼ਿਲ 'ਤੇ ਉਹੀ ਪਹੁੰਚਦੇ ਹਨ, ਜਿਨ੍ਹਾਂ ਦੇ ਸੁਪਨਿਆਂ 'ਚ ਜਾਨ ਹੁੰਦੀ ਹੈ, ਖੰਭਾਂ ਨਾਲ ਨਹੀਂ ਉਡਾਰੀ ਹੌਸਲੇ ਨਾਲ ਭਰੀ ਜਾਂਦੀ ਹੈ... ਪਟਵਾਰੀ ਫ਼ਤਹਿ ਸਿੰਘ ਨੇ ਇਨ੍ਹਾਂ ਸਤਰਾਂ ਨੂੰ ਸੱਚ ਕਰ ਦਿਖਾਇਆ ਹੈ। ਦੇਸ਼ ਖਾਤਰ ਫ਼ੌਜ ਵਿਚ 17 ਸਾਲ ਸੇਵਾਵਾਂ ਨਿਭਾਉਣ ਵਾਲੇ ਫ਼ਤਹਿ ਸਿੰਘ ਅੱਜ ਫੰਗੋਟਾ ਵਿਚ ਬਤੌਰ ਪਟਵਾਰੀ ਸੇਵਾ ਨਿਭਾ ਰਹੇ ਹਨ। 

ਪੰਜਾਬ ਵਿਚ ਆਏ ਹੜ੍ਹ ਵਿਚੋਂ ਲੋਕਾਂ ਦੀ ਸੁਰੱਖਿਆ ਲਈ ਉਹ ਆਪਣਾ ਪੂਰਾ ਯੋਗਦਾਨ ਦੇ ਰਹੇ ਹਨ। ਇਸੇ ਤਹਿਤ ਜਦੋਂ ਹੜ੍ਹ ਵਿਚ ਫਸੇ ਫ਼ੌਜੀ ਜਵਾਨਾਂ ਅਤੇ ਕਿਸਾਨਾਂ ਨੂੰ ਬਚਾਉਣ ਲਈ ਚਲਾਈ ਮੁਹਿੰਮ ਦੌਰਾਨ ਉਨ੍ਹਾਂ ਦੀ ਕਿਸ਼ਤੀ ਦਾ ਇੰਜਣ ਫੇਲ ਹੋ ਗਿਆ ਤਾਂ ਫ਼ਤਹਿ ਸਿੰਘ ਨੇ ਬਚਾਅ ਕਾਰਜ ਰੋਕਣ ਦੀ ਬਜਾਏ ਕਿਸ਼ਤੀ ਦਾ ਇੰਜਣ ਬਾਹਰ ਕੱਢ ਦਿਤਾ ਅਤੇ ਚੱਪੂ ਦੇ ਸਹਾਰੇ ਹੀ ਪਾਣੀ ਵਿਚ ਫਸੇ ਲੋਕਾਂ ਨੂੰ ਬਚਾਉਣ ਨਿਕਲ ਗਏ।

ਇਹ ਵੀ ਪੜ੍ਹੋ: ਭੋਪਾਲ-ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਦੇ ਬੈਟਰੀ ਬਾਕਸ 'ਚ ਲੱਗੀ ਅੱਗ 

ਦੱਸ ਦੇਈਏ ਕਿ ਫ਼ਤਹਿ ਸਿੰਘ 5 ਕਿਲੋਮੀਟਰ ਤਕ ਚੱਪੂ ਨਾਲ ਕਿਸ਼ਤੀ ਚਲਾ ਕੇ ਗਏ ਅਤੇ 6 ਕਿਸਾਨਾਂ ਅਤੇ ਛੇ ਜਵਾਨਾਂ ਨੂੰ ਪਾਣੀ ਵਿਚੋਂ ਸੁਰੱਖਿਅਤ ਲੈ ਕੇ ਆਏ। ਉਨ੍ਹਾਂ ਦੀ ਇਸ ਬੇਮਿਸਾਲ ਬਹਾਦਰੀ ਅਤੇ ਹੌਸਲੇ ਨੂੰ ਦੇਖ ਕੇ ਫੌਜੀਆਂ ਨੇ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ...' ਦੇ ਜੈਕਾਰੇ ਲਗਾ ਕੇ ਫ਼ਤਹਿ ਸਿੰਘ ਨੂੰ ਵਧਾਈ ਦਿਤੀ। ਹੁਣ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਫ਼ਤਹਿ ਸਿੰਘ ਦਾ ਨਾਂਅ ਸਟੇਟ ਐਵਾਰਡ ਲਈ ਭੇਜਿਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਦਸਿਆ ਕਿ ਪਟਵਾਰੀ ਫਤਿਹ ਸਿੰਘ ਨੇ ਅਪਣੀ ਜਾਨ ਖ਼ਤਰੇ ਵਿਚ ਪਾ ਕੇ ਕਿਸਾਨਾਂ ਅਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਬਚਾਇਆ। ਇਸ ਬਹਾਦਰੀ ਲਈ ਉਨ੍ਹਾਂ ਦਾ ਨਾਂਅ ਸਰਕਾਰ ਨੂੰ ਸਟੇਟ ਐਵਾਰਡ ਲਈ ਭੇਜਿਆ ਜਾ ਰਿਹਾ ਹੈ। ਫ਼ਤਹਿ ਸਿੰਘ ਦੀ ਬਹਾਦਰੀ ਬਾਕੀ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ।

ਜਾਣਕਾਰੀ ਅਨੁਸਾਰ ਹੜ੍ਹ ਦੀ ਸਥਿਤੀ ਪੈਦਾ ਹੋਣ 'ਤੇ ਜ਼ਿਲ੍ਹੇ ਦੀ ਬਚਾਅ ਟੀਮ ਨੂੰ 2 ਕਿਸ਼ਤੀਆਂ, 2 ਇੰਜਣ, ਲਾਈਫ ਜੈਕਟਾਂ, ਰੱਸੀਆਂ ਅਤੇ ਟਿਊਬਾਂ ਨਾਲ ਕਠੂਆ ਰਾਹੀਂ ਬਮਿਆਲ ਭੇਜਿਆ ਗਿਆ। ਅਧਿਕਾਰੀਆਂ ਨੂੰ ਫੋਨ ਆਇਆ ਕਿ ਸਰਹੱਦ 'ਤੇ ਜ਼ੈਦਪੁਰ ਨੇੜੇ ਤਾਰ ਤੋਂ ਪਾਰ ਖੁਦਾਈਪੁਰ ਚੌਕੀ 'ਤੇ 6 ਕਿਸਾਨ ਅਤੇ ਕਈ ਬੀ.ਐਸ.ਐਫ਼. ਜਵਾਨ ਫਸੇ ਹੋਏ ਹਨ। ਫ਼ਤਹਿ ਸਿੰਘ ਨੇ ਪਹਿਲਾਂ ਕਿਸਾਨਾਂ ਨੂੰ ਬਚਾਇਆ ਅਤੇ ਫਿਰ ਤਾਰਾਂ ਦੇ ਪਾਰ ਫਸੇ ਜੈਦਪੁਰ ਦੇ ਕਿਸਾਨ ਅਜੀਤ ਸਿੰਘ, ਨਿਰਮਲ ਸਿੰਘ, ਹਰਨਾਮ ਸਿੰਘ ਅਤੇ ਖੁਦਾਈਪੁਰ ਵਾਸੀ ਹਰਭਜਨ ਸਿੰਘ, ਸੁੱਚਾ ਸਿੰਘ ਅਤੇ ਬਲਕਾਰ ਸਿੰਘ ਨੂੰ ਸੁਰੱਖਿਅਤ ਬਾਹਰ ਕੱਢਿਆ।

ਐਸ.ਡੀ.ਐਮ. ਦਫ਼ਤਰ ਦਾ ਇਕ ਹੋਰ ਮੁਲਾਜ਼ਮ ਰਾਹੁਲ ਕੁਮਾਰ ਵੀ ਫ਼ਤਹਿ ਸਿੰਘ ਦੇ ਨਾਲ ਸੀ। ਇਸ ਦੌਰਾਨ ਉਨ੍ਹਾਂ ਵਲੋਂ ਹਥਿਆਰ, ਰਾਤ ​​ਨੂੰ ਦੇਖਣ ਦਾ ਸਾਮਾਨ ਆਦਿ ਵੀ ਬਚਾਇਆ ਗਿਆ। ਫ਼ੌਜ ਵਿਚ 17 ਸਾਲ ਸੇਵਾਵਾਂ ਨਿਭਾਅ ਚੁੱਕੇ ਫ਼ਤਹਿ ਸਿੰਘ ਨੇ ਦਸਿਆ ਕਿ ਉਸ ਨੇ ਤੈਰਾਕੀ ਦੀ ਸਿਖਲਾਈ ਹਾਸਲ ਕੀਤੀ ਹੈ।